ਕਾਸ਼, ਤੋਮਰ ਤੇ ਕੇਜਰੀਵਾਲ ਵਰਗੇ ਹੁੰਦੇ ਸਾਡੇ ਦੇਸ਼ ਦੇ ਸਾਰੇ ਲੀਡਰ !!! (ਵਿਅੰਗ)

Last Updated: Nov 08 2019 14:32
Reading time: 2 mins, 15 secs

ਅਲੋਚਕਾਂ ਅਨੁਸਾਰ, ਇਹ ਇੱਕ ਵਿਡੰਬਣਾ ਹੈ ਕਿ, ਸਾਡੇ ਦੇਸ਼ ਦੇ ਬਹੁਤੇ ਸਿਆਸੀ ਲੀਡਰ ਦੇਸ਼ ਦੀ ਅਵਾਮ ਨੂੰ ਸਿਰਫ਼ ਉਦੋਂ ਤੱਕ ਹੀ ਇਨਸਾਨ ਸਮਝਦੇ ਹਨ ਜਦੋਂ ਤੱਕ ਕਿ, ਉਹ ਸਿਆਸੀ ਲੀਡਰ, ਸੱਤਾ ਵਿੱਚ ਨਹੀਂ ਹੁੰਦੇ। ਇਹ ਇੱਕ ਕੌੜੀ ਸੱਚਾਈ ਹੈ ਕਿ, ਸੱਤਾ ਤੇ ਕਾਬਜ਼ ਹੁੰਦਿਆਂ ਹੀ ਬਹੁਤੇ ਸਿਆਸੀ ਲੀਡਰ ਆਮ ਇਨਸਾਨਾਂ ਨੂੰ ਕੀੜੇ-ਮਕੌੜੇ ਸਮਝਣ ਲੱਗ ਪੈਂਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ, ਜਿਹੜੇ ਲੀਡਰ ਵੋਟਾਂ ਲਈ ਲੋਕਾਂ ਮੂਹਰੇ ਝੋਲੀਆਂ ਅੱਡਦੇ ਫਿਰਦੇ ਹਨ, ਉਨ੍ਹਾਂ ਨੂੰ ਜੱਫੀਆਂ ਪਾਉਂਦੇ ਹਨ, ਉਨ੍ਹਾਂ ਦੇ ਗੋਡੇ ਫੜਦੇ ਹਨ, ਸੱਤਾ ਹਾਸਲ ਹੁੰਦਿਆਂ ਹੀ ਉਨ੍ਹਾਂ ਨੂੰ ਆਮ ਲੋਕਾਂ ਕੋਲੋਂ ਮੁਸ਼ਕ ਆਉਣ ਲੱਗ ਪੈਂਦੀ ਹੈ, ਮਿਲਣਾ ਤਾਂ ਬੜੇ ਦੂਰ ਦੀ ਗੱਲ, ਉਹ ਆਮ ਲੋਕਾਂ ਦੀ ਸ਼ਕਲ ਤੱਕ ਵੇਖਣਾ ਪਸੰਦ ਨਹੀਂ ਕਰਦੇ।

ਲੰਘੇ ਦਿਨ ਹੀ ਮੱਧ ਪ੍ਰਦੇਸ਼ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਪ੍ਰਦੁਮਣ ਸਿੰਘ ਤੋਮਰ ਦੀ, ਗਵਾਲੀਅਰ ਦੇ ਬਿਰਲਾ ਸ਼ਹਿਰ ਵਿੱਚ ਆਪਣੇ ਹੱਥੀਂ ਗੰਦਾ ਨਾਲਾ ਸਾਫ਼ ਕਰਨ ਦੀ ਫ਼ੋਟੋ ਕੁਝ ਅਖ਼ਬਾਰਾਂ, ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ਦੀ ਸੁਰਖ਼ੀ ਬਣੀ। ਕੁਝ ਲੋਕਾਂ ਨੇ ਤੋਮਰ ਦੀਆਂ ਸਿਫ਼ਤਾਂ ਦੇ ਪੁਲ ਬੰਨੇ ਅਤੇ ਕੁਝ ਨੇ ਇਸ ਨੂੰ ਮੀਡੀਆ ਦੀਆਂ ਸੁਰਖ਼ੀਆਂ ਬਟੋਰਨ ਦਾ ਸਟੰਟ ਦੱਸਿਆ। 

ਦੋਸਤੋ, ਕੇਵਲ ਸਿਆਸੀ ਲੋਕਾਂ ਹੀ ਨਹੀਂ ਬਲਕਿ ਸਾਡੇ ਦੇਸ਼ ਦੀ ਆਮ ਲੋਕਾਂ ਦੀ ਸੋਚ ਹੀ ਕੁਝ ਅਜਿਹੀ ਬਣ ਗਈ ਹੈ, ਜੇਕਰ ਕੋਈ ਲੀਡਰ ਜਨਤਾ ਦੇ ਹੱਕਾਂ ਦੀ ਗੱਲ ਕਰਦਾ ਹੈ, ਉਨ੍ਹਾਂ ਲਈ ਕੁਝ ਵਧੀਆ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਨੂੰ ਪਬਲਿਸਿਟੀ ਸਟੰਟ ਦਾ ਨਾਮ ਦੇ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ, ਕੁਝ ਨਾ ਕਰਨ ਵਾਲਿਆਂ ਨੂੰ ਬਦਨਾਮ ਕਰਨਾ ਹੀ ਹੋਇਆ। 

ਅਲੋਚਕਾਂ ਦਾ ਮੰਨਣੈ ਕਿ, ਕੁਝ ਅਜਿਹਾ ਹੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਵੀ ਹੋ ਰਿਹਾ ਹੈ ਅੱਜ-ਕੱਲ੍ਹ। ਬਿਨਾਂ ਸ਼ੱਕ ਕੇਜਰੀਵਾਲ ਨੇ ਦਿੱਲੀ ਵਿੱਚ ਉਹ ਕਰ ਵਿਖਾਇਆ ਹੈ, ਜਿਹੜਾ ਦੇਸ਼ ਦੀ ਅਜ਼ਾਦੀ ਦੇ ਬਾਅਦ ਕਦੇ ਵੀ ਨਹੀਂ ਸੀ ਹੋਇਆ, ਪਰ ਬਾਵਜੂਦ ਇਸਦੇ ਉਹ ਅੱਜ ਵੀ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਰਹਿੰਦੇ ਹਨ। ਅਲੋਚਕਾਂ ਅਨੁਸਾਰ, ਵਿਰੋਧੀ ਧਿਰਾਂ ਹੱਥ ਧੋ ਕੇ ਉਨ੍ਹਾਂ ਦੇ ਮਗਰ ਪਈਆਂ ਹੋਈਆਂ ਹਨ, ਉਨ੍ਹਾਂ ਵੱਲੋਂ ਕੀਤੇ ਜਾ ਰਹੇ ਲੋਕ ਹਿੱਤੀ ਕੰਮਾਂ ਦੇ ਰਾਹ ਵਿੱਚ ਕੰਡੇ ਵਿਛਾਏ ਜਾ ਰਹੇ ਹਨ। 

ਕਾਬਿਲ-ਏ-ਗੌਰ ਹੈ ਕਿ, ਲੰਘੇ ਦਿਨ ਹੀ ਜਦੋਂ, ਗਵਾਲੀਅਰ ਨਗਰ ਨਿਗਮ ਦੇ ਕਰਮਚਾਰੀਆਂ ਨੇ ਸ਼ਹਿਰ ਦੇ ਬਿਰਲਾ ਨਗਰ ਖੇਤਰ ਦੀ ਸਫ਼ਾਈ ਨਹੀਂ ਕੀਤੀ ਤਾਂ ਮੱਧ ਪ੍ਰਦੇਸ਼ ਦੇ ਖ਼ੁਰਾਕ ਸਿਵਲ ਸਪਲਾਈ ਮੰਤਰੀ ਪ੍ਰਦੁਮਣ ਸਿੰਘ ਤੋਮਰ ਖ਼ੁਦ ਗੰਦੇ ਪਾਣੀ ਨਾਲ ਭਰੇ ਨਾਲੇ ਵਿੱਚ ਉਤਰ ਗਏ। 

ਦੋਸਤੋ, ਖ਼ਬਰਾਂ ਹਨ ਕਿ, ਤੋਮਰ ਨੇ ਬਿਨਾਂ ਕਿਸੇ ਦਸਤਾਨਿਆਂ ਤੋਂ ਘੰਟਿਆਂ ਬੱਧੀ ਨਾਲੇ ਦੀ ਸਫ਼ਾਈ ਕੀਤੀ। ਤੋਮਰ ਦੇ ਇਸ ਕਦਮ ਦੇ ਬਾਅਦ ਕੀ ਕੁਝ ਹੋਇਆ? ਉਦੋਂ ਤੋਂ ਨਿਗਮ ਨੇ ਕਿਸ ਨੂੰ ਮੁਅੱਤਲ ਕੀਤਾ ਤੇ ਕਿਸ-ਕਿਸ ਦੀ ਜਵਾਬ ਤਲਬੀ ਕੀਤੀ? ਇਹਨਾਂ ਸਵਾਲਾਂ ਦੇ ਜਵਾਬ ਤੁਹਾਨੂੰ ਹੋਰਨਾਂ ਅਖ਼ਬਾਰਾਂ ਵਿੱਚ ਮਿਲ ਜਾਣਗੇ ਪਰ, ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ, ਜੇਕਰ ਸਾਡੇ ਦੇਸ਼ ਦੇ ਸਾਰੇ ਲੀਡਰ ਤੋਮਰ ਤੇ ਕੇਜਰੀਵਾਲ ਵਰਗੇ ਬਣ ਜਾਣ ਤਾਂ ਬਿਨਾਂ ਸ਼ੱਕ ਸਾਡਾ ਦੇਸ਼ ਧਰਤੀ ਤੇ ਸਵਰਗ ਬਣ ਜਾਵੇਗਾ ਪਰ, ਕਾਸ਼ ਅਜਿਹਾ ਸੰਭਵ ਹੁੰਦਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।