ਆਖ਼ਰ ਪੱਧਰਾ ਹੋ ਹੀ ਗਿਆ ਸ਼ਰਾਬ ਫ਼ੈਕਟਰੀ ਦੇ ਬੰਦ ਹੋਣ ਦਾ ਰਾਹ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 08 2019 14:30
Reading time: 1 min, 30 secs

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਬਾਅਦ ਆਖ਼ਰ, ਜ਼ਿਲ੍ਹਾ ਪਟਿਆਲਾ ਦੇ ਪਾਤੜਾਂ ਸ਼ਹਿਰ ਵਿੱਚ ਲੱਗੀ ਹੋਈ ਸ਼ਰਾਬ ਫ਼ੈਕਟਰੀ ਦੇ ਬੰਦ ਹੋਣ ਦਾ ਰਾਹ ਪੱਧਰਾ ਹੋ ਹੀ ਗਿਆ। ਅਜਿਹਾ ਨਹੀਂ ਹੈ ਕਿ, ਸ਼ਰਾਬ ਦੀ ਇਹ ਫ਼ੈਕਟਰੀ ਆਸਾਨੀ ਦੇ ਨਾਲ ਬੰਦ ਹੋਣ ਜਾ ਰਹੀ ਹੈ, ਬਲਕਿ ਇਸ ਫ਼ੈਕਟਰੀ ਨੂੰ ਬਚਾਉਣ ਲਈ ਪੰਜਾਬ ਦੀਆਂ ਕਈ ਸਿਆਸੀ ਤਾਕਤਾਂ ਨੇ ਆਪਣਾ ਅੱਡੀ ਚੋਟੀ ਦਾ ਜ਼ੋਰ ਲਗਾ ਰੱਖ਼ਿਆ ਸੀ।

ਇਲਾਕਾ ਨਿਵਾਸੀਆਂ ਦੇ ਭਾਰੀ ਵਿਰੋਧ ਦੇ ਬਾਵਜੂਦ ਵੀ, ਪੰਜਾਬ ਸਰਕਾਰ ਨੇ ਫ਼ੈਕਟਰੀ ਲਈ ਬਿਜਲੀ ਪਾਣੀ ਦਾ ਕੁਨੈਕਸ਼ਨ, ਜਦਕਿ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਐੱਨ.ਓ.ਸੀ. ਜਾਰੀ ਕਰ ਦਿੱਤੀ ਸੀ। ਬਾਵਜੂਦ ਵੀ ਇਲਾਕਾ ਨਿਵਾਸੀਆਂ ਨੇ ਹਿੰਮਤ ਨਹੀਂ ਹਾਰੀ ਅਤੇ ਉਨ੍ਹਾਂ ਨੇ ਇਸ ਫ਼ੈਕਟਰੀ ਨੂੰ ਬੰਦ ਕਰਵਾਉਣ ਨੂੰ ਇੱਕ ਤਰ੍ਹਾਂ ਨਾਲ ਆਪਣਾ ਨਿਸ਼ਾਨਾ ਬਣਾ ਲਿਆ, ਜਿਸਦੇ ਵਾਸਤੇ ਬਕਾਇਦਾ ਤੌਰ ਤੇ ਇੱਕ ਸੰਘਰਸ਼ ਕਮੇਟੀ ਵੀ ਬਣਾ ਲਈ ਗਈ।

ਕਈ ਸਾਲਾਂ ਦੀ ਲੰਬੀ ਲੜਾਈ ਦੇ ਬਾਅਦ ਆਖ਼ਰ, ਸਾਰੇ ਮਾਮਲੇ ਦੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਜਾਂਚ ਕੀਤੀ। ਟ੍ਰਿਬਿਊਨਲ ਨੇ ਬਕਾਇਦਾ ਤੌਰ ਤੇ ਇੱਕ ਜਾਂਚ ਟੀਮ ਨੂੰ ਪਾਤੜਾਂ ਭੇਜਿਆ। ਜਿਸਦੇ ਬਾਅਦ ਫ਼ੈਕਟਰੀ ਨੂੰ 1 ਕਰੋੜ ਰੁਪਏ ਜੁਰਮਾਨਾ ਲਗਾਇਆ ਗਿਆ ਅਤੇ ਨਾਲ ਹੀ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ, ਉਹ ਸ਼ਰਾਬ ਫ਼ੈਕਟਰੀ ਨੂੰ ਦਿੱਤਾ ਗਿਆ ਬਿਜਲੀ ਕੁਨੈਕਸ਼ਨ ਤੁਰੰਤ ਪ੍ਰਭਾਵ ਨਾਲ ਕੱਟੇ ਅਤੇ ਸਾਰੇ ਮਾਮਲੇ ਦੀ 21 ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਭੇਜੇ।

ਕਾਬਿਲ-ਏ-ਗੌਰ ਹੈ ਕਿ, ਪਾਤੜਾਂ ਦੀ ਸ਼ਰਾਬ ਦੀ ਫ਼ੈਕਟਰੀ ਰਿਹਾਇਸ਼ੀ ਇਲਾਕੇ ਵਿੱਚ ਘਿਰੀ ਹੋਈ ਹੈ। ਇਸਦੇ ਆਸ-ਪਾਸ ਦਰਜਨਾਂ ਹੀ ਪਿੰਡ ਹਨ, ਜਿਨ੍ਹਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਸੀ ਫ਼ੈਕਟਰੀ ਦੇ ਪ੍ਰਦੂਸ਼ਣ ਦੇ ਕਾਰਨ। ਲੋਕ ਤਰ੍ਹਾਂ-ਤਰ੍ਹਾਂ ਦੀ ਮਾਰੂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਸਨ, ਪਰ ਬਾਵਜੂਦ ਇਸਦੇ ਇਹ ਫੈਕਟਰੀ ਕਈ ਸਾਲ ਤੱਕ ਇੰਝ ਹੀ ਚੱਲਦੀ ਰਹੀ। ਆਖ਼ਰ ਹੁਣ ਇਸਦੇ ਬੰਦ ਹੋਣ ਦਾ ਰਾਹ ਪੱਧਰਾ ਹੋਇਆ ਹੈ ਉਹ ਵੀ ਗ੍ਰੀਨ ਟ੍ਰਿਬਿਊਨਲ ਦੀ ਦਖ਼ਲਅੰਦਾਜ਼ੀ ਦੇ ਬਾਅਦ, ਵਰਨਾਂ ਪੰਜਾਬ ਦੇ ਕਈ ਲੀਡਰਾਂ ਨੇ ਤਾਂ ਇਸ ਨੂੰ ਬਚਾਉਣ ਲਈ ਆਪਣੀ ਪੂਰੀ ਵਾਹ ਲਗਾ ਰੱਖ਼ੀ ਸੀ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।