'ਸਿੱਧੂ' ਲਈ ਪਾਕਿਸਤਾਨ ਵਿੱਚ ਠੁੱਕੇਗੀ ਤਾਲੀ!

Last Updated: Nov 08 2019 12:42
Reading time: 2 mins, 32 secs

ਸਾਬਕਾ ਕੈਬਨਿਟ ਮੰਤਰੀ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਸੂਤਰਧਾਰ ਮੰਨੇ ਜਾਂਦੇ ਨਵਜੋਤ ਸਿੰਘ ਹੁਣ ਪਾਕਿਸਤਾਨ ਵਿਖੇ ਲਾਂਘੇ ਦੇ ਉਦਘਾਟਨ ਦੇ ਸਮਾਗਮ ਵਿੱਚ ਸ਼ਾਮਲ ਹੋ ਸਕਣਗੇ ਜਿਸ ਲਈ ਕੇਂਦਰ ਦੇ ਵਿਦੇਸ਼ ਮੰਤਰਾਲੇ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ। ਪਹਿਲਾਂ ਚਰਚਾਵਾਂ ਸਨ ਕਿ ਸ਼ਾਇਦ ਇਸ ਵਾਰ ਸਿੱਧੂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਮਿਲੇਗੀ ਪਰ ਕੇਂਦਰ ਸਰਕਾਰ ਵੱਲੋਂ ਸਿੱਧੂ ਨੂੰ ਸ਼ਰਤਾਂ ਤਹਿਤ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਜਿਸ ਨਾਲ ਸਿੱਧੂ ਹਮਾਇਤੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਸਿੱਧੂ ਦੇ ਹੱਕ ਵਿੱਚ ਪੋਸਟਾਂ ਪਾਈਆਂ ਜਾ ਰਹੀਆਂ ਹਨ।

ਸਿੱਧੂ ਦਾ ਯੋਗਦਾਨ: ਜੇਕਰ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕਰੀਏ ਤਾਂ ਸਿੱਧੂ ਦੇ ਯੋਗਦਾਨ ਨੂੰ ਕੋਈ ਵੀ ਅਣਗੌਲਿਆ ਨਹੀਂ ਕਰ ਸਕਦਾ। ਹਾਂ ਸਿਆਸੀ ਰੰਜਿਸ਼ ਤਹਿਤ ਜਾਂ ਮਤਭੇਦਾਂ ਦੇ ਚਲਦਿਆਂ ਸਿੱਧੂ ਨੂੰ ਇਸ ਦਾ ਸਿਹਰਾ ਦੇਣ ਅਤੇ ਸਮਾਗਮ ਤੋਂ ਲਾਂਭੇ ਤਾਂ ਰੱਖਿਆ ਜਾ ਸਕਦਾ ਹੈ ਪਰ ਲੋਕਾਂ ਦੇ ਦਿਲਾਂ ਵਿੱਚੋਂ ਸਿੱਧੂ ਨੂੰ ਕੱਢਣਾ ਸਿਆਸੀ ਵਿਰੋਧੀਆਂ ਲਈ ਨਾ ਮੁਮਕਿਨ ਹੀ ਹੈ।

ਮੁੱਖ ਮੰਤਰੀ ਕੈਪਟਨ ਨਾਲ ਮਤਭੇਦ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਤਭੇਦਾਂ ਦੇ ਚਲਦਿਆਂ ਹੀ ਸਿੱਧੂ ਇਸ ਵਾਰ ਭਲਕੇ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਖੁੱਲਣ ਮੌਕੇ ਜਾਣ ਵਾਲੇ ਵਫ਼ਦ ਦਾ ਹਿੱਸਾ ਨਹੀਂ ਸਨ ਬਣੇ ਜਿਸ ਸਬੰਧੀ ਮੁੱਖ ਮੰਤਰੀ ਕੈਪਟਨ ਸਿੰਘ ਨੇ ਵੀ ਸਪਸ਼ਟ ਕੀਤਾ ਸੀ।

ਪਾਕਿਸਤਾਨ ਤੋਂ ਆਇਆ ਸੱਦਾ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਵਿੱਚ ਸਿਰਫ ਇੱਕ ਹੀ ਸੱਦਾ ਭੇਜਿਆ ਹੈ ਤੇ ਉਹ ਨਵਜੋਤ ਸਿੰਘ ਸਿੱਧੂ ਨੂੰ। ਕਰਤਾਰਪੁਰ ਲਾਂਘੇ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਵੱਲੋਂ ਸਿੱਧੂ ਨੂੰ ਆਪਣਾ ਮਹਿਮਾਨ ਬਣਾਇਆ ਜਾਣਾ ਹੈ ਜਿਸ ਲਈ ਬਕਾਇਦਾ ਸਰਕਾਰੀ ਤੌਰ ਤੇ ਸੱਦਾ ਪੱਤਰ ਵੀ ਭੇਜਿਆ ਗਿਆ ਸੀ।

ਸਿੱਧੂ ਨੇ ਮੰਗੀ ਸੀ ਇਜਾਜ਼ਤ: ਪਾਕਿਸਤਾਨ ਤੋਂ ਸੱਦਾ ਮਿਲਣ ਤੋਂ ਬਾਅਦ ਸਿੱਧੂ ਨੇ ਕਰਤਾਰਪੁਰ ਲਾਂਘੇ ਰਾਹੀਂ ਹੀ ਪਾਕਿਸਤਾਨ ਜਾਣ ਦੀ ਇਜਾਜਤ ਕੇਂਦਰੀ ਵਿਦੇਸ਼ ਮੰਤਰਾਲੇ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗੀ ਸੀ ਜਿਸ ਦੀ ਇਜਾਜ਼ਤ ਪਹਿਲਾਂ ਤਾਂ ਨਹੀਂ ਸੀ ਮਿਲ ਰਹੀ ਪਰ ਬਾਅਦ ਵਿੱਚ ਇਹ ਮਾਮਲਾ ਮੀਡੀਆ ਦੀਆਂ ਸੁਰਖੀਆਂ ਵਿੱਚ ਆਉਣ ਕਰਕੇ ਹੀ ਸ਼ਾਇਦ ਹੁਣ ਇਸ ਦੀ ਇਜਾਜਤ ਸਿੱਧੂ ਨੂੰ ਮਿਲ ਗਈ ਹੈ ਤੇ ਉਹ ਕਰਤਾਰਪੁਰ ਲਾਂਘੇ ਰਾਹੀ ਹੀ ਪਾਕਿਸਤਾਨ ਜਾਣਗੇ ਅਤੇ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼ਾਮ ਨੂੰ ਦੇਸ਼ ਪਰਤ ਆਉਣਗੇ।

ਪਾਕਿਸਤਾਨੀ ਕਰਦੇ ਹਨ ਸਿੱਧੂ ਦਾ ਸਤਿਕਾਰ: ਆਪਣੇ ਦੇਸ਼ ਵਿੱਚ ਜਿੱਥੇ ਸਿੱਧੂ ਨੂੰ ਰਾਜਨੀਤਕ ਕਾਰਨਾਂ ਕਰਕੇ ਚੰਗਾ ਨਹੀਂ ਸਮਝਿਆ ਜਾ ਰਿਹਾ ਤੇ ਵੱਖ-ਵੱਖ ਸਿਆਸੀ ਪਾਰਟੀਆਂ ਹਰ ਵੇਲੇ ਸਿੱਧੂ ਦੀ ਭੰਡੀ ਕਰਦੀਆਂ ਰਹਿੰਦੀਆਂ ਹਨ ਪਰ ਇਸ ਦੇ ਉਲਟ ਪਾਕਿਸਤਾਨ ਵਿੱਚ ਸਿੱਧੂ ਨੂੰ ਬਹੁਤ ਜ਼ਿਆਦਾ ਸਤਿਕਾਰ ਦਿੱਤਾ ਜਾਂਦਾ ਹੈ ਸ਼ਾਇਦ ਇਸੇ ਕਰਕੇ ਹੀ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਵੀ ਸਿੱਧੂ ਦੀਆਂ ਸਿਫਤਾਂ ਦੇ ਪੁੱਲ ਬੰਨੇ ਸਨ।

ਪਾਕਿਸਤਾਨ ਵਿੱਚ ਸਿੱਧੂ ਲਈ ਠੁੱਕੇਗੀ ਤਾਲੀ: ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਵੇਂ ਕਿ ਆਪਣੇ ਦੇਸ਼ ਵਿੱਚ ਸਿੱਧੂ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੋ ਰਹੀ ਹੈ ਪਰ ਪਾਕਿਸਤਾਨ ਵਿੱਚ ਸਮਾਗਮਾਂ ਵਿੱਚ ਉਚੇਚੇ ਤੌਰ ਤੇ ਸ਼ਾਮਲ ਹੋਣ ਲਈ ਜਾ ਰਹੇ ਸਿੱਧੂ ਲਈ ਉੱਥੋਂ ਦੇ ਲੋਕ ਤਾਲੀ ਜ਼ਰੂਰ ਠੋਕਣ ਜਾ ਰਹੇ ਹਨ। ਟੀ.ਵੀ ਚੈਨਲਾਂ ਤੇ ਪਾਕਿਸਤਾਨੀ ਆਵਾਮ ਵੱਲੋਂ ਦਿੱਤੀ ਜਾ ਰਹੀ ਇੰਟਰਵਿਊ ਅਤੇ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਸਿੱਧੂ ਦੇ ਹੱਕ ਵਿੱਚ ਲੋਕਾਂ ਵੱਲੋਂ ਪੋਸਟਾਂ ਪਾਈਆਂ ਜਾ ਰਹੀਆਂ ਹਨ ਉਨ੍ਹਾਂ ਤੋਂ ਸਪਸ਼ਟ ਹੁੰਦਾ ਹੈ ਕਿ ਸਿੱਧੂ ਦੀ ਮਕਬੂਲੀਅਤ ਪਾਕਿਸਤਾਨ ਵਿੱਚ ਵੀ ਲੋਕਾਂ ਦੇ ਸਿਰ ਚੜ ਕੇ ਬੋਲਦੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।