ਕੀ ਮੋਰਚਿਆਂ 'ਚ ਬਹਿ ਕੇ ''ਪਬ ਜੀ'' ਖੇਡ ਰਹੀਆਂ ਸਨ, ਸਾਡੀਆਂ ਫ਼ੌਜਾਂ ਜਦੋਂ, ਆਏ ਸਨ ਡ੍ਰੋਨ? (ਵਿਅੰਗ)

Last Updated: Oct 09 2019 19:15
Reading time: 1 min, 53 secs

ਭਾਰਤ ਪਾਕਿਸਤਾਨ ਸਰਹੱਦ ਤੇ ਲੱਖਾਂ ਦੀ ਗਿਣਤੀ ਵਿੱਚ ਫ਼ੌਜ ਅਤੇ ਪੈਰਾ ਮਿਲਟਰੀ ਦੇ ਜਵਾਨ ਤਾਇਨਾਤ ਹਨ, ਉਹ ਵੀ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ। ਲਗਭਗ ਸਾਰੀ ਸਰਹੱਦ ਤੇ ਕੰਡਿਆਲੀ ਤਾਰ ਲੱਗੀ ਹੋਈ ਹੈ, ਦਿਨ ਰਾਤ, 24 ਘੰਟੇ ਜ਼ਮੀਨ ਅਤੇ ਹਵਾਈ ਮਾਰਗਾਂ ਰਾਹੀਂ ਦੇਸ਼ ਦੀ ਸਰਹੱਦਾਂ ਦੀ ਰਖਵਾਲੀ ਕੀਤੀ ਜਾਂਦੀ ਹੈ। ਇਸ ਸਭ ਦੇ ਬਾਵਜੂਦ ਰੋਜ਼ਾਨਾ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ, ਪਾਕਿਸਤਾਨੀ ਅੱਤਵਾਦੀ ਆ ਗਏ।

ਆਲੋਚਕਾਂ ਅਨੁਸਾਰ, ਖ਼ੁਫ਼ੀਆ ਏਜੰਸੀਆਂ ਵੀ ਅਕਸਰ ਹੀ ਸਮੇਂ ਸਮੇਂ ਤੇ, ਅੱਤਵਾਦੀ ਹਮਲਿਆਂ ਸੰਬੰਧੀ ਅਗਾਊਂ ਸੂਚਨਾਵਾਂ ਦੇ ਕੇ ਸੁਰੱਖਿਆ ਏਜੰਸੀਆਂ ਲਈ ਅਲਰਟ ਜਾਰੀ ਕਰਦੀਆਂ ਰਹਿੰਦੀਆਂ ਹਨ। ਹਰ ਵਾਰ ਉਨ੍ਹਾਂ ਦੀਆਂ ਸੂਚਨਾਵਾਂ ਗ਼ਲਤ ਸਾਬਤ ਨਹੀਂ ਹੁੰਦੀਆਂ, ਸਹੀ ਤੇ ਸੱਚੀਆਂ ਵੀ ਸਾਬਤ ਹੋ ਜਾਂਦੀਆਂ ਹਨ। ਅੱਤਵਾਦੀ, ਆਪਣੀਆਂ ਨਾ-ਪਾਕ ਕਾਰਵਾਈਆਂ ਨੂੰ ਅੰਜਾਮ ਦੇਣ ਵਿੱਚ ਕਾਮਯਾਬ ਹੋ ਜਾਂਦੇ ਹਨ। ਪਿਛਲੇ ਸਮੇਂ ਦੇ ਦੌਰਾਨ, ਸਾਡੀਆਂ ਸਰਹੱਦਾਂ ਤੇ ਤਾਇਨਾਤ ਸੈਂਕੜੇ ਹੀ ਫ਼ੌਜੀ ਅਤੇ ਸਿਵਲੀਅਨ ਅੱਤਵਾਦੀ ਹਮਲਿਆਂ ਵਿੱਚ ਸ਼ਹਾਦਤਾਂ ਪਾ ਚੁੱਕੇ ਹਨ।

ਦੋਸਤੋ, ਪਿਛਲੇ ਕਈ ਦਿਨਾਂ ਤੋਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ, ਪਾਕਿਸਤਾਨੀ ਅੱਤਵਾਦੀ, ਡ੍ਰੋਨ ਦੀ ਮਦਦ ਨਾਲ ਸਾਡੇ ਪਾਸੇ ਆਕੇ ਅਸਲਾ ਤੇ ਗੋਲਾ ਬਾਰੂਦ ਸੁੱਟ ਕੇ ਗਏ। ਲੰਘੀ ਰਾਤ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਇਲਾਕੇ ਵਿੱਚ ਮੁੜ ਡ੍ਰੋਨ ਦੇਖੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ। ਕੁਝ ਸਥਾਨਕ ਲੋਕਾਂ ਨੇ ਡ੍ਰੋਨ ਦੀਆਂ ਵੀਡੀਓ ਅਤੇ ਫ਼ੋਟੋਆਂ ਵੀ ਖਿੱਚਣ ਦਾ ਦਾਅਵਾ ਕੀਤਾ ਹੈ। ਦਾਅਵਾ ਕੀਤਾ ਜਾ ਰਿਹੈ ਕਿ, ਇਹ ਡ੍ਰੋਨ ਪਾਕਿਸਤਾਨ ਵਾਲੇ ਪਾਸਿਉਂ ਸਾਡੇ ਵਾਲੇ ਪਾਸੇ ਦਾਖ਼ਲ ਹੋਇਆ ਸੀ ਅਤੇ ਸਫ਼ਲਤਾ ਪੂਰਵਕ, ਬਾਇੱਜ਼ਤ ਵਾਪਸ ਵੀ ਮੁੜਨ ਵਿੱਚ ਕਾਮਯਾਬ ਹੋ ਗਿਆ।

ਆਲੋਚਕਾਂ ਦਾ ਕਹਿਣਾ ਜੇਕਰ, ਸਥਾਨਕ ਲੋਕਾਂ ਦੇ ਦਾਅਵਿਆਂ ਵਿੱਚ ਰਤਾ ਭਰ ਵੀ ਸਚਾਈ ਹੈ ਤਾਂ ਇਹ ਸਾਡੀ ਖ਼ੁਫ਼ੀਆ ਤੇ ਸੁਰੱਖਿਆ ਪ੍ਰਣਾਲੀ ਤੇ ਇੱਕ ਵੱਡਾ ਅਤੇ ਸ਼ਰਮਨਾਕ ਸਵਾਲੀਆਂ ਨਿਸ਼ਾਨ ਹੈ। ਦੋਸਤੋ, ਭਾਵੇਂ ਕਿ ਹਾਲ ਦੀ ਘੜੀ ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਸਥਾਨਕ ਲੋਕਾਂ ਦੇ ਕਹੇ-ਸਣੇ ਹੀ ਜਾਂਚ ਵਿੱਚ ਲੱਗੀਆਂ ਹੋਈਆਂ ਹਨ ਪਰ, ਡ੍ਰੋਨ ਰਾਹੀਂ ਹਥਿਆਰ ਆਉਣ ਤੇ ਤਾਂ, ਉਹ ਵੀ ਮੋਹਰ ਲਗਾ ਚੁੱਕੀਆਂ ਹਨ।

ਆਲੋਚਕ ਸਵਾਲ ਕਰਦੇ ਹਨ ਕਿ, ਜੇਕਰ ਉਕਤ ਖ਼ਬਰਾਂ ਸ਼ਤ ਪ੍ਰਤੀਸ਼ਤ ਸਹੀ ਵ ਦਰੁਸਤ ਹਨ ਤਾਂ, ਕੀ ਫਿਰ ਸਾਡੀਆਂ ਫ਼ੌਜਾਂ, ਮੋਰਚਿਆਂ ਵਿੱਚ ਬੈਠ ਕੇ ''ਪਬ ਜੀ'' ਖੇਡਦੀਆਂ ਹਨ? ਦੋਸਤੋ, ਆਲੋਚਕਾਂ ਦੀ ਕਿਹੜਾ ਬੋਲਦਿਆਂ ਦੀ ਜੀਭ ਫੜੀ ਜਾਂਦੀ ਹੈ, ਉਹ ਤਾਂ ਕੁਝ ਵੀ ਆਖ ਦਿੰਦੇ ਹਨ, ਭਾਵੇਂ ਕਿਸੇ ਨੂੰ ਚੰਗਾ ਲੱਗੇ ਜਾਂ ਮਾੜਾ। ਜੇਕਰ ਆਲੋਚਕਾਂ ਦੀਆਂ ਅੱਕ ਵਰਗੀਆਂ ਕੌੜੀਆਂ ਗੱਲਾਂ ਨੂੰ ਇੱਕ ਪਾਸੇ ਰੱਖ ਕੇ ਵੀ ਗੱਲ ਕਰੀਏ ਤਾਂ, ਸਵਾਲ ਫਿਰ ਵੀ ਉੱਠਦਾ ਹੈ ਕਿ, ਜਦੋਂ ਪਾਕਿਸਤਾਨ ਡ੍ਰੋਨ ਸਾਡੇ ਪਾਸੇ ਹਥਿਆਰ ਸੁੱਟ ਰਹੇ ਸਨ, ਗੇੜੀਆਂ ਮਾਰ ਰਹੇ ਸਨ ਤਾਂ ਸਾਡੀਆਂ ਖ਼ੁਫ਼ੀਆ ਤੇ ਸੁਰੱਖਿਆ ਏਜੰਸੀਆਂ ਕਿਹੜੇ ਕੰਮੀ ਲੱਗੀਆਂ ਹੋਈਆਂ ਸਨ?