ਬੰਦ ਨਹੀਂ, ਸਿਰਫ਼ ਆਮ ਬੰਦੇ ਦੀ ਪਹੁੰਚ ਤੋਂ ਦੂਰ ਕਰ ਦਿੱਤੇ ਗਏ ਹਨ ਨਸ਼ੇ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 09 2019 15:44
Reading time: 1 min, 38 secs

ਪੰਜਾਬ ਸਰਕਾਰ ਨੇ ਬਥੇਰੀਆਂ ਨਸ਼ਾ ਵਿਰੋਧੀ ਮੁਹਿੰਮਾਂ ਚਲਾ ਲਈਆਂ, ਐਂਟੀ ਨਾਰਕੋਟਿਸਕ ਸੈੱਲ ਬਣਾ ਲਏ, ਸਪੈਸ਼ਲ ਟਾਸਕ ਫੋਰਸਾਂ ਬਣਾ ਵੀ ਬਣਾ ਲਈਆਂ ਪਰ, ਪੰਜਾਬ ਨਸ਼ਾ ਮੁਕਤ ਨਹੀਂ ਹੋਇਆ। ਜੇਕਰ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਕੀਤੇ ਗਏ ਦਾਅਵਿਆਂ ਨੂੰ ਹੀ ਵੱਡਾ ਕਰ ਲਈਏ ਤਾਂ ਨਸ਼ਾ ਕੇਵਲ ਆਮ ਬੰਦੇ ਦੀ ਪਹੁੰਚ ਤੋਂ ਜ਼ਰੂਰ, ਦੂਰ ਹੋਇਆ ਹੈ ਪਰ ਮੁੱਕਿਆ ਨਹੀਂ ਹੈ।

ਅਲੋਚਕਾਂ ਦਾ ਮੰਨਣਾ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਸਖ਼ਤੀ ਦਾ ਜਿੰਨਾਂ ਵੀ ਅਸਰ ਹੋਇਆ ਹੈ, ਉਸ ਨਾਲ ਨਸ਼ੀਲੇ ਪਦਾਰਥਾਂ ਤੇ ਭਾਅ ਜ਼ਰੂਰ ਅਸਮਾਨੀ ਚੜ ਗਏ ਹਨ ਜਦਕਿ ਸਭ ਕੁਝ ਪਹਿਲਾਂ ਵਾਂਗ ਹੀ ਚੱਲ ਰਿਹਾ ਹੈ। ਨਸ਼ਾ ਤਸਕਰਾਂ ਨੇ ਪੁਲਿਸ ਤੇ ਸਰਕਾਰ ਦੀ ਸਖ਼ਤੀ ਦੀ ਆੜ ਲੈ ਕੇ ਸੂਬੇ ਵਿੱਚ ਇੱਕ ਇਹੋ ਜਿਹਾ ਮਹੌਲ ਸਿਰਜ ਦਿੱਤਾ ਹੈ, ਜਿਸ ਦੇ ਚਲਦਿਆਂ ਅਮਲੀਆਂ ਦੀਆ ਜੇਬਾਂ ਤੇ ਹੀ ਬੋਝ ਪਿਆ, ਉਨ੍ਹਾਂ ਤੋਂ ਵੱਧ ਵਸੂਲੀ ਕੀਤੀ ਜਾ ਰਹੀ ਹੈ।

ਸਰਕਾਰ ਭਾਵੇਂ ਲੱਖ ਦਾਅਵੇ ਕਰੀ ਜਾਵੇ ਪਰ, ਜਾਣਕਾਰਾਂ ਦਾ ਮੰਨਣਾ ਹੈ ਕਿ ਨਸ਼ੇ ਦੀਆਂ ਗੋਲੀਆਂ ਜਿਹੜੀਆਂ ਪਹਿਲਾਂ, ਮੈਡੀਕਲ ਸਟੋਰ ਤੋਂ ਆਸਾਨੀ ਨਾਲ 20 ਜਾਂ 30 ਰੁਪਏ ਵਿੱਚ ਮਿਲ ਜਾਂਦੀਆਂ ਸਨ, ਉਨ੍ਹਾਂ ਗੋਲੀਆਂ ਦੇ ਪੱਤੇ ਦਾ ਭਾਅ ਹੁਣ 100 ਰੁਪਏ ਤੱਕ ਪਹੁੰਚ ਗਿਆ ਹੈ। ਜਿਹੜੇ ਲੋਕ ਪਹਿਲਾਂ ਨਸ਼ਾ ਕਰਦੇ ਸਨ, ਉਹ ਅੱਜ ਵੀ ਕਰ ਰਹੇ ਹਨ, ਸਿਰਫ਼ ਕੀਮਤ ਹੀ ਵੱਧ ਅਦਾ ਕਰਨੀ ਪੈ ਰਹੀ ਹੈ ਉਨ੍ਹਾਂ ਨੂੰ।

ਦੋਸਤੋਂ, ਜੇਕਰ ਪੰਜਾਬ ਸਰਕਾਰ ਦੇ ਇਸ ਦਾਅਵੇ ਨੂੰ ਸੱਚ ਮੰਨ ਲਿਆ ਜਾਵੇ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਗਠਿਤ ਕੀਤੀ ਗਈ ਸਪੈਸ਼ਲ ਟਾਸਕ ਫੋਰਸ ਪਿਛਲੇ ਢਾਈ-ਪੌਣੇ ਤਿੰਨ ਸਾਲਾਂ ਵਿੱਚ 27 ਹਜ਼ਾਰ ਮੁਕੱਦਮੇ ਦਰਜ ਕਰਕੇ, 33 ਹਜ਼ਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਤਾਂ ਪੰਜਾਬ ਦੀ ਤਸਵੀਰ ਕੁਝ ਹੋਰ ਹੀ ਹੋਣੀ ਸੀ ਪਰ ਨੌਜਵਾਨਾਂ ਦੇ ਸਿਵੇ ਤਾਂ ਅੱਜ ਵੀ ਬਲ ਰਹੇ ਹਨ। ਉਨ੍ਹਾਂ ਦੀਆਂ ਫ਼ੋਟੋਆਂ ਤੇ ਫ਼ੁੱਲ ਅੱਜ ਵੀ ਟੰਗੇ ਜਾ ਰਹੇ ਹਨ। ਦੋਸਤੋਂ, ਅਲੋਚਕਾਂ ਦਾ ਮੰਨਣਾ ਹੈ ਕਿ ਟਾਸਕ ਫੋਰਸਾਂ ਜਾਂ ਐਂਟੀ ਨਾਰਕੋਟਿਕਸ ਸੈੱਲ ਬਨਾਉਣ ਨਾਲ ਨਸ਼ੇ ਬੰਦ ਹੋਏ ਹਨ, ਇਹ ਤਾਂ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ, ਹਾਂ ਇੰਨਾਂ ਜ਼ਰੂਰ ਹੈ ਕਿ ਇਹਨਾਂ ਦੇ ਭਾਅ ਜ਼ਰੂਰ ਅਸਮਾਨੀ ਚੜ੍ਹੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।