ਬੀ.ਐੱਸ.ਐੱਨ.ਐੱਲ. ਅਤੇ ਐੱਮ.ਟੀ.ਐੱਨ.ਐੱਲ. ਨੂੰ ਬੰਦ ਕਰਨ ਦੀ ਤਿਆਰੀ 'ਚ ਸਰਕਾਰ (ਨਿਊਜਨੰਬਰ ਖ਼ਾਸ ਖ਼ਬਰ)

Last Updated: Oct 09 2019 13:36
Reading time: 1 min, 55 secs

ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ) ਅਤੇ ਮਹਾਂਨਗਰ ਟੈਲੀਫ਼ੋਨ ਨਿਗਮ ਲਿਮਟਿਡ (ਐੱਮ.ਟੀ.ਐੱਨ.ਐੱਲ.) ਨੂੰ ਕੇਂਦਰ ਸਰਕਾਰ ਵੱਲੋਂ ਬੰਦ ਕਰਨ ਦੀ ਤਿਆਰੀ ਹੋ ਚੁੱਕੀ ਹੈ। ਤਾਜ਼ਾ ਅਫ਼ਵਾਹਾਂ ਦੇ ਅਨੁਸਾਰ ਵਿੱਤ ਮੰਤਰਾਲੇ ਦੇ ਵੱਲੋਂ ਘਾਟੇ ਵਿੱਚ ਚੱਲ ਰਹੀਆਂ ਇਨ੍ਹਾਂ ਦੋਵਾਂ ਸਰਕਾਰੀ ਕੰਪਨੀਆਂ ਨੂੰ ਬੰਦ ਕਰਨ ਦੀ ਸਲਾਹ ਦਿੱਤੀ ਗਈ ਹੈ। ਰਿਪੋਰਟਾਂ ਦੇ ਮੁਤਾਬਿਕ ਦੋਵਾਂ ਕੰਪਨੀਆਂ ਦੇ ਕੁਝ ਮੁਲਾਜ਼ਮਾਂ ਨੂੰ ਕਿਸੇ ਹੋਰ ਮਹਿਕਮੇ ਵਿੱਚ ਬਦਲੀ ਕੀਤਾ ਜਾਵੇਗਾ ਅਤੇ ਬਾਕੀ ਰਹਿੰਦਿਆਂ ਨੂੰ ਸਵੈ ਇੱਛਾ ਨਾਲ ਸੇਵਾ ਮੁਕਤ ਹੋਣ ਨੂੰ ਕਿਹਾ ਜਾਵੇਗਾ। ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਕੰਪਨੀਆਂ ਦੇ ਵਿੱਚ ਇਸ ਸਮੇਂ ਕਰੀਬ ਪੌਣੇ ਦੋ ਲੱਖ ਕਰਮਚਾਰੀ ਹਨ ਅਤੇ ਇਨ੍ਹਾਂ ਦੇ ਬੰਦ ਹੋਣ ਨਾਲ ਬਹੁਤ ਸਾਰੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਬੇਰੁਜ਼ਗਾਰੀ ਦੀ ਜੋ ਮਾਰ ਪਵੇਗੀ ਉਸ ਦੇ ਬਾਰੇ ਅੰਦਾਜ਼ਾ ਲਾਉਣਾ ਵੀ ਔਖਾ ਹੈ। ਦੇਸ਼ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੇ ਨੈੱਟਵਰਕ ਵਾਲੀਆਂ ਇਨ੍ਹਾਂ ਸਰਕਾਰੀ ਕੰਪਨੀਆਂ ਦਾ ਇਸ ਪ੍ਰਕਾਰ ਘਾਟੇ ਵਿੱਚ ਜਾਣਾ ਅਤੇ ਬੰਦ ਹੋਣਾ ਮੋਦੀ ਸਰਕਾਰ ਦੀ ਇੱਕ ਨਾਕਾਮੀ ਦੇ ਰੂਪ ਵਿੱਚ ਗਿਣਿਆ ਜਾਵੇਗਾ। ਪਿਛਲੇ ਕੁਝ ਸਾਲਾਂ ਦੇ ਵਿੱਚ ਨਵੀਆਂ ਤਕਨੀਕਾਂ ਜਿਵੇਂ ਕੇ 4 ਜੀ ਅਤੇ ਫਾਈਬਰ ਨੈੱਟ ਵਰਗੀਆਂ ਸਹੂਲਤਾਂ ਸ਼ੁਰੂ ਕਰਨ ਵਿੱਚ ਇਨ੍ਹਾਂ ਕੰਪਨੀਆਂ ਨੂੰ ਸਰਕਾਰ ਕੋਲੋਂ ਜ਼ਿਆਦਾ ਸਮਰਥਨ ਨਹੀਂ ਮਿਲਿਆ ਅਤੇ ਨਤੀਜਾ ਇਹ ਨਿਕਲਿਆ ਕਿ ਨਿੱਜੀ ਕੰਪਨੀਆਂ ਸਰਕਾਰ ਕੋਲੋਂ ਹੀ ਲਾਇਸੈਂਸ ਲੈ ਕੇ ਸਰਕਾਰੀ ਕੰਪਨੀਆਂ ਨੂੰ ਲਤਾੜ ਕੇ ਅੱਗੇ ਨਿਕਲ ਗਈਆਂ।

ਇਨ੍ਹਾਂ ਦੋ ਕੰਪਨੀਆਂ ਦਾ ਬੰਦ ਹੋਣਾ ਦੇਸ਼ ਦੀ ਵਿਗੜੀ ਹੋਈ ਅਰਥਵਿਵਸਥਾ ਦੀ ਇੱਕ ਹੋਰ ਉਦਾਹਰਨ ਹੈ। ਜੇਕਰ ਦੇਖਿਆ ਜਾਵੇ ਤਾਂ ਦੇਸ਼ ਦੇ ਪਿੰਡਾਂ ਦੇ ਵਿੱਚ ਭਾਵੇਂ ਮੋਬਾਈਲ ਨੈੱਟਵਰਕ ਸਹੂਲਤ ਹਰ ਕੰਪਨੀ ਦੀ ਹੈ ਪਰ ਲੈਂਡਲਾਈਨ ਬ੍ਰਾਡਬੈਂਡ ਦੀ ਸਹੂਲਤ ਜ਼ਿਆਦਾਤਰ ਪਿੰਡਾਂ ਦੇ ਵਿੱਚ ਸਿਰਫ਼ ਬੀ.ਐੱਸ.ਐੱਨ.ਐੱਲ. ਦੇ ਵੱਲੋਂ ਹੀ ਦਿੱਤੀ ਜਾਂਦੀ ਹੈ ਅਤੇ ਜੇਕਰ ਇਹ ਕੰਪਨੀ ਬੰਦ ਹੁੰਦੀ ਹੈ ਤਾਂ ਪੇਂਡੂ ਖੇਤਰ ਦੇ ਵਿੱਚ ਬ੍ਰਾਡਬੈਂਡ ਦੀਆਂ ਸਹੂਲਤਾਂ ਨੂੰ ਵੀ ਵੱਡਾ ਝਟਕਾ ਲੱਗ ਸਕਦਾ ਹੈ। ਦੱਸਣਯੋਗ ਹੈ ਕਿ ਪਹਿਲਾ ਖ਼ਬਰਾਂ ਆਈਆਂ ਸਨ ਕਿ ਬੀ.ਐੱਸ.ਐੱਨ.ਐੱਲ. ਅਤੇ ਐੱਮ.ਟੀ.ਐੱਨ.ਐੱਲ. ਨੂੰ ਸਰਕਾਰ ਵੱਲੋਂ 73000 ਕਰੋੜ ਦਾ ਕਰਜ਼ ਦੇ ਕਿ ਦੁਬਾਰਾ ਤੋਂ ਲੀਹ ਤੇ ਲਿਆਂਦਾ ਜਾਵੇਗਾ ਅਤੇ ਨਿੱਜੀ ਕੰਪਨੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਕੀਤਾ ਜਾਵੇਗਾ ਪਰ ਇਹ ਸਾਰੇ ਕੰਮ ਵਿੱਚ ਹੀ ਰਹਿ ਗਏ ਜਾਪਦੇ ਹਨ। ਹੁਣ ਦੀਆਂ ਤਾਜ਼ੀਆਂ ਰਿਪੋਰਟਾਂ ਦੇ ਅਨੁਸਾਰ ਇਨ੍ਹਾਂ ਦੋਵਾਂ ਕੰਪਨੀਆਂ ਨੂੰ ਬੰਦ ਕਰਕੇ ਸਰਕਾਰ ਵੱਲੋਂ ਘਾਟੇ ਦੂਰ ਕਰਨ ਦੀ ਤਿਆਰੀ ਹੋ ਰਹੀ ਹੈ। ਇਨ੍ਹਾਂ ਦੋ ਕੰਪਨੀਆਂ ਦੇ ਬੰਦ ਹੋਣ ਦੇ ਨਾਲ ਦੇਸ਼ ਦੇ ਟੈਲੀਕਾਮ ਸੈਕਟਰ ਦੇ ਵਿੱਚ ਸਰਕਾਰੀ ਕੰਪਨੀ ਕੋਈ ਵੀ ਨਹੀਂ ਰਹੇਗੀ ਅਤੇ ਸਾਰੇ ਦਾ ਸਾਰਾ ਟੈਲੀਕਾਮ ਸੈਕਟਰ ਨਿੱਜੀ ਕੰਪਨੀਆਂ ਦੇ ਕੋਲ ਚਲਾ ਜਾਵੇਗਾ। 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।