ਹੜ੍ਹਾਂ ਤੋਂ ਤਾਂ ਬਚ ਗਏ, ਹੁਣ ਬਿਮਾਰੀਆਂ ਦਾ ਸਤਾਉਣ ਲੱਗਿਆ ਡਰ..!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 09 2019 13:15
Reading time: 2 mins, 13 secs

ਪਿੱਛੇ ਜਿਹੇ ਪੰਜਾਬ ਵਿੱਚ ਹੜ੍ਹਾਂ ਨੇ ਕਾਫ਼ੀ ਜ਼ਿਆਦਾ ਕਹਿਰ ਮਚਾਇਆ। ਹੜ੍ਹਾਂ ਦੇ ਕਹਿਰ ਕਾਰਨ ਪੰਜਾਬ ਪੂਰੀ ਤਰ੍ਹਾਂ ਨਾਲ ਜਲ ਥਲ ਹੋ ਗਿਆ ਅਤੇ ਲੋਕਾਂ ਦਾ ਵੱਡਾ ਨੁਕਸਾਨੀ ਹੋਇਆ ਪ੍ਰੰਤੂ ਉਸ ਵੇਲੇ ਦਰਿਆਵਾਂ ਦੇ ਵਿੱਚ ਭਾਵੇਂ ਹੀ ਪਾਣੀ ਦਾ ਪੱਧਰ ਦਿਨ ਪ੍ਰਤੀ ਦਿਨ ਨੀਵਾਂ ਹੁੰਦਾ ਜਾ ਰਿਹਾ ਸੀ। ਪਰ ਕੁਝ ਕੁ ਭਾਰਤੀ ਮੀਡੀਆ ਅਦਾਰਿਆਂ ਦੇ ਵੱਲੋਂ ਪਾਣੀ ਨੂੰ ਇਸ ਪ੍ਰਕਾਰ ਉਛਾਲਿਆ ਜਾ ਰਿਹਾ ਸੀ, ਕਿ ਜਿਵੇਂ ਉਹ ਵੀ ਨਹਿਰੀ ਵਿਭਾਗ ਦੇ ਵਿੱਚ ਮੁਲਾਜ਼ਮ ਲੱਗੇ ਹੋਣ। ਸਥਿਤੀ ਬੇਹੱਦ ਨਾਜ਼ੁਕ ਸੀ ਪਰ ਬਿਨਾਂ ਕਿਸੇ ਵਜ੍ਹਾ ਤੋਂ ਲੋਕਾਂ ਦੇ ਮਨਾਂ ਵਿੱਚ ਭਾਰਤੀ ਮੀਡੀਏ ਦੇ ਵੱਲੋਂ ਡਰ ਪੈਦਾ ਕੀਤਾ ਜਾ ਰਿਹਾ ਸੀ ਜਿਸ ਨੇ ਆਮ ਵਿਅਕਤੀ ਦੇ ਦਿਲ ਵਿੱਚ ਵੀ ਡਰ ਬੈਠਾ ਦਿੱਤਾ ਸੀ।

ਇਹ ਵੀ ਵੇਖਿਆ ਗਿਆ ਕਿ ਜ਼ਿਆਦਾਤਰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਮਸ਼ਹੂਰ ਅਖ਼ਬਾਰਾਂ ਅਤੇ ਟੀ.ਵੀ ਚੈਨਲਾਂ ਦੇ ਵੱਲੋਂ ਲੋਕਾਂ ਦੇ ਪੱਖ ਨੂੰ ਲਿਖਣ ਦੀ ਬਿਜਾਏ ਸਰਕਾਰ ਦੀ ਬੋਲੀ, ਬੋਲੀ ਜਾ ਰਹੀ ਹੈ, ਜਿਸ ਦੇ ਕਾਰਨ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਅਤੇ ਉਹ ਮੀਡੀਆ ਖ਼ਿਲਾਫ਼ ਭੜਾਸ ਕੱਢੀ ਗਈ ਸੀ । ਦੱਸ ਦੇਈਏ ਕਿ ਪਿਛਲੇ ਦਿਨੀਂ ਵਧੇ ਪਾਣੀ ਦੇ ਪੱਧਰ ਤੋਂ ਜਿੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕ ਪ੍ਰੇਸ਼ਾਨ ਸਨ, ਉੱਥੇ ਹੀ ਉਨ੍ਹਾਂ ਨੂੰ ਇਹ ਡਰ ਸਤਾ ਰਿਹਾ ਸੀ ਕਿ ਜਦੋਂ ਪਾਣੀ ਨੀਵਾਂ ਹੁੰਦਾ ਗਿਆ ਤਾਂ ਉਨ੍ਹਾਂ ਦਾ ਕੀ ਬਣੇਗਾ? ਕਿਉਂਕਿ ਪਾਣੀ ਦੇ ਖੜੇ ਰਹਿਣ ਦੇ ਕਾਰਨ ਬਿਮਾਰੀਆਂ ਦੀ ਭਰਮਾਰ ਹੋ ਜਾਵੇਗੀ ਅਤੇ ਲੋਕ ਡੇਂਗੂ, ਮਲੇਰੀਏ ਅਤੇ ਹੋਰ ਕਈ ਪ੍ਰਕਾਰ ਦੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਣਗੇ।

ਭਾਵੇਂ ਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਕੈਂਪ ਆਦਿ ਲਗਾ ਕੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਵਾਈਆਂ ਅਤੇ ਉਨ੍ਹਾਂ ਦਾ ਚੈੱਕਅਪ ਕੀਤਾ ਗਿਆ, ਪਰ ਫਿਰ ਵੀ ਉਨ੍ਹਾਂ ਨੂੰ ਬਿਮਾਰੀਆਂ ਤੋਂ ਮੁਕਤੀ ਮਿਲਦੀ ਨਜ਼ਰੀ ਨਹੀਂ ਆ ਰਹੀ। ਬਿਮਾਰੀਆਂ ਨਾਲ ਪ੍ਰਭਾਵਿਤ ਲੋਕਾਂ ਵੱਲੋਂ ਆਪਣੇ ਪੱਧਰ ‘ਤੇ ਵੀ ਇਲਾਜ ਨਿੱਜੀ ਹਸਪਤਾਲਾਂ ਤੋ ਕਰਵਾਉਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ ।  ਜਿਸ ਕਾਰਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ । ਲੋਕ ਕਹਿ ਰਹੇ ਹਨ ਕਿ ਉਹ ਇਕ ਵਾਰ ਹੜ੍ਹ ਤੋਂ ਬਚ ਗਏ ਤਾਂ ਉਸ ਤੋਂ ਮਗਰੋਂ ਉਨ੍ਹਾਂ ਨੂੰ ਬਿਮਾਰੀਆਂ ਨੇ ਘੇਰ ਲੈਣਾ ਹੈ । ਸਿਹਤ ਮਾਹਿਰਾਂ ਦੇ ਮੁਤਾਬਿਕ ਜਿਹੜੀਆਂ ਬਿਮਾਰੀਆਂ ਖੜੇ ਪਾਣੀ ਦੇ ਵਿੱਚੋਂ ਮਨੁੱਖ ਨੂੰ ਲੱਗਦੀਆਂ ਹਨ, ਉਨ੍ਹਾਂ 'ਤੇ ਕਾਬੂ ਵੀ ਇੰਨੀ ਛੇਤੀ ਨਹੀਂ ਪਾਇਆ ਜਾ ਸਕਦਾ ਹੁੰਦਾ। ਕਿਉਂਕਿ ਖੜੇ ਪਾਣੀ ਦੇ ਵਿੱਚ ਕਈ ਪ੍ਰਕਾਰ ਦੇ ਜੀਵ ਜੰਤੂ ਅਤੇ ਪਸ਼ੂ ਪੰਛੀ ਆਦਿ ਮਰ ਹੁੰਦੇ ਹਨ। ਜਿਸ ਦੇ ਕਾਰਨ ਵੱਖ ਵੱਖ ਪ੍ਰਕਾਰ ਦੇ ਵਾਇਰਸ ਨਾਲ ਮੁਕਾਬਲਾ ਕਰਨਾ, ਹਰ ਕਿਸੇ ਡਾਕਟਰ ਦੀ ਟੀਮ ਦੇ ਵੱਸ ਦੀ ਗੱਲ ਨਹੀਂ ਹੁੰਦੀ।

ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਅੰਦਰ ਬਿਮਾਰੀਆਂ ਦੀ ਜਿੱਥੇ ਭਰਮਾਰ ਵਧੀ ਹੈ, ਉੱਥੇ ਹੀ ਕਈਆਂ ਦੀ ਜਾਨ ਵੀ ਜਾ ਸਕਦੀ ਹੈ ।ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਅਤੇ ਸਿਹਤ ਮਹਿਕਮੇ ਨੂੰ ਸਮੇਂ ਰਹਿੰਦੇ ਇਨ੍ਹਾਂ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਮੈਡੀਕਲ ਕੈਂਪ ਲਾ ਕੇ ਲੋਕਾਂ ਦੀ ਜਾਂਚ, ਉਨ੍ਹਾਂ ਨੂੰ ਦਵਾਈ ਅਤੇ ਹੋਰ ਸਿਹਤ ਸਹੂਲਤਾਂ ਮੁਹਾਇਆ ਕਰਵਾਉਣ ਦੀ ਲੋੜ ਹੈ ਤਾਂਜੋ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਦੀ ਚਪੇਟ ‘ਚ ਆਉਣ ਤੋ ਬਚਾਇਆ ਜਾ ਸਕੇ।