ਕੁਰਸੀ ਦੀ ਭੁੱਖ ਨੇ ਭੁਲਾ ਦਿੱਤੀ ਪਾਰਟੀ.!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 20 2019 11:23
Reading time: 2 mins, 31 secs

ਵੈਸੇ ਕੁਰਸੀ ਦੀ ਭੁੱਖ਼ ਸਭ ਨੂੰ ਹੁੰਦੀ ਹੈ। ਵਿਆਹਾਂ ਦੇ ਵਿੱਚ ਜੇਕਰ ਕਿਸੇ ਨੂੰ ਕੁਰਸੀ ਨਾ ਮਿਲੇ ਤਾਂ ਬੰਦਾ, ਲੋਕਾਂ ਦੇ ਮੂੰਹਾਂ ਵੱਲ ਹੀ ਤੱਕਦਾ ਰਹਿ ਜਾਂਦਾ ਹੈ। ਬੰਦੇ ਦੀ ਬੇਇੱਜਤੀ ਤਾਂ ਉਦੋਂ ਹੋ ਜਾਂਦੀ ਹੈ, ਜਦੋਂ ਉਸ ਦੇ ਖ਼ਾਸਮਖ਼ਾਸ ਕੁਰਸੀਆਂ ਅਤੇ ਸੌਫਿਆਂ 'ਤੇ ਚੜ ਕੇ ਬੈਠੇ ਹੋਣ ਅਤੇ ਉਨ੍ਹਾਂ ਦਾ ਸਾਥੀ ਵਿਚਾਰਾਂ ''ਟੁੱਟੀ ਜਿਹੀ'' ਕੁਰਸੀ ਦੀ ਭਾਲ ਵਿੱਚ ਹੋਵੇ। ਕੁਲ ਮਿਲਾ ਕੇ ਵਿਆਹਾਂ ਵਿੱਚ ਤਾਂ ਬੰਦਾ ਮਾੜੀ ਮੋਟੀ ਸ਼ਰਮ ਮਹਿਸੂਸ ਕਰਦਿਆਂ ਹੋਇਆ, ਵਿਆਹ ਛੱਡ ਕੇ ਘਰ ਨੂੰ ਵਾਪਸ ਆ ਜਾਂਦਾ ਹੈ। ਪਰ ਜਿਹੜਾ ਬੰਦਾ ਕਿਸੇ ਸਿਆਸੀ ਪਾਰਟੀ ਦਾ ਪੱਕਾ ਸਿਪਾਹੀ ਹੋਵੇ, ਉਹ ਆਪਣੀ ਪਾਰਟੀ ਬਿਨ੍ਹਾਂ ਕਿਸੇ ਗੱਲ ਤੋਂ ਕਿਵੇਂ ਬਦਲ ਸਕਦਾ ਹੈ? ਜੀ ਹਾਂ, ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਜ਼ੀਰਾ ਹਲਕੇ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਹੁਣ ਆਪਣੀ ਹੀ ਪਾਰਟੀ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਵਿਰੁੱਧ ਅਵਾਜ਼ ਚੁੱਕੀ ਹੈ ਕਿ ਉਸ ਨੂੰ 6 ਸਾਲਾਂ ਦੇ ਲਈ ਕਾਂਗਰਸ ਪਾਰਟੀ ਤੋਂ ਬਾਹਰ ਕੱਢਿਆ ਜਾਵੇ, ਕਿਉਂਕਿ ਰਾਣਾ ਸੋਢੀ ਪਾਰਟੀ ਵਿਰੋਧੀ ਕੰਮ ਕਰ ਰਹੇ ਹਨ।

ਵੇਖਿਆ ਜਾਵੇ ਤਾਂ, ਰੌਲਾ ਸਿਰਫ਼ ਕੁਰਸੀ ਦਾ ਹੈ। ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਨੂੰ ਭਾਵੇਂ ਹੀ ਕਰੀਬ ਇੱਕ ਸਾਲ ਬੀਤਣ ਵਾਲਾ ਹੈ, ਪਰ ਕਾਂਗਰਸ ਪਾਰਟੀ ਹੁਣ ਤੱਕ ਆਪਣੇ ਜ਼ਿਲ੍ਹਾ ਪ੍ਰੀਸ਼ਦੀ ਚੇਅਰਮੈਨ ਹੀ ਨਹੀਂ ਲਗਾ ਸਕੀ। ਜਿਸ ਦੇ ਕਾਰਨ ਹੁਣ ਇੱਕ ਸਾਲ ਪਿਛੋਂ ਰੌਲਾ ਚੇਅਰਮੈਨ ਦੀ ਕੁਰਸੀ ਦਾ ਪੈ ਰਿਹਾ ਹੈ। ਦੱਸ ਦਈਏ ਕਿ ਬੀਤੇ ਦਿਨ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ ਨੂੰ ਲੈ ਕੇ ਇੱਕ ਵਿਸੇਸ਼ ਮੀਟਿੰਗ ਬੁਲਾਈ ਗਈ, ਜਿਸ ਦੇ ਵਿੱਚ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੋਂ ਇਲਾਵਾ ਹੋਰ ਵੀ ਅਧਿਕਾਰੀ ਸ਼ਾਮਲ ਹੋਏ। ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਜ਼ੀਰਾ ਹਲਕੇ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਆਪਣੇ ਕਿਸੇ ਖ਼ਾਸ ਬੰਦੇ ਦਾ ਨਾਂਅ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ ਦੇ ਲਈ ਅਨਾਉਂਸ ਕੀਤਾ, ਪਰ ਮੀਟਿੰਗ ਦੌਰਾਨ ਪਿਛੋਂ ਤੋਂ ਕਿਸੇ ਨੇ ਸੁਨੇਹਾ ਦਿੱਤਾ ਕਿ ਇਸ ਵਾਰ ਚੇਅਰਮੈਨ ਅਕਾਲੀ ਦਲ ਹੀ ਬਣੇਗਾ। ਕਿਉਂਕਿ ਖੇਡ ਮੰਤਰੀ ਰਾਣਾ ਸੋਢੀ ਅਕਾਲੀ ਦਲ ਦਾ ਚੇਅਰਮੈਨ ਬਣਾਉਣ ਦੇ ਇਸ਼ੁੱਕ ਹਨ। ਸਿਆਸੀ ਮਾਹਿਰ ਕਹਿ ਰਹੇ ਹਨ ਕਿ ਸੋਢੀ ਦੀ ਸੈਟਿੰਗ ਅਕਾਲੀ ਆਗੂ ਨਾਲ ਹੋ ਚੁੱਕੀ ਹੈ, ਜਿਸ ਨੂੰ ਉਹ ਚੇਅਰਮੈਨ ਬਨਾਉਣਾ ਚਾਹੁੰਦੇ ਹਨ। 

ਦੂਜੇ ਪਾਸੇ ਜੇਕਰ ਅੱਜ ਛਪੀ ਇੱਕ ਰਿਪੋਰਟ ਦੀ ਮੰਨੀਏ ਤਾਂ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਜ਼ੀਰਾ ਹਲਕੇ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਵਲੋਂ ਹੁਣ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਣਾ ਸੋਢੀ ਦੀ ਸੈਟਿੰਗ ਅਕਾਲੀ ਦਲ ਦੇ ਇੱਕ ਜ਼ਿਲ੍ਹਾ ਪ੍ਰੀਸ਼ਦ ਆਗੂ ਦੇ ਨਾਲ ਹੋ ਗਈ ਹੈ, ਜਿਸ ਦੇ ਕਾਰਨ ਸੋਢੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਜਿੱਤੇ ਅਕਾਲੀ ਦਲ ਦੇ ਆਗੂ ਨੂੰ ਚੇਅਰਮੈਨ ਬਣਾਉਣ ਦੇ ਬਾਰੇ ਵਿੱਚ ਸੋਚ ਰਹੇ ਹਨ।ਦੱਸਿਆ ਇਹ ਵੀ ਜਾ ਰਿਹਾ ਹੈ ਕਿ ਵਿਧਾਇਕਾਂ ਦੇ ਵੱਲੋਂ ਰਾਣੇ ਸੋਢੀ ਦੇ ਵਿਰੁੱਧ ਹੁਣ ਕੈਪਟਨ ਅਤੇ ਸੋਨੀਆ ਗਾਂਧੀ ਤੱਕ ਆਵਾਜ਼ ਚੁੱਕਣ ਦਾ ਫੈਸਲਾ ਕਰ ਲਿਆ ਹੈ ਅਤੇ ਵਿਧਾਇਕ ਉਨ੍ਹਾਂ ਤੋਂ ਮੰਗ ਕਰਨਗੇ ਕਿ ਸੋਢੀ ਨੂੰ 6 ਸਾਲਾਂ ਵਾਸਤੇ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ। ਦੱਸ ਦਈਏ ਕਿ ਚੇਅਰਮੈਨੀ ਦੀ ਕੁਰਸੀ ਨੂੰ ਲੈ ਕੇ ਵਿਧਾਇਕਾਂ ਨੇ ਆਪਣੇ ਹੀ ਮੰਤਰੀ ਦੇ ਵਿਰੁੱਧ ਝੰਡਾ ਚੁੱਕਿਆ ਹੈ। ਬਾਕੀ ਦੇਖਣਾ ਹੁਣ ਇਹ ਹੋਵੇਗਾ ਕਿ ਇਸ ਦਾ ਨਤੀਜ਼ਾ ਕੀ ਨਿਕਲਦਾ ਹੈ? ਕੈਪਟਨ ਸਾਹਿਬ ਰਾਣੇ ਦੀ ਸੁਣਦੇ ਹਨ ਜਾਂ ਫਿਰ ਵਿਧਾਇਕਾਂ ਦੀ, ਇਹ ਤਾਂ ਵਕਤ ਹੀ ਦੱਸੇਗਾ?