ਕੀ ਸੱਚਮੁੱਚ ਸਵੱਛਤਾ ਹੀ ਸੇਵਾ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 20 2019 11:27
Reading time: 2 mins, 7 secs

ਕੇਂਦਰ ਤੇ ਪੰਜਾਬ ਸਰਕਾਰ ਦੇ ਵੱਲੋਂ ਮਹਾਤਮਾ ਗਾਂਧੀ ਦੇ 150 ਸਾਲਾ ਜਨਮ ਦਿਵਸ ਨੂੰ ਸਮਰਪਿਤ ਸਵੱਛਤਾ ਹੀ ਸੇਵਾ-2019 ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਇਸ ਵਾਰ ਗਾਂਧੀ ਜਯੰਤੀ, ਵੱਖਰੇ ਢੰਗ ਦੇ ਨਾਲ ਮਨਾਈ ਜਾਵੇ ਅਤੇ ਇਸ ਜਯੰਤੀ ਮੌਕੇ 'ਤੇ ਆਪੋ ਆਪਣੇ ਜ਼ਿਲ੍ਹਿਆਂ ਨੂੰ ਪੋਲੀਥੀਨ ਮੁਕਤ ਕਰਵਾਉਣ ਸਬੰਧੀ ਕੱਪੜੇ ਦਾ ਥੈਲਾ ਵੰਡੇ ਜਾਣ।

ਦੋਸਤੋ, ਪਹਿਲੀ ਗੱਲ ਤਾਂ ਇਹ ਕਿ ਦੇਸ਼ ਆਜ਼ਾਦ ਹੋਇਆ ਨੂੰ ਕਰੀਬ 73 ਸਾਲ ਹੋ ਚੁੱਕੇ ਹਨ, ਪਰ ਸਰਕਾਰ ਹੁਣ ਤੱਕ ਸਾਡੇ ਦੇਸ਼ ਨੂੰ ਪੋਲੀਥੀਨ ਤੋਂ ਮੁਕਤ ਨਹੀਂ ਕਰਵਾ ਸਕੀ ਅਤੇ ਦੂਜੀ ਗੱਲ ਕਿ ਸਰਕਾਰ ਦੇ ਵੱਲੋਂ ਹਰ ਵਾਰ ਹੀ ਸਵੱਛਤਾ ਹੀ ਸੇਵਾ ਨਾਂਅ ਜਿਹੀਆਂ ਮਹਿਮਾ ਚਲਾਈਆਂ ਜਾਂਦੀਆਂ ਹਨ, ਜੋ ਮਹਿਜ਼ ਚਾਰ ਕੁ ਦਿਨ ਤਾਂ ਚੰਗੇ ਤਰੀਕੇ ਦੇ ਨਾਲ ਚੱਲਦੀਆਂ ਹਨ ਅਤੇ ਉਸ ਤੋਂ ਬਾਅਦ ਉਕਤ ਮੁਹਿੰਮ ਦਾ ਖ਼ਾਲੀ ਨਾਂਅ ਹੀ ਰਹਿ ਜਾਂਦਾ ਹੈ, ਮੁਹਿੰਮ ਦੁਆਰਾ ਕੀ ਕੰਮ ਕੀਤਾ ਜਾਣਾ ਹੈ, ਉਹ ਸਭ ਕੁਝ ਉੱਡ ਪੁੱਡ ਜਾਂਦਾ ਹੈ।

ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਬਿਆਨ ਦੇ ਵਿਚ ਸਪਸ਼ਟ ਕੀਤਾ ਗਿਆ ਹੈ ਕਿ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੇ ਜਨਮ ਦਿਵਸ ਨੂੰ ਪੰਚਾਇਤ, ਤਹਿਸੀਲ ਅਤੇ ਜ਼ਿਲ੍ਹਾ ਪੱਧਰ 'ਤੇ ਮਨਾਇਆ ਜਾਵੇਗਾ, ਜਿਸ ਤਹਿਤ ਸਮੂਹ ਵਿਭਾਗਾਂ ਦੇ ਅਧਿਕਾਰੀ ਖ਼ੁਦ ਆਪਣੇ ਹੱਥਾਂ ਨਾਲ ਸਫ਼ਾਈ ਕਰਕੇ ਸ਼ਰਮਦਾਨ ਕਰਨਗੇ। ਆਪਣੇ ਬਿਆਨ ਜਰੀਏ ਡੀਸੀ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ 1 ਅਕਤੂਬਰ ਤੱਕ ਆਪਣੇ-ਆਪਣੇ ਵਿਭਾਗ ਵਿੱਚ ਸਵੱਛਤਾ ਹੀ ਸੇਵਾ ਸਬੰਧੀ ਗਤੀਵਿਧੀਆਂ ਕਰਕੇ ਦੇਸ਼ ਨੂੰ ਪਲਾਸਟਿਕ ਮੁਕਤ ਕਰਨ।

ਦੋਸਤੋ, ਤੁਹਾਨੂੰ ਦੱਸ ਦੇਈਏ ਕਿ ਡਿਪਟੀ ਕਮਿਸ਼ਨਰ ਚੰਦਰ ਗੈਂਦ ਦੇ ਵੱਲੋਂ ਪਹਿਲਾਂ ਜਿੰਨੇ ਵੀ ਪ੍ਰੈੱਸ ਬਿਆਨ ਜਾਰੀ ਕੀਤੇ ਜਾਂਦੇ ਹਨ, ਹਰ ਪ੍ਰੈੱਸ ਬਿਆਨ ਦੇ ਵਿਚ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਜੋ ਕਿ ਮਹਿਜ਼ ਡਰਾਮਾ ਹੀ ਹੁੰਦੇ ਹਨ। ਦਾਅਵਾ ਤਾਂ ਲੱਖਾਂ ਦਾ ਹੁੰਦਾ ਹੈ, ਪਰ ਮਿਲਦਾ ਕੱਖ ਵੀ ਨਹੀਂ। ਇਸ ਵਾਰ ਵੀ ਇੰਜ ਹੀ ਜਾਪ ਰਿਹਾ ਹੈ, ਕਿ ਪੋਲੀਥੀਨ ਮੁਕਤ ਫ਼ਿਰੋਜ਼ਪੁਰ ਬਣਾਉਣ ਦਾ ਸਿਰਫ਼ ਸੁਪਨਾ ਹੀ ਫ਼ਿਰੋਜ਼ਪੁਰ ਦੇ ਡੀਸੀ ਹੱਥ ਲੱਗੇਗਾ। 

ਹੋਰ ਕੁਝ ਵੀ ਨਹੀਂ ਹੋਣ ਵਾਲਾ। ਕਿਉਂਕਿ ਸਰਕਾਰੀ ਅਧਿਕਾਰੀਆਂ 'ਤੇ ਫ਼ਿਰੋਜ਼ਪੁਰ ਦੇ ਵਿਚ ਸਿਆਸਤ ਹਾਵੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡਾਂ, ਸ਼ਹਿਰਾਂ ਤੇ ਚੌਂਕਾਂ ਵਿੱਚ ਜੋ ਵੀ ਪਲਾਸਟਿਕ ਪਿਆ ਹੈ, ਉਨ੍ਹਾਂ ਨੂੰ ਜਲਦੀ ਖ਼ਤਮ ਕਰਕੇ ਉਸ ਦਾ ਸਹੀ ਢੰਗ ਨਾਲ ਨਿਪਟਾਰਾ ਕੀਤਾ ਜਾਵੇ। ਡੀਸੀ ਵੱਲੋਂ ਸਮੂਹ ਵਿਭਾਗ ਪਲਾਸਟਿਕ ਮੁਕਤ ਭਾਰਤ ਦੀ ਸਥਾਪਨਾ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਤੇ ਆਪਣੇ-ਆਪਣੇ ਦਫ਼ਤਰਾਂ ਵਿੱਚ ਪਲਾਸਟਿਕ ਕੈਰੀ ਅਤੇ ਡਿਸਪੋਜ਼ਲ ਦੀ ਵਰਤੋਂ ਤੁਰੰਤ ਬੰਦ ਕਰਨ। ਡੀਸੀ ਨੇ ਦਾਅਵਾ ਕੀਤਾ ਕਿ ਪੋਲੀਥੀਨ ਹਟਾ ਕੇ ਹੀ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ, ਇਸ ਲਈ ਸਾਡੇ ਸਾਰਿਆਂ ਵੱਲੋਂ ਪਲਾਸਟਿਕ ਕੈਰੀ ਬੈਗ ਦੀ ਥਾਂ ਕੱਪੜੇ ਦੇ ਬਣੇ ਥੈਲੇ ਹੀ ਵਰਤਣੇ ਚਾਹੀਦੇ ਹਨ। ਦੇਖਣਾ ਹੁਣ ਇਹ ਹੋਵੇਗਾ ਕਿ ਕੀ ਸੱਚਮੁੱਚ ਸਾਡਾ ਸ਼ਹਿਰ ਪੋਲੀਥੀਨ ਤੋਂ ਮੁਕਤ ਹੋਵੇਗਾ?