ਨੌਕਰੀਆਂ ਦੇ ਨਾਂਅ 'ਤੇ ਸਰਕਾਰੀ ਕਾਲਜਾਂ 'ਚ ਨਿੱਜੀ ਕੰਪਨੀਆਂ ਦੀ ਘੁਸਪੈਠ.!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 20 2019 11:07
Reading time: 2 mins, 33 secs

ਸਰਕਾਰੀ ਕਾਲਜ, ਜਿਨ੍ਹਾਂ ਵਿੱਚ ਪਹਿਲੋਂ ਦਲਿਤ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਸੀ ਅੱਜ ਕੱਲ੍ਹ ਉਨ੍ਹਾਂ ਸਰਕਾਰੀ ਕਾਲਜਾਂ ਦੇ ਵਿੱਚ ਨਿੱਜੀ ਕੰਪਨੀਆਂ ਦੀ ਘੁਸਪੈਠ ਸ਼ੁਰੂ ਹੋ ਚੁੱਕੀ ਹੈ। ਪੰਜਾਬ ਸਰਕਾਰ ਦਾ ਇਹ ਚਾਰਾ ਭਾਵੇਂ ਹੀ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਹੈ, ਪਰ ਇਸ ਨੂੰ ਜੇਕਰ ਬੁੱਧੀਜੀਵੀ ਨਜ਼ਰ ਤੋਂ ਵੇਖਿਆ ਜਾਵੇ ਤਾਂ ਸਰਕਾਰ ਦੇ ਵੱਲੋਂ ਵੱਧ ਤੋਂ ਵੱਧ ਨਿੱਜੀ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਉਣ ਦੇ ਲਈ ਹੀ ਸਰਕਾਰੀ ਕਾਲਜਾਂ ਦੇ ਵਿੱਚ ਨਿੱਜੀ ਕੰਪਨੀਆਂ ਨੂੰ ਸੱਦਿਆ ਜਾ ਰਿਹਾ ਹੈ।

ਘਰ-ਘਰ ਰੁਜ਼ਗਾਰ ਮਿਸ਼ਨ ਦੇ ਤਹਿਤ ਹੁਣ ਸਰਕਾਰੀ ਕਾਲਜਾਂ ਦੇ ਵਿੱਚ ਰੁਜ਼ਗਾਰ ਮੇਲੇ ਲੱਗਣੇ ਸ਼ੁਰੂ ਹੋ ਗਏ ਹਨ। ਜਿਸ ਦੇ ਚੱਲਦਿਆਂ ਹੋਇਆ ਵੱਡੇ ਪੱਧਰ 'ਤੇ ਨਿੱਜੀ ਕੰਪਨੀਆਂ ਦੇ ਵੱਲੋਂ ਸਰਕਾਰੀ ਕਾਲਜਾਂ ਦੇ ਵਿੱਚ ਲੱਗ ਰਹੇ ਰੁਜ਼ਗਾਰ ਮੇਲਿਆਂ ਦੇ ਵਿੱਚ ਘੁਸਪੈਠ ਕਰਕੇ ਪੜੇ ਲਿਖੇ ਅਤੇ ਚੰਗੇ ਨੌਜਵਾਨ ਆਪਣੀਆਂ ਕੰਪਨੀਆਂ ਲਈ ਸਿਲੈੱਕਟ ਕੀਤੇ ਜਾ ਰਹੇ ਹਨ। ਦੋਸਤੋ, ਤੁਹਾਨੂੰ ਦੱਸ ਦੇਈਏ ਕਿ ਸਰਕਾਰ ਦੇ ਵੱਲੋਂ ਸਰਕਾਰੀ ਦਫ਼ਤਰਾਂ ਦੇ ਵਿੱਚ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਦੇਣ ਤੋਂ ਪਹਿਲਾਂ ਹੀ ਹੱਥ ਖੜੇ ਕਰ ਦਿੱਤੇ ਗਏ ਹਨ।

ਜਿਸ ਦੇ ਕਾਰਨ ਹੁਣ ਨਿੱਜੀ ਕੰਪਨੀਆਂ ਨੂੰ ਚੰਗੇ ਇੰਜੀਨੀਅਰ ਆਦਿ ਚੁਣਨ ਦਾ ਮੌਕਾ ਮਿਲ ਗਿਆ ਹੈ। ਦੋਸਤੋ, ਫ਼ਿਰੋਜ਼ਪੁਰ ਵਿਖੇ ਵੱਖ-ਵੱਖ ਕਾਲਜਾਂ ਵਿਖੇ ਲਗਾਏ ਜਾ ਰਹੇ ਮੇਲਿਆਂ ਦੇ ਵਿੱਚ ਦਰਜਨਾਂ ਦੀ ਗਿਣਤੀ ਵਿੱਚ ਨਿੱਜੀ ਕੰਪਨੀਆਂ ਪਹੁੰਚ ਰਹੀਆਂ ਹਨ। ਜਿਨ੍ਹਾਂ ਦੇ ਵਿੱਚ ਮਾਰੂਤੀ ਸੁਜ਼ੂਕੀ, ਐੱਸ.ਬੀ.ਆਈ, ਲਾਈਫ਼ ਇੰਸ਼ੋਰੈਂਸ, ਅਦਿੱਤਿਆ ਬਿਰਲਾ ਗਰੁੱਪ, ਲਿਊਮੀਨਸ, ਮੈਕਲਿੰਨ, ਕੈਪੀਟੋਲ ਹਸਪਤਾਲ, ਆਈ.ਐੱਫ.ਬੀ.ਆਈ. ਬੈਂਕ ਵਰਗੀਆਂ ਕੰਪਨੀਆਂ ਸ਼ਾਮਲ ਹਨ। ਇਹ ਕੰਪਨੀਆਂ ਨੌਜਵਾਨਾਂ ਨੂੰ ਘੱਟ ਤਨਖ਼ਾਹ 'ਤੇ ਚੁਣ ਰਹੀਆਂ ਹਨ।

ਭਾਵੇਂ ਹੀ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਚੋਣਾਂ ਤੋਂ ਪਹਿਲੋਂ ਘਰ ਘਰ ਰੁਜ਼ਗਾਰ ਦੇਣ ਦੀ ਗੱਲ ਆਖੀ ਸੀ, ਪਰ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਭੱਜ ਚੁੱਕੀ ਹੈ ਅਤੇ ਨਿੱਜੀ ਕੰਪਨੀਆਂ ਦੇ ਨਾਲ ਸੈਟਿੰਗ ਕਰਕੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਬੀਤੇ ਦਿਨ ਘਰ-ਘਰ ਰੋਜ਼ਗਾਰ ਮਿਸ਼ਨ ਦੇ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਫ਼ਿਰੋਜ਼ਪੁਰ ਦੇ ਸਰਕਾਰੀ ਬਹੁ-ਤਕਨੀਕੀ ਕਾਲਜ ਵਿੱਚ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ।

ਜਿਸ ਵਿੱਚ ਵੱਖ-ਵੱਖ ਕੰਪਨੀਆਂ ਵੱਲੋਂ 675 ਯੋਗ ਨੌਜਵਾਨ ਮੌਕੇ 'ਤੇ ਹੀ ਨੌਕਰੀਆਂ ਲਈ ਚੁਣੇ ਗਏ। ਜ਼ਿਲ੍ਹੇ ਵਿੱਚ 26 ਸਤੰਬਰ ਤੱਕ ਕੁੱਲ 6 ਰੋਜ਼ਗਾਰ ਮੇਲੇ ਆਯੋਜਿਤ ਹੋਣਗੇ। ਪਹਿਲੇ ਰੋਜ਼ਗਾਰ ਮੇਲੇ ਦਾ ਦੌਰਾ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰਪਾਲ ਸਿੰਘ ਸੰਧੂ ਨੇ ਇਸ ਰੁਜ਼ਗਾਰ ਮੇਲੇ ਲਈ ਕੀਤੀਆਂ ਗਈਆਂ ਤਿਆਰੀਆਂ ਤੇ ਤਸੱਲੀ ਜਤਾਈ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਭਾਗ ਵੱਲੋਂ ਆਯੋਜਿਤ ਹੋਏ ਇਸ ਰੁਜ਼ਗਾਰ ਮੇਲੇ ਵਿੱਚ ਕੁੱਲ 1388 ਪ੍ਰਾਰਥੀਆਂ ਨੇ ਫਾਰਮ ਭਰੇ।

ਜਿਸ ਵਿੱਚੋਂ 675 ਯੋਗ ਵਿਦਿਆਰਥੀਆਂ ਨੂੰ ਨੌਕਰੀਆਂ ਦੇ ਲਈ ਸਿਲੈੱਕਟ ਕੀਤਾ ਗਿਆ ਹੈ, ਇਸ ਤੋਂ ਇਲਾਵਾ 405 ਪ੍ਰਾਰਥੀਆਂ ਨੂੰ ਸਵੈ ਰੁਜ਼ਗਾਰ ਲਈ ਵਿੱਤੀ ਸਹਾਇਤਾ ਲਈ ਚੁਣਿਆ ਗਿਆ। ਪਹਿਲੇ ਦਿਨ ਆਯੋਜਿਤ ਰੋਜ਼ਗਾਰ ਮੇਲੇ ਵਿੱਚ ਕੁੱਲ 9 ਕੰਪਨੀਆਂ ਨੇ ਆਪਣੇ-ਆਪਣੇ ਕਾਊਂਟਰ ਲਗਾ ਕੇ ਇੰਟਰਵਿਊ ਕੀਤੀ, ਜਿਸ ਵਿੱਚ ਮਾਰੂਤੀ ਸੁਜ਼ੂਕੀ, ਐੱਸ.ਬੀ.ਆਈ, ਲਾਈਫ਼ ਇੰਸ਼ੋਰੈਂਸ, ਅਦਿੱਤਿਆ ਬਿਰਲਾ ਗਰੁੱਪ, ਲਿਊਮੀਨਸ, ਮੈਕਲਿੰਨ, ਕੈਪੀਟੋਲ ਹਸਪਤਾਲ, ਆਈ.ਐੱਫ.ਬੀ.ਆਈ. ਬੈਂਕ ਵਰਗੀਆਂ ਕੰਪਨੀਆਂ ਸ਼ਾਮਲ ਹਨ।

ਦੋਸਤੋ, ਸਰਕਾਰੀ ਰੁਜ਼ਗਾਰ ਮੇਲਿਆਂ ਦੇ ਨਾਂਅ 'ਤੇ ਨੌਜਵਾਨਾਂ ਨੂੰ ਨਿੱਜੀ ਕੰਪਨੀਆਂ ਦੇ ਵੱਲ ਸਰਕਾਰ ਦੇ ਵੱਲੋਂ ਸੁੱਟਿਆ ਜਾ ਰਿਹਾ ਹੈ। ਭਾਵੇਂ ਹੀ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਚੰਦਰ ਗੈਂਦ ਆਦਿ ਇਨ੍ਹਾਂ ਰੁਜ਼ਗਾਰ ਮੇਲਿਆਂ ਨੂੰ ਸਫਲ ਹੋਣ ਦੇ ਦਾਅਵੇ ਕਰ ਰਹੇ ਹਨ ਅਤੇ ਚੁਣੇ ਗਏ ਉਮੀਦਵਾਰਾਂ ਨੂੰ ਵਧਾਈ ਦੇ ਰਹੇ ਹਨ। ਪਰ.!! ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਕੇ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸਾਹਿਬ ਕਿਹੜੇ ਪਾਸੇ ਤੋਂ ਨੌਜਵਾਨਾਂ ਨੂੰ ਵਧਾਈ ਦੇ ਰਹੇ ਹਨ, ਇਹ ਸੋਚਣ ਵਾਲੀ ਗੱਲ ਹੈ।