ਪਲਟੀ ਮਾਰ 'ਅਮਿਤ ਸ਼ਾਹ' !!! (ਵਿਅੰਗ)

Last Updated: Sep 19 2019 12:12
Reading time: 2 mins, 47 secs

ਆਪਣੀ ਕਹੀ ਗੱਲ ਤੋਂ ਮੁਕਰ ਜਾਣਾ, ਹਰ ਲੀਡਰ ਦਾ ''ਟਰੈਂਡ'' ਬਣ ਚੁੱਕਿਆ ਹੈ। ਲੀਡਰ ਜੋ ਚੋਣਾਂ ਵੇਲੇ ਲੋਕਾਂ ਨਾਲ ਵਾਅਦੇ ਕਰਦੇ ਹਨ ਅਤੇ ਵੱਡੇ-ਵੱਡੇ ਭਾਸ਼ਣ ਦਿੰਦੇ ਹਨ, ਉਹ ਵਾਅਦੇ ਸੱਤਾ ਵਿੱਚ ਆਉਣ ਤੋਂ ਮਗਰੋਂ ਲੀਡਰ ਭੁੱਲ ਜਾਂਦੇ ਹਨ। ਜੀ ਹਾਂ, ਇਸੇ ਨੂੰ ਤਾਂ ਸਿਆਸਤ ਆਖ਼ਦੇ ਹਨ। ਆਪਣੇ ਕੀਤੇ ਵਾਅਦਿਆਂ 'ਤੇ ਖ਼ਰਾ ਨਾ ਉਤਰਨ ਨੂੰ ਹੀ ਸਿਆਸਤ ਆਖ਼ਦੇ ਹਨ। ਸਾਰੇ ਸਿਆਸਤਦਾਨਾਂ ਵਿੱਚ ਇੱਕ ਖ਼ੂਬੀ ਇਹ ਜ਼ਰੂਰ ਹੁੰਦੀ ਹੈ ਕਿ ਉਹ, ਇੱਕ ਦੂਜੇ ਦੀ ਤਰ੍ਹਾਂ ਵਾਅਦਿਆਂ ਦੀ ਝੜੀ ਜ਼ਰੂਰ ਲਗਾਉਂਦੇ ਹਨ।

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ ਜਾਂ ਫਿਰ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣ। ਨਰਿੰਦਰ ਮੋਦੀ ਜਿੱਥੇ ਆਪਣੇ 2014 ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੇ, ਉੱਥੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਆਪਣੇ ਕੀਤੇ ਬੋਲਾਂ 'ਤੇ ਪੂਰਾ ਨਹੀਂ ਲਹਿ ਸਕੇ। ਇਸ ਤੋਂ ਪਹਿਲਾਂ ਜੇਕਰ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਪੰਜਾਬ ਵਾਸੀਆਂ ਦੇ ਨਾਲ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੇ।

ਸੋ ਖ਼ੈਰ ਦੋਸਤੋ, ਪੰਜਾਬ ਦੇ ਅੰਦਰ ਇਸ ਵੇਲੇ ਭਾਸ਼ਾਵਾਂ ਦਾ ਬੜਾ ਰੌਲਾ ਪਿਆ ਹੋਇਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਦੀ ਭਾਸ਼ਾ ਨੂੰ 2022 ਤੱਕ ਪੂਰੇ ਭਾਰਤ ਦੇ ਅੰਦਰ ਥੋਪਣ ਦਾ ਬਿਆਨ ਕੀ ਦਿੱਤਾ ਕਿ, ਪੂਰੇ ਭਾਰਤ ਦੇ ਵਿੱਚ ਹੀ ਖ਼ਲਬਲੀ ਮੱਚ ਗਈ। ਅਮਿਤ ਸ਼ਾਹ ਤੋਂ ਇਲਾਵਾ ਕੇਂਦਰ ਦੇ ਹੋਰਨਾਂ ਮੰਤਰੀਆਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਵੇਖਿਆ ਜਾਵੇ ਤਾਂ ਮੰਤਰੀਆਂ ਦਾ ਵਿਰੋਧ ਤਾਂ ਹੋਣਾ ਹੀ ਸੀ, ਕਿਉਂਕਿ ਹਿੰਦੀ ਭਾਸ਼ਾ ਨੂੰ ਦੇਸ਼ ਦੇ ਅੰਦਰ ਸਾਰੇ ਵਰਗਾਂ 'ਤੇ ਥੋਪਣ ਦਾ ਬਿਆਨ ਜੋ ਦਿੱਤਾ ਸੀ।

ਭਾਵੇਂ ਹੀ ਹਿੰਦੀ ਪੰਜਾਬ ਦੇ ਵਿੱਚ ਵੀ ਬੋਲੀ ਜਾਂਦੀ ਹੈ, ਪਰ ਪੰਜਾਬ ਦੇ ਵਿੱਚੋਂ ਪੰਜਾਬੀ ਭਾਸ਼ਾ ਨੂੰ ਖ਼ਤਮ ਕਰਨ ਦਾ ਰੁਝਾਨ ਵੀ ਪਿਛਲੇ ਸਮੇਂ ਤੋਂ ਸਰਕਾਰਾਂ ਨੇ ਚਲਾਇਆ ਹੋਇਆ ਹੈ। ਨਿਜੀ ਸਕੂਲਾਂ ਦੇ ਵਿੱਚ ਤਾਂ ਪਹਿਲੋਂ ਹੀ ਪੰਜਾਬੀ ਬੋਲਣ 'ਤੇ ਰੋਕ ਲੱਗੀ ਹੋਈ ਹੈ ਅਤੇ ਪਿਛਲੇ ਦਿਨੀਂ ਸ਼ਾਹ ਦੇ ਬਿਆਨ ਨੇ ਹੋਰ ਨਿਜੀ ਸਕੂਲਾਂ ਨੂੰ ਸ਼ਹਿ ਦੇ ਦਿੱਤੀ। ਦੱਸ ਦਈਏ ਕਿ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੋ ਪਿਛਲੇ ਦਿਨੀਂ ਬਿਆਨ ਦਿੱਤਾ ਸੀ, ਉਹ ਆਪਣੇ ਬਿਆਨ ਤੋਂ ਮੁਕਰ ਚੁੱਕੇ ਹਨ ਅਤੇ ਕਹਿ ਰਹੇ ਹਨ ਕਿ ਉਨ੍ਹਾਂ ਨੇ ਤਾਂ ਕਦੇ ਵੀ ਹਿੰਦੀ ਨੂੰ ਦੂਜੀਆਂ ਖੇਤਰੀ ਭਾਸ਼ਾਵਾਂ 'ਤੇ ਥੋਪਣ ਦੀ ਗੱਲ ਕਹੀ ਹੀ ਨਹੀਂ।

ਵਿਅੰਗਕਾਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਗ੍ਰਹਿ ਮੰਤਰੀ ਹੋਵੇ ਤਾਂ ਅਮਿਤ ਸ਼ਾਹ ਵਰਗਾ ਹੋਵੇ, ਜੋ ਬਿਆਨ ਦੇ ਕੇ ਮੁਕਰ ਜਾਵੇ। ਟੀਵੀ ਚੈਨਲਾਂ ਦੇ ਜਰੀਏ ਹੋਈ ਰਿਕਾਰਡਿੰਗ ਦੇ ਵਿੱਚ ਸਾਫ਼ ਹੋ ਗਿਆ ਸੀ ਕਿ ਅਮਿਤ ਸ਼ਾਹ ਨੇ ਇਹ ਬਿਆਨ ਦਿੱਤਾ ਸੀ ਕਿ ਇੱਕ ਦੇਸ਼ ਇੱਕ ਭਾਸ਼ਾ, ਹੁਣ ਹਿੰਦੋਸਤਾਨ ਬਣ ਕੇ ਰਹੇਗਾ, ਜਿਸਦੇ ਚੱਲਦਿਆਂ ਹੁਣ ਦੇਸ਼ ਦੇ ਅੰਦਰ ਹਿੰਦੀ ਭਾਸ਼ਾ ਨੂੰ ਹੀ ਮਾਨਤਾ ਦਿੱਤੀ ਜਾਵੇਗੀ। ਵਿਅੰਗਕਾਰ ਆਖ਼ਦੇ ਹਨ ਕਿ ਦਿੱਤੇ ਬਿਆਨਾਂ ਤੋਂ ਮੁਕਰ ਜਾਣਾ ਹਰ ਲੀਡਰ ਦਾ ਕੰਮ ਹੈ। ਸ਼ਾਹ ਵੀ ਉਨ੍ਹਾਂ ਵਿੱਚੋਂ ਇੱਕ ਹਨ, ਜੋ ਪਲਟੀਵਾਰ ਕਰਦੇ ਹਨ।

ਪਰ ਬਾਅਦ ਵਿੱਚ ਡਰਦੇ-ਡਰਦੇ ਮੁੱਕਰ ਹੀ ਜਾਂਦੇ ਹਨ ਕਿ ਉਨ੍ਹਾਂ ਨੇ ਤਾਂ ਕਦੇ ਇਹ ਬਿਆਨ ਦਿੱਤਾ ਹੀ ਨਹੀਂ। ਝਾਤ ਮਾਰੀਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ 'ਤੇ ਤਾਂ ਉਨ੍ਹਾਂ ਨੇ ਬੀਤੀ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਹਿੰਦੀ ਭਾਸ਼ਾ ਬਾਰੇ ਬਿਆਨ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਹਿੰਦੀ ਨੂੰ ਦੂਜੀਆਂ ਖੇਤਰੀ ਭਾਸ਼ਾਵਾਂ ਉੱਪਰ ਥੋਪਣ ਦੀ ਗੱਲ ਨਹੀਂ ਕਹੀ, ਬਲਕਿ ਮਾਂ ਬੋਲੀ ਤੋਂ ਬਾਅਦ ਹਿੰਦੀ ਸਿੱਖਣ ਦੀ ਗੱਲ ਕਹੀ। ਮੈਂ ਖ਼ੁਦ ਇੱਕ ਗੈਰ ਹਿੰਦੀ ਸੂਬੇ (ਗੁਜਰਾਤ) ਤੋਂ ਆਇਆ ਹਾਂ। ਜਿਨ੍ਹਾਂ ਲੋਕਾਂ ਨੂੰ ਇਸ ਉੱਪਰ ਰਾਜਨੀਤੀ ਕਰਨੀ ਹੈ, ਉਹ ਕਰਨ। ਸ਼ਾਹ ਦੇ ਬਿਆਨ ਤੋਂ ਸਪੱਸ਼ਟ ਹੋ ਗਿਆ ਕਿ ਉਹ ਆਪਣੇ ਪਹਿਲੇ ਬਿਆਨ ਤੋਂ ਮੁਕਰ ਚੁੱਕੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।