ਲੱਗਦੈ, ਅਕਾਲੀ ਦਲ ਹੀ ਕਰਵਾਏਗਾ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 19 2019 11:56
Reading time: 2 mins, 41 secs

ਸਿਆਣੇ ਕਹਿੰਦੇ ਹਨ ਕਿ ਦੂਜੇ ਨੂੰ ਸਮਝਾਉਣ ਤੋਂ ਪਹਿਲੋਂ ਆਪਣੇ ਅੰਦਰ ਝਾਤੀ ਮਾਰ ਲਓ ਕਿ ਅਸੀਂ ਕਿੱਥੇ ਕੁ ਖੜੇ ਹਾਂ? ਕਿਤੇ ਇਹ ਨਾ ਹੋਵੇ ਕਿ ਜਿਸ ਨੂੰ ਅਸੀਂ ਕਮਲਾ ਅਤੇ ਘੱਟ ਦਿਮਾਗ ਵਾਲਾ ਆਖ਼ਦੇ ਹਾਂ, ਉਹ ਸਾਰੇ ਕੰਮ ਸਿੱਧੇ ਕਰਕੇ ਨਾ ਚਲਾ ਜਾਵੇ। ਸਿਆਣੇ ਇਹ ਵੀ ਕਹਿੰਦੇ ਹਨ, ਦੂਜਿਆਂ ਨੂੰ ਮੱਤ ਦੇਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਲਓ। ਚਲੋ ਖ਼ੈਰ.!! ਸਿਆਣਿਆਂ ਦੀਆਂ ਗੱਲਾਂ ਕਦੇ ਗ਼ਲਤ ਨਹੀਂ ਹੁੰਦੀਆਂ, ਪਰ ਸਿਆਣਿਆਂ ਦੀਆਂ ਗੱਲਾਂ ਨੂੰ ਠੁਕਰਾ ਕੇ, ਆਪਣਾ ਪੱਖ ਰੱਖਣ ਵਾਲੇ ਵੀ ਸਹੀ ਨਹੀਂ ਹੁੰਦੇ।

ਦੋਸਤੋ, ਅਕਾਲੀ ਦਲ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਪਰ ਸਿੱਖਾਂ ਨੂੰ ਹੁਣ ਤੱਕ ਇਨਸਾਫ਼ ਨਹੀਂ ਮਿਲ ਸਕਿਆ। ਇੱਕ ਮਾਮਲਾ ਤਾਂ ਹਾਲੇ ਨਿੱਬੜਿਆ ਨਹੀਂ, ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੁਣ ਆਪਣੀ ਸਜ਼ਾ ਪੂਰੀ ਕਰ ਚੁੱਕੇ ਸਾਰੇ ਸਿੱਖ ਕੈਦੀਆਂ ਨੂੰ ਰਿਹਾਅ ਕਰਕੇ ਕਾਂਗਰਸ ਦੀ ਦੁਖਦਾਈ ਸਿੱਖ-ਵਿਰੋਧੀ ਪਰੰਪਰਾ ਨੂੰ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਗਿਆ। ਇਨਸਾਫ਼ ਦੀ ਮੰਗ ਕਰਨਾ, ਭਾਵੇਂ ਹੀ ਅਕਾਲੀ ਦਲ ਦਾ ਠੀਕ ਫ਼ੈਸਲਾ ਹੈ, ਪਰ ਅਕਾਲੀ ਦਲ ਨੂੰ ਆਪਣੇ ਰਾਜ ਸਮੇਂ ਕੀਤੇ ਸਿੱਖਾਂ 'ਤੇ ਜ਼ੁਲਮਾਂ ਬਾਰੇ ਵੀ ਝਾਤ ਮਾਰ ਲੈਣੀ ਚਾਹੀਦੀ ਹੈ।

ਜੀ ਹਾਂ, ਦੋਸਤੋਂ, ਕਰੀਬ 4 ਕੁ ਸਾਲ ਪਹਿਲੋਂ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ। ਪੰਜਾਬ ਵਿੱਚ ਉਦੋਂ ਅਕਾਲੀ ਦਲ-ਭਾਜਪਾ ਦੀ ਸਰਕਾਰ ਸੀ। ਇਨਸਾਫ਼ ਦੀ ਖ਼ਾਤਰ ਬਰਗਾੜੀ ਵਿਖੇ ਕਰੀਬ ਢਾਈ ਤਿੰਨ ਮਹੀਨੇ ਮੋਰਚਾ ਚੱਲਿਆ, ਪਰ ਆਖ਼ਰ ਅਕਾਲੀ ਦਲ ਦੇ ਕੁਝ ਕੁ ਆਗੂਆਂ ਨੇ ਕਥਿਤ ਤੌਰ 'ਤੇ ਪੁਲਿਸ ਨੂੰ ਹੁਕਮ ਜਾਰੀ ਕਰਕੇ ਕਹਿ ਦਿੱਤਾ ਕਿ ਸ਼ਾਂਤ ਪ੍ਰਦਰਸ਼ਨ ਕਰ ਰਹੇ ਸਿੱਖਾਂ 'ਤੇ ਗੋਲੀ ਚਲਾ ਦਿਓ। ਭਾਵੇਂ ਹੀ ਇਹ ਕੇਸ ਹਾਲੇ ਜਾਂਚ ਅਧੀਨ ਹੈ, ਪਰ ਸਿੱਖਾਂ 'ਤੇ ਗੋਲੀ ਚਲਾਉਣ ਦਾ ਦੋਸ਼ ਹਮੇਸ਼ਾ ਅਕਾਲੀ ਦਲ 'ਤੇ ਲੱਗਦਾ ਆਇਆ ਹੈ।

ਪੰਥਕ ਪਾਰਟੀ ਅਖਵਾਉਣ ਵਾਲੀ ਅਕਾਲੀ ਦਲ ਦੇ ਰਾਜ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰੇਆਮ ਬੇਅਦਬੀ ਹੋ ਜਾਣਾ ਠੀਕ ਨਹੀਂ ਸੀ, ਪਰ ਅਕਾਲੀ ਦਲ ਨੇ ਬੇਅਦਬੀ ਕਾਂਡ 'ਤੇ ਸਿਆਸਤ ਕੀਤੀ। ਇਨਸਾਫ਼ ਦੀ ਮੰਗ ਕਰਨ ਵਾਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ "ਜਿਨ੍ਹਾਂ ਨੂੰ ਘਰੇ ਕੋਈ ਪੁੱਛਦਾ ਨਹੀਂ, ਉਹ ਬਹਿ ਜਾਂਦੇ ਨੇ ਧਰਨਿਆਂ 'ਤੇ"। ਸੁਖਬੀਰ ਨੇ ਭਾਵੇਂ ਹੀ ਇਹ ਬਿਆਨ ਉਦੋਂ ਆਪਣੇ ਹਿਸਾਬ ਨਾਲ ਠੀਕ ਦਿੱਤਾ, ਪਰ ਇਸ ਬਿਆਨ ਨਾਲ ਸਿੱਖਾਂ ਦੇ ਹਿਰਦੇ 'ਤੇ ਫਿਰ ਸੱਟ ਵੱਜੀ।

ਦੋਸਤੋ, ਆਪਣੇ ਰਾਜ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਸਿੱਖਾਂ ਨੂੰ ਇਨਸਾਫ਼ ਨਾ ਦੁਆ ਕੇ ਅਕਾਲੀ ਦਲ ਨੇ ਸਾਬਤ ਕਰ ਦਿੱਤਾ ਕਿ ਉਹ ਸਿੱਖ ਵਿਰੋਧੀ ਪਾਰਟੀ ਹੀ ਹੈ। ਭਾਵੇਂ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਾਰੇ ਸਿੱਖ ਕੈਦੀਆਂ ਦੀ ਤੁਰੰਤ ਰਿਹਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਪ੍ਰਭਾਵਸ਼ਾਲੀ ਦਖ਼ਲ ਦੀ ਮੰਗ ਕੀਤੀ ਗਈ ਹੈ।

ਪਰ.!! ਸੁਖਬੀਰ ਦੇ ਇਸ ਕਦਮ ਨੂੰ ਸਿੱਖ ਜੱਥੇਬੰਦੀਆਂ ਫਿਰ ਤੋਂ ਸਿੱਖ ਵਿਰੋਧੀ ਦੱਸ ਰਹੀਆਂ ਹਨ, ਕਿਉਂਕਿ ਵੋਟਾਂ ਆ ਰਹੀਆਂ ਹਨ। ਸਿੱਖ ਜੱਥੇਬੰਦੀਆਂ ਦੇ ਆਗੂਆਂ ਦਾ ਦੋਸ਼ ਹੈ ਕਿ ਸੁਖਬੀਰ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਨ, ਪਰ ਉਨ੍ਹਾਂ ਦੇ ਵੱਲੋਂ ਕਦੇ ਵੀ ਸਿੱਖ ਹਿੱਤ ਦੀ ਗੱਲ ਨਹੀਂ ਕੀਤੀ ਜਾਂਦੀ। ਕਹਿ ਸਕਦੇ ਹਾਂ ਕਿ ਸਿੱਖਾਂ ਦੀ ਪਾਰਟੀ ਅਖਵਾਉਣ ਵਾਲੀ ਅਕਾਲੀ ਦਲ, ਅੱਜ ਆਰਐਸਐਸ ਦੀ "ਗੋਦੀ" ਵਿੱਚ ਜਾ ਬੈਠੀ ਹੈ ਅਤੇ ਉਹ ਵੀ ਸਿਰਫ਼ ਬਾਦਲਾਂ ਦੇ ਕਾਰਨ। ਅੱਜ ਹੀ ਬਾਦਲ ਅਕਾਲੀ ਦਲ ਦਾ ਖਹਿੜਾ ਛੱਡ ਦੇਣ ਤਾਂ, ਸਿੱਖ ਆਪਣੇ ਹਿਸਾਬ ਨਾਲ ਇਨਸਾਫ਼ ਲੈ ਸਕਦੇ ਹਨ, ਪਰ ਅਫ਼ਸੋਸ...

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।