ਕਿਤੇ ਫਿਰ ਨਾ ਵਾਅਦਿਆਂ ਦੀ ਝੜੀ 'ਚ ਗਵਾਚ ਜਾਏ ਪੀਜੀਆਈ ਪ੍ਰਾਜੈਕਟ ਦਾ ਸੁਪਨਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 19 2019 11:21
Reading time: 2 mins, 48 secs

ਅੱਜ ਤੋਂ ਨਹੀਂ, ਬਲਕਿ ਪਿਛਲੇ ਕਰੀਬ ਇੱਕ ਦਹਾਕੇ ਤੋਂ ਹੀ ਫਿਰੋਜ਼ਪੁਰ ਵਿੱਚ ਪੀਜੀਆਈ ਬਣਾਉਣ ਦਾ ਰੌਲਾ ਅਕਾਲੀ ਦਲ, ਕਾਂਗਰਸ ਤੇ ਭਾਜਪਾ ਦੇ ਵੱਲੋਂ ਪਾਇਆ ਜਾ ਰਿਹਾ ਹੈ। 10 ਸਾਲ ਅਕਾਲੀ ਦਲ ਨੇ ਪੰਜਾਬ 'ਤੇ ਰਾਜ ਕੀਤਾ, ਪਰ ਅਕਾਲੀ ਦਲ ਵੀ ਆਪਣੇ ਕੀਤੇ ਵਾਅਦਿਆਂ ਤੋਂ ਮੁਕਰਦਾ ਰਿਹਾ ਹੈ ਅਤੇ ਪਿਛਲੇ ਢਾਈ ਸਾਲਾਂ ਤੋਂ ਕਾਂਗਰਸ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਆਈ, ਜਿਸ ਤੋਂ ਵੀ ਲੋਕਾਂ ਨੇ ਉਮੀਦਾਂ ਲਗਾਈਆਂ ਸਨ, ਪਰ ਕਾਂਗਰਸ ਵੀ ਆਪਣੇ ਕੀਤੇ ਵਾਅਦਿਆਂ ਨੂੰ ਸਿਰੇ ਨਹੀਂ ਲਗਾ ਸਕੀ।

ਜਿਸਦੇ ਕਾਰਨ ਹੁਣ ਕਾਂਗਰਸ, ਅਕਾਲੀ ਦਲ ਜਾਂ ਫਿਰ ਭਾਜਪਾ ਉਪਰ ਪੰਜਾਬ ਵਾਸੀਆਂ ਦਾ ਵਿਸ਼ਵਾਸ ਰਿਹਾ ਨਹੀਂ। ਦੱਸ ਦਈਏ ਕਿ ਫ਼ਿਰੋਜ਼ਪੁਰ ਵਿੱਚ ਪੀਜੀਆਈ ਬਣਾਉਣ ਨੂੰ ਲੈ ਕੇ ਪਹਿਲੋਂ ਤਾਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਰਾਸ਼ਟਰੀ ਕਾਰਜਕਾਰੀ ਮੈਂਬਰ ਕਮਲ ਸ਼ਰਮਾ ਜ਼ੋਰ ਲਗਾਉਂਦੇ ਰਹੇ, ਪਰ ਬਾਅਦ ਵਿੱਚ ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਇਸਦਾ 'ਕ੍ਰੈਡਿਟ ਲੈਣਾ'' ਸ਼ੁਰੂ ਕਰ ਦਿੱਤਾ। ਲੀਡਰਾਂ ਦੇ ਵਾਅਦਿਆਂ ਵਿੱਚ ਪੀਜੀਆਈ ਪ੍ਰਾਜੈਕਟ ਇਸ ਵੇਲੇ ਗੁੰਮ ਹੋਇਆ ਪਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਹੁਣ ਫ਼ਿਰੋਜ਼ਪੁਰ ਵਿੱਚ ਪੀਜੀਆਈ ਛੇਤੀ ਹੀ ਬਣੇਗਾ, ਕਿਉਂਕਿ ਫ਼ਿਰੋਜ਼ਪੁਰ ਵਿਖੇ ਪੀਜੀਆਈ ਲਈ 500 ਕਰੋੜ ਰੁਪਏ ਦਾ ਪ੍ਰਾਜੈਕਟ ਪਾਸ ਹੋ ਚੁੱਕਿਆ ਹੈ ਅਤੇ ਸਰਕਾਰੀ ਅਧਿਕਾਰੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸੇ ਸਾਲ ਪੀਜੀਆਈ ਪ੍ਰਾਜੈਕਟ ਸ਼ੁਰੂ ਹੋਵੇਗਾ। ਮਿਲੀ ਜਾਣਕਾਰੀ ਮੁਤਾਬਿਕ ਕੇਂਦਰੀ ਸਿਹਤ ਮੰਤਰਾਲਾ ਦੀ ਹਾਈ ਪਾਵਰ ਕਮੇਟੀ ਨੇ ਮੀਟਿੰਗ ਵਿੱਚ ਪੀਜੀਆਈ ਪ੍ਰਾਜੈਕਟ ਨੂੰ ਹਰੀ ਝੰਡੀ ਦਿੱਤੀ ਗਈ ਹੈ, ਜਿਸ ਤੋਂ ਬਾਅਦ ਇਹ ਉਮੀਦ ਲਗਾਈ ਜਾ ਸਕਦੀ ਹੈ ਕਿ, ਛੇਤੀ ਹੀ ਫਿਰੋਜ਼ਪੁਰ ਵਿੱਚ ਪੀਜੀਆਈ ਬਣੇਗਾ।

ਦੋਸਤੋ, ਮੰਤਰੀਆਂ ਅਤੇ ਵਿਧਾਇਕਾਂ ਦੇ ਵਾਅਦਿਆਂ ਤੋਂ ਤੰਗ ਆਏ ਕਈ ਲੋਕ ਤਾਂ ਫਿਰੋਜ਼ਪੁਰ ਜ਼ਿਲ੍ਹਾ ਹੀ ਛੱਡ ਚੁੱਕੇ ਹਨ ਅਤੇ ਵਿਦੇਸ਼ਾਂ ਵੱਲ ਨੂੰ ਤੁਰ ਪਏ ਹਨ। ਭਾਵੇਂ ਹੀ ਫਿਰੋਜ਼ਪੁਰ ਪਹਿਲੋਂ ਕਾਫ਼ੀ ਵੱਡਾ ਸ਼ਹਿਰ ਸੀ ਅਤੇ ਹੁਣ ਇਸ ਵਿੱਚੋਂ ਹੋਰ ਜ਼ਿਲ੍ਹੇ ਨਿਕਲ ਚੁੱਕੇ ਹਨ, ਪਰ ਬਾਵਜੂਦ ਇਸਦੇ ਫਿਰੋਜ਼ਪੁਰ ਨੂੰ ਕੱਖ ਵੀ ਨਹੀਂ ਮਿਲ ਸਕਿਆ। ਸਭ ਤੋਂ ਵੱਡਾ ਜ਼ਿਲ੍ਹਾ ਮੰਨਿਆ ਜਾਣ ਵਾਲਾ ਫਿਰੋਜ਼ਪੁਰ, ਅੱਜ ਸਹੂਲਤਾਂ ਤੋਂ ਸੱਖਣਾ ਹੈ, ਪਰ ਲੀਡਰਾਂ ਦੇ ਦਾਅਵਿਆਂ ਅਤੇ ਵਾਅਦਿਆਂ ਵਿੱਚ ਫਿਰੋਜ਼ਪੁਰ ਨੇ ਕਾਫ਼ੀ ਜ਼ਿਆਦਾ ਤਰੱਕੀ ਕਰ ਲਈ ਹੈ, ਜੋ ਕਿ ਬਿਲਕੁਲ ਝੂਠ ਹੈ।

ਬੀਤੇ ਦਿਨ ਦੀ ਜੇਕਰ ਆਪਾਂ ਗੱਲ ਕਰੀਏ ਤਾਂ, ਦੇਰ ਸ਼ਾਮ ਇਹ ਖ਼ਬਰ ਸੁਣਨ ਨੂੰ ਮਿਲੀ ਹੈ ਕਿ ਕੇਂਦਰੀ ਸਿਹਤ ਮੰਤਰਾਲਾ ਨੇ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਪੀਜੀਆਈ ਦੀ ਸਥਾਪਨਾ ਲਈ 500 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸਿਆ ਗਿਆ ਕਿ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਹੈਲਥ ਸੈਕਟਰੀ ਪ੍ਰੀਤੀ ਸੂਦਨ, ਪੀਜੀਏ ਡਾਇਰੈਕਟਰ ਜਗਤ ਰਾਮ, ਆਰਥੋਪੈਡਿਕ ਵਿੰਗ ਦੇ ਪ੍ਰਮੁੱਖ ਅਧਿਕਾਰੀ ਸਮੀਰ ਅਗਰਵਾਲ ਅਤੇ ਇੰਜੀਨੀਅਰਿੰਗ ਬ੍ਰਾਂਚ ਦੇ ਪ੍ਰਮੁੱਖ ਅਧਿਕਾਰੀਆਂ ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਹੈ।

ਇਹ ਖ਼ਬਰ ਸੁਣਨ ਤੋਂ ਬਾਅਦ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ 500 ਕਰੋੜ ਰੁਪਏ ਦਾ ਪ੍ਰੋਜੈਕਟ ਸਿਹਤ ਵਿਭਾਗ ਦੀ ਹਾਈ ਪਾਵਰ ਕਮੇਟੀ ਦੀ ਮੀਟਿੰਗ ਵਿੱਚ ਪਾਸ ਕਰ ਦਿੱਤਾ ਗਿਆ ਹੈ ਅਤੇ ਇਸੇ ਸਾਲ ਪ੍ਰਾਜੈਕਟ ਸ਼ੁਰੂ ਹੋ ਜਾਵੇਗਾ। ਹੁਣ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਲਈ ਜਲੰਧਰ ਜਾਂ ਲੁਧਿਆਣਾ ਨਹੀਂ ਜਾਣਾ ਪਵੇਗਾ, ਸਾਰੀਆਂ ਸੁਵਿਧਾਵਾਂ ਫ਼ਿਰੋਜ਼ਪੁਰ ਵਿਖੇ ਹੀ ਉਪਲਬਧ ਹੋਣਗੀਆਂ। ਭਾਵੇਂ ਹੀ ਆਪਣੇ ਬਿਆਨ ਜਾਰੀ ਕਰਕੇ ਵਿਧਾਇਕ ਪਿੰਕੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੋਹਲੇ ਗਾਏ।

ਪਰ ਪਿੰਕੀ ਨੇ ਕਿਧਰੇ ਵੀ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਦਾ ਧੰਨਵਾਦ ਨਹੀਂ ਕੀਤਾ, ਜਿਸ ਤੋਂ ਪਤਾ ਲੱਗਦਾ ਹੈ ਕਿ ਲੀਡਰਾਂ ਦੀ ਲੜਾਈ ਕਾਰਨ ਹੀ ਕਈ ਪ੍ਰਾਜੈਕਟ ਬਣੇ ਬਣਾਏ ਰਹਿ ਜਾਂਦੇ ਹਨ। ਦੂਜੇ ਪਾਸੇ ਡੀਸੀ ਫਿਰੋਜ਼ਪੁਰ ਚੰਦਰ ਗੈਂਦ ਨੇ ਵੀ ਵਿਧਾਇਕ ਪਿੰਕੀ ਦੇ ਨਾਲ ਹੀ ਬਿਆਨ ਦਿੱਤਾ ਕਿ ਸਰਕਾਰ ਵੱਲੋਂ ਸਾਰੀ ਕਾਰਵਾਈ ਪੂਰੀ ਹੋ ਚੁੱਕੀ ਹੈ ਅਤੇ ਸਰਕਟ ਹਾਊਸ ਦੇ ਕੋਲ 25 ਏਕੜ ਜਗ੍ਹਾ ਵੀ ਕੇਂਦਰ ਵੱਲੋਂ ਪੀਜੀਆਈ ਨੂੰ ਹੈਂਡਓਵਰ ਕੀਤੀ ਜਾ ਚੁੱਕੀ ਹੈ, ਉਮੀਦ ਹੈ ਕਿ ਇਹ ਪ੍ਰਾਜੈਕਟ ਜਲਦ ਹੀ ਸ਼ੁਰੂ ਹੋ ਜਾਵੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।