ਘਰੇਲੂ ਵਿਵਾਦਾਂ ਬਦਲ ਚੱਲੇ, ਖ਼ੂਨੀ ਰੂਪ 'ਚ!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 18 2019 13:51
Reading time: 3 mins, 6 secs

ਘਰਾਂ ਵਿੱਚ ਪਿਆਰ ਸਤਿਕਾਰ ਘਟਣ ਦੇ ਕਾਰਨ ਹੀ ਲੜਾਈ ਝਗੜੇ ਵੱਧਣ ਲੱਗ ਪਏ ਹਨ। ਅੱਜ ਹਰ ਘਰ ਵਿੱਚ 4/5 ਸਮਾਰਟ ਫੋਨ ਹਨ ਅਤੇ ਇਹ ਸਮਾਰਟ ਫੋਨ ਹੀ ਜ਼ਿਆਦਾਤਰ ਘਰਾਂ ਦਾ ਉਜਾੜਾ ਕਰ ਰਹੇ ਹਨ। ਭਾਵੇਂ ਹੀ ਕਈ ਘਰਾਂ ਵਿੱਚ ਸਮਾਰਟ ਫੋਨਾਂ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ, ਪਰ ਆਂਢੀ ਗੁਆਂਢੀ ਅਜਿਹੇ 'ਚੱਕਰ' ਚਲਾ ਜਾਂਦੇ ਹਨ ਕਿ ਘਰਾਂ ਵਿੱਚ ਲੜਾਈ ਝਗੜੇ ਹੋਣਾ ਤਾਂ ਫਿਰ ਆਮ ਹੀ ਗੱਲ ਹੋ ਜਾਂਦੀ ਹੈ। ਹੁਣ ਤੱਕ ਕਈ ਘਰੇਲੂ ਝਗੜਿਆਂ ਦੇ ਵਿੱਚ ਹੀ ਜਾਨਾਂ ਜਾ ਚੁੱਕੀਆਂ ਹਨ।

ਪਰ!! ਫਿਰ ਵੀ ਘਰੇਲੂ ਵਿਵਾਦ ਘੱਟਣ ਦਾ ਨਾਂ ਨਹੀਂ ਲੈ ਰਹੇ। ਵੋਮੈਨ ਥਾਣਿਆਂ ਤੋਂ ਇਲਾਵਾ ਦੂਜੇ ਥਾਣਿਆਂ ਦੇ ਵਿੱਚ ਧੜਾਧੜ ਘਰੇਲੂ ਵਿਵਾਦ ਦੇ ਪਹੁੰਚ ਰਹੇ ਕੇਸ ਸਾਬਤ ਕਰਦੇ ਹਨ ਕਿ ਘਰਾਂ ਦਾ ਮਾਹੌਲ ਠੀਕ ਠਾਕ ਨਹੀਂ ਚੱਲ ਰਿਹਾ। ਘਰਾਂ ਦੇ ਵਿੱਚ ਨਿੱਕੀ ਨਿੱਕੀ ਗੱਲ ਤੋਂ ਭਾਂਬੜ ਮੱਚਦਾ ਹੀ ਰਹੇਗਾ। ਦੱਸ ਦਈਏ ਕਿ ਕਈ ਵਾਰ ਔਰਤ ਮਰਦ ਦਾ ਇੱਕ ਦੂਜੇ ਉੱਪਰ ਕੀਤਾ ਗਿਆ 'ਸ਼ੱਕ' ਵੀ ਉਨ੍ਹਾਂ ਦੇ ਵਿੱਚ ਲੜਾਈ ਝਗੜੇ ਦਾ ਕਾਰਨ ਬਣ ਰਿਹਾ ਹੈ। ਨਵੀਂ ਨੌਜਵਾਨ ਪੀੜੀ ਭਾਵੇਂ ਹੀ ਗੱਲ ਬਹੁਤ ਘੱਟ ਬਰਦਾਸ਼ਤ ਕਰਦੀ ਹੈ।

ਪਰ ਜ਼ਿਆਦਾਤਰ ਨੁਕਸਾਨ ਵੀ ਨਵੀਂ ਪੀੜੀ ਦਾ ਹੀ ਹੋ ਰਿਹਾ ਹੈ। ਕਿਉਂਕਿ ਨਵੇਂ ਜੰਮਦੇ ਬੱਚੇ ਜਿਵੇਂ ਦਾ ਘਰ ਵਿੱਚ ਮਾਹੌਲ ਵੇਖਣਗੇ, ਉਹ ਉਹੋਂ ਜਿਹਾ ਹੀ ਕੰਮ ਕਰਨਗੇ। ਚਲੋ ਖ਼ੈਰ!! ਘਰ ਘਰ ਦੀ ਲੜਾਈ ਦੇ ਵਿੱਚ ਨਾ ਤਾਂ ਕੋਈ ਹੁਣ ਤੱਕ ਜਿੱਤ ਸਕਿਆ ਅਤੇ ਨਾ ਹੀ ਕੋਈ ਜਿੱਤ ਸਕੇਗਾ। ਘਰੇਲੂ ਵਿਵਾਦ ਦੇ ਨਾਲ ਜੁੜੇ ਦੋ ਮਾਮਲੇ ਫਿਰੋਜ਼ਪੁਰ ਦੇ ਪਿੰਡ ਵਾਹਗੇ ਵਾਲਾ ਅਤੇ ਪਿੰਡ ਬਹਾਦਰ ਕੇ ਤੋਂ ਸਾਹਮਣੇ ਆਏ ਹਨ, ਜਿੱਥੋਂ ਦੇ ਰਹਿਣ ਵਾਲੇ ਇੱਕ ਵਿਅਕਤੀ ਅਤੇ ਇੱਕ ਔਰਤ ਦੀ ਉਨ੍ਹਾਂ ਦੇ ਆਪਣਿਆਂ ਨੇ ਹੀ ਕੁੱਟਮਾਰ ਕਰ ਦਿੱਤੀ।

ਭਾਵੇਂ ਹੀ ਕੁੱਟਮਾਰ ਕਰਨ ਦੇ ਦੋਸ਼ ਵਿੱਚ ਪੁਲਿਸ ਥਾਣਾ ਸਦਰ ਫਿਰੋਜ਼ਪੁਰ ਦੇ ਵੱਲੋਂ 11 ਲੋਕਾਂ ਦੇ ਵਿਰੁੱਧ ਪਰਚੇ ਦਰਜ ਕਰ ਲਏ ਗਏ ਹਨ, ਪਰ ਹੁਣ ਤੱਕ ਕਿਸੇ ਵੀ ਮੁਲਜ਼ਮ ਨੂੰ ਪੁਲਿਸ ਕਾਬੂ ਨਹੀਂ ਕਰ ਸਕੀ। ਪਹਿਲੇ ਮਾਮਲੇ ਵਿੱਚ ਸ਼ਿਕਾਇਤਕਰਤਾ ਜਰਨੈਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਵਾਹਗੇ ਵਾਲਾ ਨੇ ਪੁਲਿਸ ਥਾਣਾ ਸਦਰ ਫਿਰੋਜ਼ਪੁਰ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਸ ਦਾ ਆਪਣੀ ਪਤਨੀ ਕੁਲਦੀਪ ਕੌਰ ਦੇ ਨਾਲ ਘਰੇਲੂ ਝਗੜਾ ਚਲਦਾ ਆ ਰਿਹਾ ਸੀ। ਜਰਨੈਲ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਉਹ ਬੀਤੇ ਦਿਨ ਆਪਣੇ ਖੇਤਾਂ ਵਿੱਚੋਂ ਅਰਬੀ ਪੁੱਟਣ ਗਿਆ ਸੀ।

ਇਸੇ ਦੌਰਾਨ ਉਸ ਦੀ ਕੁਲਦੀਪ ਕੌਰ ਨੇ ਆਪਣੇ ਭਰਾ ਲਵਪ੍ਰੀਤ ਸਿੰਘ ਅਤੇ ਰਿਸ਼ਤੇਦਾਰ ਜੱਗਾ ਸਿੰਘ, ਗੁਰਮੀਤ ਸਿੰਘ ਅਤੇ 5 ਅਣਪਛਾਤੇ ਬੰਦਿਆਂ ਨੂੰ ਨਾਲ ਲੈ ਕੇ ਮੁੱਦਈ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਜਰਨੈਲ ਸਿੰਘ ਮੁਤਾਬਿਕ ਸੱਟਾਂ ਵੱਜਣ ਦੇ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਪਰਿਵਾਰ ਵਾਲਿਆਂ ਦੇ ਵੱਲੋਂ ਉਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਮੁੱਦਈ ਦਾ ਡਾਕਟਰਾਂ ਦੇ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ।

ਇਸੇ ਤਰ੍ਹਾਂ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੂੰ ਦਿੱਤੇ ਬਿਆਨਾਂ ਹਰਜਿੰਦਰ ਕੌਰ ਪਤਨੀ ਉਜਾਗਰ ਸਿੰਘ ਵਾਸੀ ਬਹਾਦਰ ਵਾਲਾ ਨੇ ਦੋਸ਼ ਲਗਾਇਆ ਕਿ ਉਸ ਦੀ ਲੜਕੀ ਅਮਰਜੀਤ ਕੌਰ ਜੋ ਕਿ ਕੁਲਵਿੰਦਰ ਸਿੰਘ ਵਾਸੀ ਗੁਦਾਈ ਵਾਲਾ ਨਾਲ ਵਿਆਹੀ ਹੋਈ ਹੈ। ਹਰਜਿੰਦਰ ਕੌਰ ਨੇ ਦੋਸ਼ ਲਗਾਇਆ ਕਿ ਉਸ ਦੀ ਲੜਕੀ ਦੀ ਉਸ ਦਾ ਸਹੁਰਾ ਪਰਿਵਾਰ ਕੁੱਟਮਾਰ ਕਰਦਾ ਰਹਿੰਦਾ ਸੀ ਅਤੇ ਬੀਤੇ ਦਿਨ ਉਸ ਨੂੰ ਘਰੋਂ ਕੱਢ ਦਿੱਤਾ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਹੋਇਆ ਕੁਲਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਮੁੱਦਈਆ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ।

ਹਰਜਿੰਦਰ ਕੌਰ ਨੇ ਦੱਸਿਆ ਕਿ ਸੱਟਾਂ ਵੱਜਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਅਤੇ ਪਰਿਵਾਰ ਵਾਲਿਆਂ ਦੇ ਵੱਲੋਂ ਉਸ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਮੁੱਦਈਆ ਦਾ ਇਲਾਜ ਚੱਲ ਰਿਹਾ ਹੈ। ਦੋਵਾਂ ਮਾਮਲਿਆਂ ਦੀ ਜਾਂਚ ਕਰ ਰਹੇ ਏਐਸਆਈ ਬਲਬੀਰ ਸਿੰਘ ਅਤੇ ਏਐਸਆਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਰਨੈਲ ਸਿੰਘ ਅਤੇ ਹਰਜਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਕੁਲਦੀਪ ਕੌਰ ਪਤਨੀ ਜਰਨੈਲ ਸਿੰਘ, ਲਵਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ, ਜੱਗਾ ਸਿੰਘ ਪੁੱਤਰ ਮੁਖਤਿਆਰ ਸਿੰਘ, ਗੁਰਮੀਤ ਸਿੰਘ ਪੁੱਤਰ ਬੰਤਾ ਸਿੰਘ ਵਾਸੀਅਨ ਵਾਹਗੇ ਵਾਲਾ ਅਤੇ 5 ਅਣਪਛਾਤੇ ਵਿਅਕਤੀਆਂ ਤੋਂ ਇਲਾਵਾ ਕੁਲਵਿੰਦਰ ਸਿੰਘ ਪੁੱਤਰ ਚਰਨ ਸਿੰਘ ਅਤੇ ਸੁਖਵਿੰਦਰ ਸਿੰਘ ਵਾਸੀਅਨ ਗੁਦਾਈ ਵਾਲਾ ਦੇ ਵਿਰੁੱਧ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।