ਸਾਵਧਾਨ! ਤੁਹਾਡੀ ਲਗਜ਼ਰੀ ਗੱਡੀ ਚੋਰੀ ਦੀ ਤਾਂ ਨਹੀਂ ? ( ਨਿਊਜ਼ਨੰਬਰ ਖ਼ਾਸ ਖ਼ਬਰ )

Last Updated: Sep 18 2019 11:37
Reading time: 2 mins, 13 secs

ਵੱਡੀ ਗੱਡੀ ਦੀ ਇੱਛਾ ਸਾਰਿਆਂ ਨੂੰ ਹੁੰਦੀ ਹੈ ਪਰ ਮਹਿੰਗੇ ਮੁੱਲ ਕਰਕੇ ਇਹ ਇੱਛਾ ਨੂੰ ਪੂਰਾ ਕਰਨਾ ਔਖਾ ਜਿਹਾ ਲਗਦਾ ਹੈ, ਪਰ ਅੱਜ ਕੱਲ੍ਹ ਵੱਡੀਆਂ ਗੱਡੀਆਂ ਬਾਜ਼ਾਰੀ ਮੁੱਲ ਤੋਂ ਬੇਹੱਦ ਸਸਤੇ 'ਤੇ ਮਿਲ ਜਾਂਦੀਆਂ ਹਨ 'ਤੇ ਇੱਛਾ ਪੂਰੀ ਹੋ ਸਕਦੀ ਹੈ , ਲੇਕਿਨ ਖ਼ਰੀਦਣ ਤੋਂ ਪਹਿਲਾਂ ਖ਼ਰੀਦਦਾਰ ਨੂੰ ਸੌ ਵਾਰੀ ਸੋਚਣਾ ਪੈਣਾ ਹੈ, ਹੋ ਸਕਦਾ ਹੈ ਉਹ ਗੱਡੀ ਚੋਰੀ ਦੀ ਹੋ ਸਕਦੀ ਹੈ? ਜੀ ਹਾਂ, ਅਜਿਹਾ ਖ਼ੁਲਾਸਾ ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਨੇ ਕੀਤਾ ਹੈ ਅਤੇ ਇਸ ਮਾਮਲੇ 'ਚ ਕਰੀਬ ਸਵਾ ਕਰੋੜ ਰੁਪਏ ਤੋਂ ਵੀ ਵੱਧ ਮੁੱਲ ਦੀਆਂ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ ਜੋ ਚੋਰੀ ਦੀਆਂ ਹਨ। ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਦੇ ਐਸ.ਐਸ.ਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਇੱਕ ਚੋਪਹਿਆਂ ਵਾਹਨ ਚੋਰ ਗਿਰੋਹ ਦੇ ਅੰਤਰਰਾਜੀ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰਕੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਬਲਵੰਤ ਸਿੰਘ ਉਰਫ਼ ਬਾਬਾ ਪੁੱਤਰ ਠਾਕਰ ਸਿੰਘ ਵਾਸੀ ਸ਼੍ਰੀ ਮੁਕਤਸਰ ਸਾਹਿਬ ਅਤੇ ਜ਼ਿਲ੍ਹਾ ਮੋਗਾ ਦੇ ਬਾਘਾਪੁਰਾਣਾ ਵਾਸੀ ਰਜੀਵ ਕੁਮਾਰ ਪੁੱਤਰ ਇੰਦਰ ਸੈਨ ਵਜੋਂ ਕੀਤੀ ਹੈ। ਐਸ.ਐਸ.ਪੀ ਅਨੁਸਾਰ ਇਨ੍ਹਾਂ ਵਿਅਕਤੀਆਂ ਦੀ ਗਿਰਫ਼ਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਵੱਡਾ ਖ਼ੁਲਾਸਾ ਹੋਇਆ ਹੈ ਜਿਸਤੋਂ ਬਾਅਦ 1 ਘੋੜਾ ਟਰਾਲੇ ਸਣੇ 15 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ ਜਿਨ੍ਹਾਂ ਦੀ ਕੀਮਤ ਕਰੀਬ ਸਵਾ ਕਰੋੜ ਰੁਪਏ ਅਨੁਮਾਨਿਤ ਹੈ। ਇਹ ਵਾਹਨ ਚੋਰੀ ਦੇ ਹਨ। ਜਿਨ੍ਹਾਂ ਨੂੰ ਦੇਸ਼ ਦੇ ਵੱਖ ਵੱਖ ਸੂਬਿਆਂ 'ਚੋਂ ਚੋਰੀ ਕੀਤਾ ਗਿਆ ਹੈ। ਐਸ.ਐਸ.ਪੀ ਅਨੁਸਾਰ ਇਹ ਗਿਰੋਹ ਉਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਾਸੀ ਮੁਹੱਮਦ ਸ਼ਕੀਲ ਵਲੋਂ ਚਲਾਇਆ ਜਾ ਰਿਹਾ ਹੈ ਅਤੇ ਗਿਰੋਹ ਦੇ ਕਈ ਮੈਂਬਰ ਹੋ ਸਕਦੇ ਹਨ, ਜਿਨ੍ਹਾਂ ਵਿੱਚ ਉਕਤ ਦੋਵੇਂ ਕਾਬੂ ਕੀਤੇ ਮੁਲਜ਼ਮ ਸ਼ਾਮਲ ਹਨ। ਜ਼ਿਲ੍ਹਾ ਪੁਲਿਸ ਕਪਤਾਨ ਮੁਤਾਬਿਕ ਬਰਾਮਦ ਕੀਤੀਆਂ ਗਈਆਂ ਗੱਡੀਆਂ 'ਚ 1 ਫਾਰਚੂਨਰ , 3 ਇਨੋਵਾ , 4 ਬ੍ਰਿਜਾ , 5 ਸਵਿਫ਼ਟ ਡਿਜਾਇਰ ,1 ਮਹਿੰਦਰਾ ਬੋਲੈਰੋ , 1 ਟਰਾਲਾ ਘੋੜਾ ਬਰਾਮਦ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਅਧਾਰ 'ਤੇ ਕਾਰਵਾਈ ਕਰਕੇ ਉਕਤ ਕਾਬੂ ਕੀਤੇ ਗਏ ਨਾਮਜ਼ਦ ਮੁਲਜ਼ਮਾਂ ਨੂੰ ਇੱਕ ਇਨੋਵਾ ਗੱਡੀ ਸਮੇਤ ਕਾਬੂ ਕੀਤਾ ਸੀ ਅਤੇ ਪੁੱਛਗਿੱਛ ਦੌਰਾਨ ਇਹ ਵੱਡਾ ਖ਼ੁਲਾਸਾ ਹੋਇਆ ਜਿਸਤੋਂ ਬਾਅਦ ਇਨ੍ਹਾਂ ਗੱਡੀਆਂ ਦੀ ਬਰਾਮਦਗੀ ਕੀਤੀ ਗਈ। ਐਸ.ਐਸ.ਪੀ ਅਨੁਸਾਰ ਇਸ ਗਿਰੋਹ ਦੇ ਮੈਂਬਰ ਲਗਜ਼ਰੀ ਗੱਡੀਆਂ ਚੋਰੀ ਕਰਕੇ ਇਨ੍ਹਾਂ ਦਾ ਚੈਸੀ ਨੰਬਰ ਅਤੇ ਇੰਜਨ ਨੰਬਰ ਬਦਲ ਦਿੰਦੇ ਸਨ ਅਤੇ ਜਾਅਲੀ ਕਾਗ਼ਜ਼ਾਤ ਤਿਆਰ ਕਰਕੇ ਉਸ ਦੇ ਸਬੰਧੀ ਜਾਣਕਾਰੀ ਆਨ ਲਾਈਨ ਅੱਪਲੋਡ ਕਰ ਦਿੰਦੇ ਸਨ ਜਿਸਤੋਂ ਬਾਅਦ ਖ਼ਰੀਦਦਾਰ ਨੂੰ ਨਾ ਹੀ ਕੋਈ ਸ਼ੱਕ ਹੁੰਦਾ ਸੀ ਅਤੇ ਨਾ ਹੀ ਕਿਸੇ ਵਲੋਂ ਕਾਗ਼ਜ਼ਾਤ ਦੀ ਜਾਂਚ ਕਰਨ ਦੌਰਾਨ ਇਸ ਲਈ ਕਿਸੇ ਨੂੰ ਪਤਾ ਹੀ ਚਲਦਾ ਸੀ ਕਿ ਜੋ ਲਗਜ਼ਰੀ ਗੱਡੀ ਉਹ ਖ਼ਰੀਦ ਰਹੇ ਹਨ ਉਹ ਚੋਰੀ ਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਕਾਬੂ ਕਰਨ ਦੀ ਕਾਰਵਾਈ ਅਰੰਭੀ ਗਈ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ ਅਤੇ ਹੋਰ ਗੱਡੀਆਂ ਦੀ ਬਰਾਮਦਗੀ ਦੀ ਉਮੀਦ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।