ਉਮਰ ਤੋ ਅਭੀ ਕੁਛ ਨਹੀਂ, ਮਗਰ ਮਰਨੇ ਕੋ ਦਿਲ ਕਰਤਾ ਹੈ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 17 2019 17:59
Reading time: 2 mins, 50 secs

ਅਭੀ ਉਮਰ ਤੋ ਕੁਛ ਨਹੀਂ, ਮਗਰ ਮਰਨੇ ਕੋ ਦਿਲ ਕਰਤਾ ਹੈ !!! ਇਹ ਸਤਰਾਂ ਕਿਸੇ ਅਗਿਆਤ ਸ਼ਾਇਰ ਦੀਆਂ ਲਿਖੀਆਂ ਹੋਈਆਂ ਹਨ। ਇਨ੍ਹਾਂ ਲਾਈਨਾਂ ਨੂੰ ਭਾਵੇਂ ਪਿਆਰ ਮੁਹੱਬਤ ਦੇ ਨਾਲ ਜੋੜ ਲਵੋ ਜਾਂ ਫਿਰ ਸਰਕਾਰ ਦੇ ਨਾਲ ਜੋੜ ਲਵੋ, ਇਹ ਤੁਹਾਡੀ ਮਰਜ਼ੀ। ਪਰ ਮੈਂ ਤਾਂ ਇਨ੍ਹਾਂ ਸਤਰਾਂ ਜ਼ਰੀਏ ਸਰਕਾਰ ਨੂੰ ਸਵਾਲ ਕਰਨ ਦੀ ਕੋਸ਼ਿਸ਼ ਕਰਾਂਗਾ। ਦੋਸਤੋ, ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਭਾਵੇਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਵਿਧਾਨ ਸਭਾ ਚੋਣਾਂ 2017 ਦੇ ਦੌਰਾਨ ਕੀਤਾ ਸੀ।

ਪਰ.!! ਚੋਣਾਂ ਜਿੱਤਣ ਤੋਂ ਬਾਅਦ ਕੈਪਟਨ ਆਪਣੇ ਵਾਅਦੇ 'ਤੇ ਖ਼ਰਾ ਨਹੀਂ ਉਤਰ ਸਕੇ। ਜਿਸ ਦੇ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਸਰਕਾਰ ਦੀਆਂ ਗਲਤ ਨੀਤੀਆਂ ਦੇ ਖ਼ਿਲਾਫ਼ ਮੁਲਾਜ਼ਮਾਂ ਸੜਕਾਂ 'ਤੇ ਆ ਗਏ। ਹੁਣ ਢਾਈ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਕੈਪਟਨ ਸਰਕਾਰ ਨੂੰ ਸੱਤਾ ਵਿੱਚ ਆਇਆਂ ਨੂੰ, ਪਰ ਹੁਣ ਤੱਕ ਕੈਪਟਨ ਸਾਹਿਬ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕਰ ਸਕੇ। ਹੁਣ ਤਾਂ ਮੁਲਾਜ਼ਮ ਇਹ ਹੀ ਕਹਿੰਦੇ ਨਜ਼ਰੀ ਆ ਰਹੇ ਹਨ ਕਿ "ਉਮਰ ਤੋ ਅਭੀ ਕੁਛ ਨਹੀਂ, ਮਗਰ ਮਰਨੇ ਕੋ ਦਿਲ ਕਰਤਾ ਹੈ"।

ਮੁਲਾਜ਼ਮ ਇਹ ਗੱਲ ਤਾਂ ਆਖ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਹੋਰ ਕਿਧਰੇ ਵੀ ਰਸਤਾ ਵਿਖਾਈ ਨਹੀਂ ਦੇ ਰਿਹਾ, ਕਿ ਉਹ ਕਿਹੜੇ ਪਾਸੇ ਨੂੰ ਹੁਣ ਜਾਣ। ਦੱਸ ਦਈਏ ਕਿ ਪੰਜਾਬ ਦੇ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਭਾਵੇਂ ਹੀ ਪ੍ਰਦਰਸ਼ਨਕਾਰੀ ਸਰਕਾਰ 'ਤੇ ਨਿਸ਼ਾਨੇ ਕੱਸ ਰਹੇ ਹਨ ਅਤੇ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਸੰਘਰਸ਼ ਕਰ ਰਹੇ ਹਨ।

ਪਰ ਉਨ੍ਹਾਂ ਦੀ ਕਿਸੇ ਵੀ ਗੱਲ ਨੂੰ, ਸਰਕਾਰ ਸੁਣਨ ਨੂੰ ਤਿਆਰ ਨਹੀਂ ਹੈ। ਮੁਲਾਜ਼ਮ ਆਗੂਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਦੋਸ਼ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਠੇਕੇ 'ਤੇ ਕੰਮ ਕਰਦੀਆਂ ਆ ਰਹੀਆਂ ਹਨ ਅਤੇ ਪਿਛਲੇ 15 ਸਾਲਾਂ ਵਿੱਚ ਕਈ ਵਾਰ ਸਿਹਤ ਮੰਤਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ, ਪਰ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਸਰਕਾਰ ਦੇ ਵੱਲੋਂ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਬਜਾਏ, ਸਰਕਾਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਚਿੱਠੀਆਂ ਕੱਢ ਕੇ ਫੀਮੇਲ ਵਰਕਰਾਂ ਨੂੰ ਹਰਾਸ਼ ਕੀਤਾ ਜਾਂਦਾ ਹੈ।

ਦੋਸ਼ ਸਰਕਾਰ 'ਤੇ ਇਹ ਵੀ ਲੱਗ ਰਿਹਾ ਹੈ ਕਿ ਅੱਜ ਇਨ੍ਹਾਂ ਰੋਸ ਮੁਜ਼ਾਹਰਿਆਂ ਦੌਰਾਨ ਕੰਟਰੈਕਟ ਮਲਟੀਪਰਪਜ਼ ਵਰਕਰ ਫੀਮੇਲ ਮੋਨਿਕਾ, ਜੋ ਕਿ ਕੈਂਟ ਡਿਸਪੈਂਸਰੀ ਫ਼ਿਰੋਜ਼ਪੁਰ ਵਿਖੇ ਤੈਨਾਤ ਸੀ, ਉਸ ਦੀ ਮੌਤ ਹੋ ਗਈ। ਮੋਨਿਕਾ ਹਰ ਰੋਜ਼ ਧਰਨੇ ਵਿੱਚ ਸ਼ਾਮਲ ਹੁੰਦੀ ਸੀ। ਪਰ ਉਸ ਦੇ ਘਰ ਦੇ ਹਾਲਤ ਕੁਝ ਠੀਕ ਨਹੀਂ ਸੀ, ਜਿਸ ਕਾਰਨ ਉਹ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਰਹਿੰਦੀ ਸੀ। ਪਿਛਲੇ ਕਰੀਬ ਡੇਢ ਮਹੀਨੇ ਤੋਂ ਉਹ ਪ੍ਰੇਸ਼ਾਨੀ ਦੇ ਕਾਰਨ ਕਾਫ਼ੀ ਜ਼ਿਆਦਾ ਬਿਮਾਰ ਚੱਲ ਰਹੀ ਸੀ, ਜਿਸ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਮੋਨਿਕਾ ਸਮੇਤ ਫੀਮੇਲ ਵਰਕਰਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਸਰਕਾਰ ਵੱਲੋਂ ਤਨਖ਼ਾਹਾਂ ਵੀ ਨਹੀਂ ਸੀ ਦਿੱਤੀਆਂ ਜਾ ਰਹੀਆਂ, ਜਿਸ ਦੇ ਕਾਰਨ ਮੋਨਿਕਾ ਕਾਫ਼ੀ ਪ੍ਰੇਸ਼ਾਨ ਸੀ। ਕੰਟਰੈਕਟ ਮਲਟੀਪਰਪਜ਼ ਵਰਕਰ ਫੀਮੇਲ ਦੀਆਂ ਆਗੂਆਂ ਨੇ ਕਿਹਾ ਕਿ ਮੋਨਿਕਾ ਉਨ੍ਹਾਂ ਦੀਆਂ ਭੈਣਾਂ ਵਾਂਗ ਕੰਟਰੈਕਟ ਮਲਟੀਪਰਪਜ਼ ਫੀਮੇਲ ਵਰਕਰ ਸੀ। ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਮੋਨਿਕਾ ਨੂੰ ਕੋਈ ਵੀ ਸਰਕਾਰੀ ਸਹੂਲਤ ਨਹੀਂ ਮਿਲ ਰਹੀ ਸੀ, ਕਿਉਂਕਿ ਉਹ ਇੱਕ ਕੰਟਰੈਕਟ ਵਰਕਰ ਸੀ। ਇਹ ਸਰਕਾਰਾਂ ਵੱਲੋਂ ਲਗਾਇਆ ਇੱਕ ਧੱਬਾ ਹੈ।

ਇਸ ਮੌਕੇ 'ਤੇ ਕੰਟਰੈਕਟ ਮਲਟੀਪਰਪਜ਼ ਵਰਕਰ ਫੀਮੇਲ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਿਆਂ ਹੋਇਆਂ ਕਿਹਾ ਕਿ ਮੋਨਿਕਾ ਦੇ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ। ਵਰਕਰਾਂ ਨੇ ਇਹ ਵੀ ਮੰਗ ਕੀਤੀ ਕਿ ਮੋਨਿਕਾ ਦੇ ਪਰਿਵਾਰ ਵਿੱਚੋਂ ਕਿਸੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਘਰ ਦਾ ਗੁਜ਼ਾਰਾ ਉਹ ਚਲਾ ਸਕਣ। ਦੱਸ ਦਈਏ ਕਿ ਮੋਨਿਕਾ ਦੀ ਮੌਤ 'ਤੇ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਫਿਰ ਸਰਕਾਰੀ ਨੁਮਾਇੰਦਿਆਂ ਨੇ ਦੁੱਖ ਪ੍ਰਗਟ ਵੀ ਨਹੀਂ ਕੀਤਾ, ਜਿਸ ਤੋਂ ਸਾਫ਼ ਪਤਾ ਲੱਗ ਜਾਂਦਾ ਹੈ ਕਿ ਸਰਕਾਰ ਮੁਲਾਜ਼ਮ ਵਿਰੋਧੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।