ਸਰਕਾਰ ਜੀ ਦੱਸੋ, ਬਿਨ੍ਹਾਂ ਅਧਿਆਪਕਾਂ ਦੇ ਕਿੰਝ ਕਰਨਗੇ ਬੱਚੇ ਕੰਪਿਊਟਰ ਸਿੱਖਿਆ ਗ੍ਰਹਿਣ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Sep 11 2019 10:40
Reading time: 2 mins, 50 secs

ਇਕ ਪਾਸੇ ਤਾਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਦਾਅਵੇ ਪੰਜਾਬ ਦੀ ਕੈਪਟਨ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਾਰੀ ਕਮੀ ਦੇ ਕਾਰਨ ਵਿਦਿਆਰਥੀਆਂ ਦੀ ਪੜਾਈ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਵਿਦਿਆਰਥੀਆਂ ਨੂੰ ਜਿੱਥੇ ਪੂਰੇ ਅਧਿਆਪਕ ਪੜ੍ਹਾਉਣ ਨੂੰ ਨਹੀਂ ਮਿਲ ਰਹੇ, ਉੱਥੇ ਹੀ ਸਰਕਾਰੀ ਸਕੂਲਾਂ ਦੇ ਕਈ ਕੰਮਕਾਜ ਵੀ ਅਧਿਆਪਕ ਨਾ ਹੋਣ ਦੇ ਕਾਰਨ ਰੁਕੇ ਪਏ ਹਨ, ਪਰ ਸਰਕਾਰ ਤੇ ਸਬੰਧਤ ਸਿੱਖਿਆ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਹੇ।

ਦੱਸ ਦਈਏ ਕਿ ਸਰਕਾਰ ਦੇ ਵੱਲੋਂ ਕੱਚੇ ਅਧਿਆਪਕਾਂ ਨੂੰ ਜਿੱਥੇ ਪੱਕਾ ਨਹੀਂ ਕੀਤਾ ਜਾ ਰਿਹਾ, ਉੱਥੇ ਹੀ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਭਾਰੀ ਕਮੀ ਨੂੰ ਵੀ ਪੂਰਾ ਨਹੀਂ ਕੀਤਾ ਜਾ ਰਿਹਾ। ਵੇਖਿਆ ਜਾਵੇ ਤਾਂ ਅੱਜ ਅਧਿਆਪਕ ਵਰਗ ਤੋਂ ਇਲਾਵਾ ਵਿਦਿਆਰਥੀ ਵਰਗ ਵੀ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਤੋਂ ਤੰਗ ਹੋਇਆ ਪਿਆ ਹੈ ਅਤੇ ਸੰਘਰਸ਼ ਕਰਨ ਨੂੰ ਮਜਬੂਰ ਹੈ। ਦੱਸ ਇਹ ਵੀ ਦਈਏ ਕਿ ਸਰਕਾਰੀ ਸਕੂਲਾਂ ਦੇ ਵਿੱਚ ਕੰਪਿਊਟਰ ਅਧਿਆਪਕਾਂ ਦੀ ਭਾਰੀ ਕਮੀ ਦੇ ਕਾਰਨ ਬੱਚੇ ਕੰਪਿਊਟਰ ਸਿੱਖਿਆ ਤੋਂ ਵਾਂਝੇ ਰਹਿ ਰਹੇ ਹਨ।

ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ਦੇ ਵਿੱਚ ਕੰਪਿਊਟਰ ਅਧਿਆਪਕ ਨਾ ਹੋਣ ਦੇ ਕਾਰਨ ਸਕੂਲ ਦੇ ਵੀ ਕਾਫ਼ੀ ਕੰਮਕਾਜ ਰੁਕੇ ਪਏ ਹਨ ਅਤੇ ਸਿੱਖਿਆ ਅਧਿਕਾਰੀ ਸਕੂਲ ਅਧਿਆਪਕਾਂ ਉਪਰ ਬੋਝ ਪਾ ਰਹੇ ਹਨ ਕਿ ਉਹ ਕੰਪਿਊਟਰ ਰਾਹੀਂ ਸਾਰੀਆਂ ਰਿਪੋਰਟਾਂ ਭੇਜਣ। ਵੇਖਿਆ ਜਾਵੇ ਤਾਂ, ਕੰਪਿਊਟਰ ਅਧਿਆਪਕ ਤੋਂ ਬਿਨ੍ਹਾਂ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਹੋਰ ਸਕੂਲ ਦੇ ਕੰਮਕਾਜ ਵੀ ਦੂਜੇ ਵਿਸ਼ਿਆਂ ਦੇ ਨਾਲ ਸਬੰਧਤ ਅਧਿਆਪਕ ਕਰਨ। ਸੋ ਖ਼ੈਰ!! ਸਿੱਖਿਆ ਅਧਿਕਾਰੀਆਂ ਨੂੰ ਕੰਮ ਨਾਲ ਮਤਲਬ ਹੈ, ਅਧਿਆਪਕ ਭਾਵੇਂ ਕਾਲੇ ਚੋਰ ਤੋਂ ਕਰਵਾ ਕੇ ਲਿਆਉਣ।

ਕੰਪਿਊਟਰ ਅਧਿਆਪਕਾਂ ਦੀ ਭਾਰੀ ਕਮੀ ਦੇ ਨਾਲ ਜੂਝ ਰਿਹਾ ਸਰਕਾਰੀ ਸੀਨੀਅਰ ਸੈਕੰਡਰੀ (ਕੰਨਿਆ) ਸਕੂਲ ਬਾਘਾ ਪੁਰਾਣਾ ਦੇ ਵਿੱਚ ਇਕ ਵੀ ਕੰਪਿਊਟਰ ਅਧਿਆਪਕ ਨਹੀਂ ਹੈ, ਜਦੋਂਕਿ ਡੈਪੂਟੇਸ਼ਨ 'ਤੇ ਸਕੂਲ ਪਹੁੰਚ ਰਹੇ ਕੰਪਿਊਟਰ ਅਧਿਆਪਕ ਵੀ ਸਿੱਖਿਆ ਦਫ਼ਤਰ ਵੱਲੋਂ ਲਗਾਈ ਡਿਊਟੀ ਮੁਤਾਬਿਕ ਦੋ-ਤਿੰਨ ਦਿਨ ਹੀ ਸਕੂਲ ਦੇ ਅੰਦਰ ਪਹੁੰਚਦੇ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਸਰਕਾਰੀ ਸੀਨੀਅਰ ਸੈਕੰਡਰੀ (ਕੰਨਿਆ) ਸਕੂਲ ਬਾਘਾ ਪੁਰਾਣਾ ਦੇ ਵਿੱਚ ਕੰਪਿਊਟਰ ਅਧਿਆਪਕਾਂ ਦੀਆਂ 5 ਪੋਸਟਾਂ ਹਨ।

ਪਰ ਅਫ਼ਸੋਸ ਦੀ ਗੱਲ ਹੈ ਕਿ ਉਕਤ ਪੰਜ ਦੀਆਂ ਪੰਜ ਪੋਸਟਾਂ ਹੀ ਖਾਲੀ ਹਨ। ਵੇਖਿਆ ਜਾਵੇ ਤਾਂ ਅਜਿਹੇ ਹਲਾਤਾਂ ਦੇ ਵਿੱਚ ਵਿਦਿਆਰਥੀ ਕਿਵੇਂ ਕੰਪਿਊਟਰ ਸਿੱਖਿਆ ਗ੍ਰਹਿਣ ਕਰ ਸਕਣਗੇ, ਇਹ ਇਕ ਆਪਣੇ ਆਪ ਵਿੱਚ ਹੀ ਵੱਡਾ ਸਵਾਲ ਹੈ? ਜਾਣਕਾਰੀ ਮੁਤਾਬਿਕ ਸਰਕਾਰੀ ਸੀਨੀਅਰ ਸੈਕੰਡਰੀ (ਕੰਨਿਆ) ਸਕੂਲ ਬਾਘਾ ਪੁਰਾਣਾ ਵਿੱਚ ਵਿਦਿਆਰਥੀਆਂ ਦੀ ਗਿਣਤੀ ਕਰੀਬ 6ਵੀਂ ਤੋਂ 12ਵੀਂ ਜਮਾਤ ਤੱਕ 1200 ਹੈ। ਸਕੂਲ ਅਧਿਆਪਕਾਂ ਨੇ ਦੱਸਿਆ ਕਿ 2015 ਤੋਂ ਕੋਈ ਵੀ ਰੈਗੂਲਰ ਕੰਪਿਊਟਰ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ (ਕੰਨਿਆ) ਸਕੂਲ ਬਾਘਾ ਪੁਰਾਣਾ ਦੇ ਵਿੱਚ ਨਹੀਂ ਹੈ।

ਸਰਕਾਰੀ ਸੀਨੀਅਰ ਸੈਕੰਡਰੀ (ਕੰਨਿਆ) ਸਕੂਲ ਬਾਘਾ ਪੁਰਾਣਾ ਦੇ ਅਧਿਆਪਕਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਹ ਕਈ ਵਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਨੂੰ ਕੰਪਿਊਟਰ ਅਧਿਆਪਕਾਂ ਦੀ ਡੈਪੂਟੇਸ਼ਨ ਵਧਾਉਣ ਸਬੰਧੀ ਲਿਖਤੀ ਬੇਨਤੀਆਂ ਕਰ ਚੁੱਕੇ ਹਨ। ਅਧਿਆਪਕਾਂ ਅਤੇ ਸਕੂਲੀ ਵਿਦਿਆਰਥੀਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਤੋਂ ਮੰਗ ਕੀਤੀ ਕੰਪਿਊਟਰ ਅਧਿਆਪਕ ਉਨ੍ਹਾਂ ਦੇ ਸਕੂਲ ਵਿੱਚ ਭੇਜੇ ਜਾਣ ਤਾਂ, ਜੋ ਸਕੂਲ ਦੇ ਵਿਦਿਆਰਥੀ ਕੰਪਿਊਟਰ ਵਿੱਦਿਆ ਗ੍ਰਹਿਣ ਕਰ ਸਕਣ ਅਤੇ ਸਕੂਲ ਵਿੱਚ ਹੋਰ ਚਿੱਠੀ ਪੱਤਰ ਦਾ ਕੰਮ ਵੀ ਸੌਖ਼ਾਲਾ ਹੋ ਸਕੇ।

ਦੂਜੇ ਪਾਸੇ 'ਨਿਊਜ਼ਨੰਬਰ' ਪ੍ਰਤੀਨਿਧੀ ਦੇ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਜਸਪਾਲ ਸਿੰਘ ਦੇ ਨਾਲ ਸੰਪਰਕ ਕੀਤਾ ਗਿਆ ਅਤੇ ਸਰਕਾਰੀ ਸੀਨੀਅਰ ਸੈਕੰਡਰੀ (ਕੰਨਿਆ) ਸਕੂਲ ਬਾਘਾ ਪੁਰਾਣਾ ਦੇ ਵਿੱਚ ਕੰਪਿਊਟਰ ਅਧਿਆਪਕਾਂ ਦੀਆਂ 5 ਪੋਸਟਾਂ ਖ਼ਾਲੀ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਸਕੂਲ ਜਾ ਕੇ ਚੈੱਕ ਕਰਨਗੇ। ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਬਾਰੇ ਜਦੋਂ ਪੁੱਛਿਆ ਗਿਆ ਤਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਉਹ ਜ਼ਰੂਰ ਸਕੂਲ ਵਿੱਚ ਕੰਪਿਊਟਰ ਅਧਿਆਪਕ ਭੇਜਣ ਸਬੰਧੀ 'ਅਡਜਟਸਮੈਂਟ' ਕਰਨਗੇ। ਦੇਖਣਾ ਹੁਣ ਇਹ ਹੋਵੇਗਾ ਕਿ ਡੀਈਓ ਸਾਹਿਬ ਕਦੋਂ ਸਕੂਲ ਦਾ ਦੌਰਾ ਕਰਦੇ ਹਨ ਅਤੇ ਕੰਪਿਊਟਰ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਦੇ ਹਨ? ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਬਣਦੈ?