ਵਿਸ਼ਵ ਨਸ਼ਾ ਵਿਰੋਧੀ ਦਿਵਸ ਅਤੇ ਪੰਜਾਬ ਦੇ ਮੌਜੂਦਾ ਹਾਲਤ (ਨਿਊਜ਼ ਨੰਬਰ ਖ਼ਾਸ ਖ਼ਬਰ)

Last Updated: Jun 26 2019 15:04
Reading time: 2 mins, 27 secs

ਅੱਜ 26 ਜੂਨ ਵਿਸ਼ਵ ਨਸ਼ਾ ਵਿਰੋਧੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਨਸ਼ਾ ਇੱਕ ਐਸੀ ਅਲਾਮਤ ਹੈ ਜਿਸ ਵਿੱਚ ਗ੍ਰਸਤ ਹੋਕੇ ਅੱਜ ਦੀ ਨੌਜਵਾਨ ਪੀੜੀ ਆਪਣੇ ਆਪ ਨੂੰ ਅਤੇ ਸਮਾਜ ਨੂੰ ਨੁਕਸਾਨ ਪਹੁੰਚਾ ਰਹੀ ਹੈ। ਨਸ਼ੇ ਦੀ ਅਲਾਮਤ ਨਾਲ ਸਮਾਜਿਕ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚ ਰਿਹਾ ਹੈ। ਪਿੱਛੇ ਜਿਹੇ ਬਠਿੰਡਾ ਜ਼ਿਲ੍ਹੇ ਦੇ ਇੱਕ ਨਸ਼ੇੜੀ ਨੌਜਵਾਨ ਨੇ ਆਪਣੇ ਸਾਰੇ ਟੱਬਰ 'ਤੇ ਹਮਲਾ ਕਰ ਦਿੱਤਾ ਜਿਸ ਵਿੱਚ ਉਸ ਦੀ ਪਤਨੀ ਦੀ ਮੌਤ ਹੋ ਗਈ ਅਤੇ ਉਸ ਦਾ ਬਾਪ ਅਤੇ ਭਰਾ ਜ਼ਿੰਦਗੀ ਅਤੇ ਮੌਤ ਵਿਚਕਾਰ ਲਟਕ ਰਹੇ ਹਨ। ਨਸ਼ੇ ਦੀ ਅਲਾਮਤ ਵਿੱਚ ਗ੍ਰਸਤ ਇਨਸਾਨ ਨਾ ਤਾਂ ਸਮਾਜ ਦਾ ਹੁੰਦਾ ਹੈ ਅਤੇ ਨਾ ਹੀ ਆਪਣੇ ਪਰਿਵਾਰ ਦਾ ਹੁੰਦਾ ਹੈ। ਨਸ਼ੇ ਵਿੱਚ ਗ੍ਰਸਤ ਨੌਜਵਾਨ ਨਸ਼ੇ ਦੀ ਪੂਰਤੀ ਕਰਨ ਲਈ ਅਕਸਰ ਜੁਰਮ ਦੀ ਦੁਨੀਆ ਵਿੱਚ ਚਲੇ ਜਾ ਰਹੇ ਹਨ ਜਿਸ ਦਾ ਖਾਮਿਆਜਾ ਸਮਾਜ ਨੂੰ ਭੁਗਤਣਾ ਪੈ ਰਿਹਾ ਹੈ। ਨਸ਼ਾ ਸਾਡੇ ਪੰਜਾਬ ਦੀ ਇੱਕ ਵੱਡੀ ਅਤੇ ਮੁੱਖ ਸਮੱਸਿਆ ਬਣ ਚੁੱਕਾ ਹੈ ਅਤੇ 2017 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਕੈਪਟਨ ਸਰਕਾਰ ਨਸ਼ੇ ਨੂੰ ਖ਼ਤਮ ਕਰਨ ਦੇ ਵਾਅਦੇ ਨਾਲ ਹੀ ਸੱਤਾ ਵਿੱਚ ਆਈ ਕਿਉਂਕਿ ਉਸ ਸਮੇਂ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਪਦ ਦੇ ਦਾਅਵੇਦਾਰ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਵਿਖੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵੱਲ ਹੱਥ ਕਰਕੇ ਸਹੁੰ ਖ਼ਾਕੇ ਕਿਹਾ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਪੰਜਾਬ ਵਿੱਚੋਂ ਨਸ਼ਾ 4 ਹਫ਼ਤਿਆਂ ਵਿੱਚ ਖ਼ਤਮ ਕਰ ਦੇਣਗੇ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਿਆ ਦੋ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਪੰਜਾਬ ਦੇ ਹਾਲਤ ਪਹਿਲਾ ਨਾਲੋਂ ਵੀ ਬਦਤਰ ਹੋ ਚੁੱਕੇ ਹਨ।

ਆਏ ਦਿਨ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਮੁੰਡਿਆਂ ਦੀਆ ਖ਼ਬਰਾਂ ਪੰਜਾਬ ਦੇ ਵਿਗੜ ਰਹੇ ਹਾਲਾਤਾਂ ਨੂੰ ਚੀਕ ਚੀਕ ਕੇ ਕਹਿ ਰਹੀਆਂ ਹੁੰਦੀਆਂ ਹਨ। ਹੁਣ ਤਾਂ ਬਠਿੰਡਾ ਵਿਖੇ ਦੀਪ ਸਿੰਘ ਨਗਰ ਦੀ ਇੱਕ 21 ਸਾਲ ਕੁੜੀ ਨਸ਼ੇ ਦੀ ਓਵਰਡੋਜ਼ ਨਾਲ ਬੇਹੋਸ਼ ਮਿਲੀ ਅਤੇ ਕੁਝ ਦਿਨਾਂ ਬਾਅਦ ਉਸ ਦੀ ਮੌਤ ਦੀ ਖ਼ਬਰ ਆਈ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੇ ਨਸ਼ੇ ਨੂੰ ਖ਼ਤਮ ਕਰਨ ਦੀ ਸਹੁੰ ਨਹੀਂ ਖਾਧੀ ਸੀ ਉਨ੍ਹਾਂ ਨੇ ਤਾਂ ਨਸ਼ੇ ਦੇ ਲੱਕ ਤੋੜਨ ਦੀ ਸਹੁੰ ਖਾਧੀ ਸੀ ਇਸ ਲਈ ਉਨ੍ਹਾਂ ਨੇ ਨਸ਼ੇ ਦਾ ਲੱਕ ਤੋੜ ਦਿੱਤਾ ਹੈ। ਨਸ਼ੇ ਦੇ ਟੁੱਟੇ ਲੱਕ ਦੀ ਅਸਲੀਅਤ ਬਿਆਨ ਅੱਜ ਦੇ ਅਖ਼ਬਾਰ ਕਰ ਰਹੇ ਹਨ ਅੱਜ ਵਿਸ਼ਵ ਨਸ਼ਾ ਵਿਰੋਧੀ ਦਿਵਸ ਤੇ ਅਖ਼ਬਾਰਾਂ ਵਿੱਚ ਪੰਜਾਬ ਦੇ ਘੱਟੋ ਘੱਟ 4 ਨੌਜਵਾਨਾਂ ਦੀਆ ਖ਼ਬਰਾਂ ਪ੍ਰਕਾਸ਼ਿਤ ਹਨ। ਜੇਕਰ ਕੈਪਟਨ ਸਾਹਿਬ ਇਸ ਨੂੰ ਨਸ਼ੇ ਦਾ ਲੱਕ ਤੋੜਨਾ ਕਹਿੰਦੇ ਹਨ ਤਾਂ ਫਿਰ ਉਹ ਮੰਜਰ ਕਿ ਹੋਵੇਗਾ ਜਿਸ ਵਿੱਚ ਸਰਕਾਰ ਦੀ ਨਜ਼ਰ ਵਿੱਚ ਨਸ਼ਾ ਖੁੱਲ੍ਹੇਆਮ ਵਿਕਦਾ ਹੋਵੇਗਾ। ਸਰਕਾਰ ਦੇ ਦਾਅਵੇ ਵਾਅਦੇ ਜੋ ਵੀ ਹੋਣ ਪਰ ਧਰਾਤਲ ਪੱਧਰ ਤੇ ਸਚਾਈ ਕੁੱਝ ਹੋਰ ਹੈ ਨਸ਼ਿਆਂ ਦਾ ਲੱਕ ਟੁੱਟਣ ਦੀ ਬਜਾਏ ਨਸ਼ੇ ਖੁੱਲ੍ਹੇਆਮ ਵਿਕ ਰਹੇ ਹਨ ਅਤੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਗਰਕ ਰਹੇ ਹਨ। ਸਰਕਾਰ ਕਹਿੰਦੀ ਹੈ ਨੌਜਵਾਨਾਂ ਨੂੰ ਨਸ਼ੇ ਛੁਡਵਾਉਣ ਲਈ ਉਹ ਨਸ਼ਾ ਛੁਡਾਓ ਕੇਂਦਰ ਖੋਲ੍ਹ  ਰਹੀ ਹੈ ਪਰ ਅਸਲੀਅਤ ਇਹ ਹੈ ਕਿ ਨੌਜਵਾਨ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਨਸ਼ੇ ਦੀ ਦਲਦਲ ਵਿੱਚ ਧੱਸਦੇ ਚਲੇ ਜਾ ਰਹੇ ਹਨ। ਸਰਕਾਰ ਜੇ ਸਮੁੱਚ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣਾ ਚਾਹੁੰਦੀ ਹੈ ਤਾਂ ਨੌਜਵਾਨਾਂ ਲਈ ਚੰਗੀ ਸਿੱਖਿਆ ਅਤੇ ਰੋਜ਼ਗਾਰ ਮੁਹੱਈਆ ਕਰਵਾਏ। ਨਸ਼ੇ ਨਸ਼ਾ ਛੁਡਾਓ ਕੇਂਦਰ ਵਿੱਚ ਨਹੀਂ ਸਗੋਂ ਚੰਗੀ ਸਿੱਖਿਆ ਤੇ ਰੋਜ਼ਗਾਰ ਨਾਲ ਛੁੱਟਣੇ ਹਨ।