ਹਲਕਾ ਫ਼ਿਰੋਜ਼ਪੁਰ ਦੇ ਵੋਟਰਾਂ ਨੇ ਵਿਕਾਸ ਲਈ ਸੁਖਬੀਰ ਨੂੰ ਜਿਤਾਇਆ ( ਨਿਊਜ਼ਨੰਬਰ ਖ਼ਾਸ ਖ਼ਬਰ )

Last Updated: May 23 2019 17:14
Reading time: 1 min, 49 secs

ਲੋਕ-ਸਭਾ ਚੋਣਾਂ ਲਈ 19 ਮਈ ਨੂੰ ਪਈਆਂ ਵੋਟਾਂ ਦੇ ਨਤੀਜੇ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਸਹੀ ਸਾਬਤ ਕਰ ਗਏ ਅਤੇ ਇੱਕ ਵਾਰ ਫਿਰ ਦੇਸ਼ ਦੀ ਬਾਗਡੋਰ ਨਰੇਂਦਰ ਮੋਦੀ ਹੱਥ ਮੁੜ ਤੋਂ ਦੇਸ਼ ਦੇ ਵੋਟਰਾਂ ਨੇ ਦੇ ਦਿੱਤੀ ਹੈ , ਉੱਧਰ ਜੇਕਰ ਗੱਲ ਪੰਜਾਬ ਦੀ ਹਾਟ ਸੀਟ 'ਚੋਂ ਇੱਕ ਮਨੀ ਜਾ ਰਹੀ ਫ਼ਿਰੋਜ਼ਪੁਰ ਸੀਟ ਦੀ ਗੱਲ ਕਰੀਏ ਤਾਂ ਇੱਥੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ 198136 ਵੋਟਾਂ ਦੇ ਵੱਡੇ ਅੰਤਰ ਨਾਲ ਹਰਾਇਆ ਹੈ।

ਜੇਕਰ ਸ਼ੇਰ ਸਿੰਘ ਘੁਬਾਇਆ ਦੀ ਇਸ ਹਾਰ 'ਤੇ ਸਿਆਸੀ ਮਾਹਿਰਾਂ ਦੇ ਤਰਕ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਲੋਕ-ਸਭਾ ਹਲਕਾ ਫ਼ਿਰੋਜ਼ਪੁਰ ਦੇ ਲੋਕਾਂ ਨੇ ਬਿਰਾਦਰੀ ਵਾਦ ਨੂੰ ਬੜ੍ਹਾਵਾ ਨਹੀਂ ਦਿੱਤਾ ਸਗੋਂ ਲੋਕਾਂ ਨੇ ਵਿਕਾਸ ਦੇ ਨਾਂਅ 'ਤੇ ਵੋਟਾਂ ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਪਾ ਕੇ ਵਿਕਾਸ ਦੀ ਉਮੀਦ 'ਚ ਜਿਤਾਇਆ ਹੈ। ਇਸ ਦੇ ਨਾਲ ਹੀ ਸ਼ੇਰ ਸਿੰਘ ਘੁਬਾਇਆ ਅਤੇ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਘੁਬਾਇਆ ਪਿੱਛੇ ਨਜ਼ਰ ਆਉਂਦੀ ਬਿਰਾਦਰੀ ਵੋਟ ਦਾ ਵੀ ਭਰਮ ਟੁੱਟ ਗਿਆ ਹੈ ਜੋ ਘੁਬਾਇਆ ਲਈ ਸਭ ਤੋਂ ਵੱਡਾ ਝਟਕਾ ਹੈ। ਇੱਥੇ ਦੱਸਣਾ ਚਾਹੁੰਦੇ ਹਾਂ ਕਿ ਘੁਬਾਇਆ ਨੂੰ ਕਾਂਗਰਸ ਵਲੋਂ ਟਿਕਟ ਦੇਣ ਪਿੱਛੇ ਵੱਡਾ ਕਾਰਨ ਕਾਂਗਰਸ ਨੂੰ ਨਜ਼ਰ ਆਉਂਦੀ ਬਿਰਾਦਰੀ ਦੀ ਵੋਟ ਸੀ ਪਰ ਵੋਟਰਾਂ ਨੇ ਸਾਬਤ ਕਰ ਦਿੱਤਾ ਕਿ ਬਿਰਾਦਰੀ ਵਾਦ ਨਹੀਂ ਸਗੋਂ ਉਹ ਵਿਕਾਸ ਨੂੰ ਪਹਿਲ ਦਿੰਦੇ ਹਨ।

ਅੱਜ ਸਵੇਰੇ ਸ਼ੁਰੂ ਹੋਈ ਗਿਣਤੀ ਦੌਰਾਨ ਜੋ ਸ਼ੁਰੂਆਤੀ ਰੁਝਾਨ ਆਏ ਉਨ੍ਹਾਂ 'ਚ ਸੁਖਬੀਰ ਸਿੰਘ ਬਾਦਲ ਵਲੋਂ ਬੜ੍ਹਤ ਬਣਾਈ ਹੋਈ ਸੀ ਜਿਸ ਨੂੰ ਲੈ ਕੇ ਸਥਿਤੀ ਸਾਫ਼ ਹੁੰਦੀ ਨਜ਼ਰ ਆ ਰਹੀ ਸੀ ਕਿ ਬਾਦਲ ਹੀ ਇੱਥੋਂ ਚੋਣ ਭਾਰੀ ਵੋਟਾਂ ਦੇ ਅੰਤਰ ਨਾਲ ਜਿੱਤਣਗੇ ਪਰ ਕੀਤੇ ਨਾ ਕੀਤੇ ਘੁਬਾਇਆ ਸਣੇ ਇਨ੍ਹਾਂ ਦੀ ਬਿਰਾਦਰੀ ਦੇ ਹਿਮਾਇਤੀਆਂ ਨੂੰ ਲਗਦਾ ਸੀ ਕਿ ਸ਼ਾਇਦ ਉਹ ਬਾਦਲ ਦੀ ਇਸ ਲੀਡ ਨੂੰ ਤੋੜ ਦੇਣਗੇ ਪਰ ਬਾਦਲ ਦੀ ਲੀਡ ਵਧਦੀ ਚਲੀ ਗਈ ਅਤੇ ਵੋਟਾਂ ਦਾ ਅੰਕੜਾ 631100 'ਤੇ ਪਹੁੰਚ ਗਿਆ ਜੱਦੋ ਕਿ ਘੁਬਾਇਆ ਨੂੰ 432964 ਲੱਖ ਵੋਟਾਂ ਪਈਆਂ। ਇੱਥੇ ਇਹ ਸਾਬਤ ਹੋ ਗਿਆ ਹੈ ਕਿ ਲੋਕ-ਸਭਾ ਹਲਕਾ ਫ਼ਿਰੋਜ਼ਪੁਰ ਦੇ ਸੂਝਵਾਨ ਵੋਟਰਾਂ ਨੇ ਬਿਰਾਦਰੀ ਵਾਦ ਨੂੰ ਬੜ੍ਹਾਵਾ ਨਹੀਂ ਦਿੱਤਾ ਅਤੇ ਸ਼ੇਰ ਸਿੰਘ ਘੁਬਾਇਆ ਨੂੰ ਇੱਕ ਤਰ੍ਹਾਂ ਨਾਲ ਸਬਕ ਸਿਖਾਇਆ ਹੈ ਕਿ ਵੋਟਾਂ ਕੰਮ ਨੂੰ ਹੀ ਪੈਂਦੀਆਂ ਹਨ ਅਤੇ ਵੋਟਰਾਂ ਨੇ ਹਲਕੇ 'ਚ ਵਿਕਾਸ ਦੀ ਚਾਹਤ ਨੂੰ ਵੇਖ ਕੇ ਸੁਖਬੀਰ ਸਿੰਘ ਬਾਦਲ ਨੂੰ ਜਿਤਾਇਆ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।