ਪੰਜਾਬ ‘ਚ ਨਹੀਂ ਚੱਲਿਆ ਮੋਦੀ ਫੈਕਟਰ! ( ਨਿਊਜ਼ਨੰਬਰ ਖ਼ਾਸ ਖ਼ਬਰ )  

Last Updated: May 23 2019 14:44
Reading time: 2 mins, 18 secs

ਐਗਜ਼ਿਟ ਪੋਲ ਦੇ ਅਨੁਮਾਨਿਤ ਨਤੀਜਿਆਂ ਅਤੇ ਅੱਜ ਵੋਟਾਂ ਦੀ ਗਿਣਤੀ ਦੌਰਾਨ ਚੋਣ ਨਤੀਜਿਆਂ ਦੇ ਰੁਝਾਨ ਨੂੰ ਮੋਦੀ ਫੈਕਟਰ ਦੱਸਿਆ ਜਾ ਰਿਹਾ ਹੈ ਅਤੇ ਕੀਤੇ ਨਾ ਕੀਤੇ ਇਹ ਸਹੀ ਵੀ ਸਾਬਤ ਹੋ ਰਿਹਾ ਹੈ ਪਰ ਜੇਕਰ ਪੰਜਾਬ 'ਚ ਚੋਣ ਨਤੀਜਿਆਂ ਦੇ ਰੁਝਾਨ ਵਾਲ ਇੱਕ ਝਾਤ ਮਾਰੀ ਜਾਵੇ ਤਾਂ ਪੰਜਾਬ 'ਚ ਮੋਦੀ ਫੈਕਟਰ ਨੇ ਕੰਮ ਨਹੀਂ ਕੀਤਾ ਅਤੇ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੇ ਉਮੀਦਵਾਰਾਂ ਨੂੰ ਵੱਧ ਵੋਟਾਂ ਪਾਈਆ ਜਿਸ ਕਰਕੇ ਪੂਰੇ ਦੇਸ਼ ਦੇ ਮੁਕਾਬਲੇ ਪੰਜਾਬ ਦੀ ਤਸਵੀਰ ਵੱਖਰੀ ਹੀ ਨਜ਼ਰ ਆ ਰਹੀ ਹੈ ।

ਚੋਣ ਨਤੀਜਿਆਂ ਦੇ ਰੁਝਾਨ ਨੂੰ ਵੇਖੀਏ ਤਾਂ ਸੂਬਾ ਪੰਜਾਬ 'ਚ 8 ਸੀਟਾਂ 'ਤੇ ਕਾਂਗਰਸ ਦੇ ਉਮੀਦਵਾਰਾਂ ਵੱਲੋਂ ਵੱਡੀ ਲੀਡ ਬਣਾਈ ਗਈ ਹੈ ਜਿਸਨੂੰ ਵੇਖ ਕੇ ਉਨ੍ਹਾਂ ਦੀ ਜਿੱਤ ਪੱਕੀ ਕਹੀ ਜਾ ਸਕਦੀ ਹੈ ਜੱਦੋ ਕਿ ਅਕਾਲੀ ਦਲ 2 ਸੀਟਾਂ ਅਤੇ ਭਾਜਪਾ ਵੀ 2 ਸੀਟਾਂ ਦੇ ਬੜ੍ਹਤ ਬਣਾਏ ਹੋਏ ਹੈ ਅਤੇ 'ਆਪ' ਬੁਰੀ ਤਰ੍ਹਾਂ ਫਲ਼ੇ ਹੋਈ ਹੈ, ਸਿਰਫ ਇੱਕ ਸੀਟ ਸੰਗਰੂਰ ਤੋ ਭਗਵੰਤ ਮਾਨ ਜਿੱਤ ਵਲ ਵੱਧ ਰਹੇ ਹਨ। ਇਸ ਬਾਰੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸੂਬਾ ਪੰਜਾਬ ਦੇ ਲੋਕ ਮੋਦੀ ਸਰਕਾਰ ਤੋ ਸੰਤੁਸ਼ਟ ਨਹੀਂ ਸਨ ਇਸ ਕਰਕੇ ਹੀ ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ 'ਚ ਵੋਟ ਪਾਈਆਂ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਈ ਮੁੱਦੇ ਹਨ ਜਿਵੇਂ ਕਿਸਾਨਾਂ ਦੀ ਮਾੜੀ ਹੁੰਦੀ ਜਾ ਰਹੀ ਆਰਥਿਕ ਸਥਿਤੀ, ਖੇਤੀ ਨਾਲ ਸਬੰਧਤ ਮਾਮਲੇ ਬੇਰੁਜ਼ਗਾਰੀ, ਸਰਹੱਦੀ ਖੇਤਰ ਦੇ ਲੋਕਾਂ ਦੀਆਂ ਸਮੱਸਿਆ ਸਣੇ ਹੋਰ ਕਈ ਅਜਿਹੇ ਮਾਮਲੇ ਹਨ ਜਿਨ੍ਹਾਂ ਦੇ ਹੱਲ ਨਾ ਹੋਣ 'ਤੇ ਪੰਜਾਬ ਦੇ ਵੋਟਰਾਂ ਨੇ ਸੂਬੇ 'ਚ ਮੋਦੀ ਨੂੰ ਨਕਾਰ ਦਿੱਤਾ।

ਸੂਬੇ 'ਚ ਬੇਸ਼ੱਕ ਲੋਕਾਂ ਨੇ ਕਾਂਗਰਸ ਦੇ ਹੱਕ 'ਚ ਆਪਣੇ ਜਮੁਹਰੀ ਹੱਕ ਦਾ ਪ੍ਰਯੋਗ ਕੀਤਾ ਪਰ ਕਾਂਗਰਸ ਲਈ ਇਹ ਬਹੁਤ ਵੱਡਾ ਝਟਕਾ ਹੈ ਕਿ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਤੋ ਪਛੜ ਚੁੱਕੇ ਹਨ ਅਤੇ ਜੇਕਰ ਦਿਓਲ ਦੀ ਲੀਡ ਜਾਖੜ ਤੋ ਵੇਖੀ ਜਾਵੇ ਤਾਂ ਉਹ ਕਰੀਬ 80 ਹਜ਼ਾਰ ਦੀ ਹੈ ਜਿਸਨੂੰ ਤੋੜਨਾ ਮੁਸ਼ਕਿਲ ਹੀ ਹੈ । ਉੱਧਰ ਜੇਕਰ ਬਠਿੰਡਾ ਤੋ ਬੀਬਾ ਹਰਸਿਮਰਤ ਕੌਰ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਦੇ ਨਾਲ ਬੇਹੱਦ ਫਸਵੇਂ ਮੁਕਾਬਲੇ 'ਚ ਉਨ੍ਹਾਂ ਦੀ ਲੀਡ ਕਰੀਬ 12 ਹਜ਼ਾਰ ਤੋ ਵੱਧ ਦੀ ਹੈ ਅਤੇ ਇੱਕ ਰਾਊਂਡ ਹੱਲੇ ਬਾਕੀ ਹੈ। ਉੱਧਰ ਫ਼ਿਰੋਜ਼ਪੁਰ ਤੋ ਸੁਖਬੀਰ ਸਿੰਘ ਬਾਦਲ ਦੀ ਸ਼ੇਰ ਸਿੰਘ ਘੁਬਾਇਆ ਤੋ ਲੀਡ ਨੂੰ ਵੇਖੀਏ ਤਾਂ ਉਹ ਬੇਹੱਦ ਵੱਡੀ ਲੀਡ ਹੈ ਜਿਸ ਦਾ ਅੰਕੜਾ 1 ਲੱਖ 80 ਹਜ਼ਾਰ ਤੱਕ ਪਹੁੰਚ ਗਈ ਹੈ ਅਤੇ ਕੁਝ ਰਾਊਂਡ ਹੱਲੇ ਬਾਕੀ ਹਨ। ਉੱਧਰ ਸੰਗਰੂਰ ਤੋ ਭਗਵੰਤ ਮਾਨ ਆਪਣੀ ਪਾਰਟੀ ਦੇ ਇਕੱਲੇ ਅਜਿਹੇ ਉਮੀਦਵਾਰ ਹੋਣਗੇ ਜੋ ਜਿੱਤ ਪ੍ਰਾਪਤ ਕਰਨਗੇ , ਜੱਦੋ ਕਿ ਬੀਤੇ ਲੋਕ-ਸਭਾ ਚੋਣਾਂ 'ਚ ਸੂਬਾ ਪੰਜਾਬ ਹੀ ਇਕੱਲਾ ਅਜਿਹਾ ਸੂਬਾ ਸੀ ਜਿਥੋ ਆਪ ਦੇ ਚਾਰ ਉਮੀਦਵਾਰ ਜਿੱਤੇ ਸਨ, ਪਰ ਹੁਣ ਦੀ ਕਾਰਜਪ੍ਰਣਾਲੀ ਨੂੰ ਵੇਖ ਕੇ ਲਗਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਆਪ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਪੰਜਾਬ ਦੇ ਇਨ੍ਹਾਂ ਰੁਝਾਨਾਂ ਅਤੇ ਸਪਸ਼ਟ ਹੋ ਰਹੀ ਤਸਵੀਰ ਨੂੰ ਵੇਖ ਕੇ ਇਹੀ ਕਿਹਾ ਜਾ ਸਕਦਾ ਹੈ ਸੂਬਾ ਪੰਜਾਬ ‘ਚ ਮੋਦੀ ਦਾ ਜਾਦੂ ਨਹੀਂ ਚੱਲਿਆ ਅਤੇ ਮੋਦੀ ਫੈਕਟਰ ਪੰਜਾਬ 'ਚ ਫਲ਼ੇ ਹੋ ਗਿਆ ਹੈ।