ਸ਼ਾਇਦ ਦੇਸ਼ ਨੂੰ ਬੰਜਰ ਬਣਦਾ ਵੇਖਣਾ ਚਾਹੁੰਦੇ ਹਨ ਲੀਡਰ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 23 2019 12:55
Reading time: 2 mins, 53 secs

ਬਿਨਾਂ ਸ਼ੱਕ, ਦੇਸ਼ ਇਸ ਸਮੇਂ ਪਾਣੀ ਦੀ ਕਮੀ ਨਾਲ ਜੂਝ ਰਿਹਾ ਹੈ। ਧਰਤੀ ਹੇਠਲਾ ਪਾਣੀ ਥੱਲੇ ਤੇ ਹੋਰ ਥੱਲੇ ਜਾ ਰਿਹਾ ਹੈ। ਦੇਸ਼ ਦੇ ਦਰਜਨਾਂ ਹੀ ਸੂਬੇ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ। ਸਮੇਂ ਦੀਆਂ ਸਰਕਾਰਾਂ ਤੇ ਦੇਸ਼ ਦੇ ਸਿਆਸੀ ਲੀਡਰ, ਮੂੰਹ ਅੱਡੀ ਤੁਰੀ ਆ ਰਹੀ ਇਸ ਬਿਪਤਾ ਦੇ ਖ਼ਤਰੇ ਤੋਂ ਬੇਖ਼ਬਰ ਨਜ਼ਰ ਆ ਰਹੇ ਹਨ। ਜੇਕਰ ਅਜਿਹਾ ਨਾ ਹੁੰਦਾ ਤਾਂ, ਉਹ ਇਸ ਵਾਰ ਲੋਕ ਸਭਾ ਚੋਣਾਂ ਦੇ ਦੌਰਾਨ ਇਸ ਵੱਡੇ ਮੁੱਦੇ ਨੂੰ ਚੁੱਕਣਾ ਹਰਗਿਜ਼ ਨਾ ਭੁੱਲਦੇ। 

ਲੋਕ ਸਭਾ ਚੋਣਾਂ ਦੇ ਲੰਬੇ ਚੌੜੇ ਪ੍ਰਚਾਰ ਦੇ ਦੌਰਾਨ ਕਿਸੇ ਵੀ ਵੱਡੀ ਸਿਆਸੀ ਪਾਰਟੀ ਨੇ ਦੇਸ਼ ਵਿਚਲੇ ਪਾਣੀ ਦੇ ਸੰਕਟ ਨੂੰ ਸੰਕਟ ਨਹੀਂ ਮੰਨਿਆ। ਪਿਛਲੇ ਪੰਜਾਂ ਸਾਲਾਂ ਦੇ ਦੌਰਾਨ ਸੱਤਾਧਾਰੀ ਪਾਰਟੀ ਭਾਜਪਾ ਇਹ ਦਾਅਵਾ ਕਰਦੀ ਰਹੀ ਹੈ ਕਿ, ਸਾਲ 2024 ਤੱਕ ਹਰੇਕ ਘਰ ਵਿੱਚ ਪਾਣੀ ਦੀ ਸਿੱਧੀ ਪਾਈਪ ਸਪਲਾਈ ਪਹੁੰਚਾ ਦਿੱਤੀ ਜਾਵੇਗੀ। ਕਾਂਗਰਸ ਵੀ ਕੁਝ ਇਹੋ ਜਿਹੇ ਹੀ ਵਾਅਦੇ ਕਰਦੀ ਆ ਰਹੀ ਹੈ, ਕਾਂਗਰਸ ਵੀ ਕਹਿੰਦੀ ਹੈ ਕਿ, ਉਹ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਜੇਕਰ ਉਹ ਸੱਤਾ ਵਿੱਚ ਆ ਗਈ ਤਾਂ। 

ਇੱਕ ਵਿਸ਼ਲੇਸ਼ਣ ਅਨੁਸਾਰ, ਇਸ ਵੇਲੇ ਦੇਸ਼ ਦੀ 42 ਪ੍ਰਤੀਸ਼ਤ ਜ਼ਮੀਨ ਸੋਕੇ ਦੀ ਮਾਰ ਝੇਲ ਰਹੀ ਹੈ। ਸਵਾਲ ਤਾਂ ਇਹ ਹੈ ਕਿ, ਕੀ ਇਹਨਾਂ ਹਾਲਾਤਾਂ ਵਿੱਚ ਵੀ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ 'ਚੋਂ ਕੋਈ ਵੀ, ਆਪਣਾ ਵਾਅਦਾ ਪੂਰਾ ਕਰਨ ਦੀ ਸਥਿਤੀ ਵਿੱਚ ਹੈ? ਜੇਕਰ ਸਰਕਾਰੀ ਅੰਕੜਿਆਂ ਨੂੰ ਸਹੀ ਮੰਨ ਲਿਆ ਜਾਵੇ ਤਾਂ ਵੀ, ਭਾਰਤ ਵਿੱਚ ਦੁਨੀਆ ਦੀ ਕੁੱਲ ਆਬਾਦੀ ਦਾ 18 ਫ਼ੀਸਦੀ ਵੱਸਦਾ ਹੈ ਪਰ, ਸਿਰਫ਼ 4 ਫ਼ੀਸਦੀ ਆਬਾਦੀ ਤੱਕ ਹੀ ਤਾਜ਼ੇ ਪਾਣੀ ਦੇ ਸਰੋਤ ਹਨ। 

ਦੋਸਤੋ, ਸਰਕਾਰ ਵੀ ਮੰਨਦੀ ਹੈ ਕਿ, ਇਸ ਵੇਲੇ ਦੇਸ਼ ਹੁਣ ਤੱਕ ਦੇ ਸਭ ਤੋਂ ਵੱਡੇ ਪਾਣੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਜੇਕਰ ਅੰਕੜੇ ਗਲਤ ਨਹੀਂ ਹਨ ਤਾਂ, ਇਸ ਵੇਲੇ, ਦਿੱਲੀ, ਬੈਂਗਲੁਰੂ, ਹੈਦਰਾਬਾਦ ਅਤੇ ਚੇਨਈ ਸਮੇਤ ਕੁੱਲ 21 ਸ਼ਹਿਰਾਂ ਲਈ ਪਾਣੀ ਬਾਰੇ ਚੇਤਾਵਨੀ ਜਾਰੀ ਹੋ ਚੁੱਕੀ ਹੈ ਕਿ, 2020 ਤੱਕ ਇਹਨਾਂ ਸ਼ਹਿਰਾਂ ਹੇਠਲਾ ਜ਼ਮੀਨ ਦਾ ਪਾਣੀ ਸੁੱਕਦਾ ਜਾ ਰਿਹਾ ਹੈ। ਸਨਸਨੀਖ਼ੇਜ਼ ਖ਼ਬਰ ਤਾਂ ਇਹ ਹੈ ਕਿ, ਜੇਕਰ ਸਰਕਾਰਾਂ ਸਮਾਂ ਰਹਿੰਦਿਆਂ ਪਾਣੀ ਦੇ ਮੁੱਦੇ ਤੇ ਸੰਜੀਦਾ ਨਾ ਹੋਈਆਂ ਤਾਂ ਸਾਲ 2030 ਤੱਕ ਦੇਸ਼ ਦੀ 40 ਫ਼ੀਸਦੀ ਅਬਾਦੀ ਪਾਣੀ ਤੋਂ ਵਾਂਝੀ ਹੋ ਸਕਦੀ ਹੈ। 

ਦੋਸਤੋ, ਅਸ਼ੋਕਾ ਟਰੱਸਟ ਫ਼ਾਰ ਰਿਸਰਚ ਇਨ ਇਕੋਲੋਜੀ ਐਂਡ ਦਿ ਇਨਵਾਇਰਨਮੈਂਟ, ਡੀ. ਵੀਨਾ ਸ਼੍ਰੀ ਨਿਵਾਸਨ ਅਨੁਸਾਰ, ਸ਼ਹਿਰਾਂ ਅਤੇ ਪਿੰਡਾਂ ਵਿੱਚ ਪਾਣੀ ਦੀ ਸਮੱਸਿਆ ਵੱਖੋ-ਵੱਖ ਹੈ। ਉਨ੍ਹਾਂ ਦਾ ਮੰਨਣਾ ਹੈ ਕਿ, ਸ਼ਹਿਰਾਂ ਵਿੱਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ ਪਰ, ਬਾਵਜੂਦ ਇਸਦੇ ਉਹ ਪਾਣੀ ਦੀ ਕਮੀ ਦੀ ਬਿਪਤਾ ਦਾ ਸਾਹਮਣਾ ਕਰਨ ਤੋਂ ਅਸਮਰਥ ਨਜ਼ਰ ਆ ਰਹੇ ਹਨ। 

ਖੇਤੀਬਾੜੀ ਮਾਹਿਰ ਮੰਨਦੇ ਹਨ ਕਿ, ਦੇਸ਼ ਦਾ 80 ਫ਼ੀਸਦੀ ਪਾਣੀ, ਖੇਤੀਬਾੜੀ ਲਈ ਵਰਤਿਆ ਜਾਂਦਾ ਹੈ। ਮਾਹਿਰ ਵੀ ਮੰਨਦੇ ਹਨ ਕਿ, ਖੇਤੀਬਾੜੀ ਲਈ ਜਿੰਨੇ ਵੀ ਪਾਣੀ ਦੀ ਵਰਤੋਂ ਹੋ ਰਹੀ ਹੈ, ਉਸਦਾ ਵੱਡਾ ਹਿੱਸਾ ਜ਼ਮੀਨ 'ਚੋਂ ਹੀ ਕੱਢਿਆ ਜਾ ਰਿਹਾ ਹੈ। ਵਾਟਰ ਏਡ ਇੰਡੀਆ ਦੇ ਚੀਫ਼ ਐਗਜ਼ੈਕਟਿਵ ਵੀ. ਕੇ. ਮਾਧਵਨ ਅਨੁਸਾਰ, ਜਦੋਂ ਪਾਣੀ ਦੀ ਨਿਕਾਸੀ, ਵਾਪਸੀ ਨਾਲੋਂ ਵਧ ਜਾਂਦੀ ਹੈ ਤਾਂ ਇਹ ਪਾਣੀ ਦੀ ਕਮੀ ਦਾ ਕਾਰਨ ਬਣਦੀ ਹੈ। 

ਜੇਕਰ, ਵਾਟਰ ਫੁੱਟਪ੍ਰਿੰਟ ਨੈੱਟਵਰਕ ਦੇ ਅੰਕੜਿਆਂ ਦੀ ਮੰਨੀਏ ਤਾਂ, ਸਾਡੇ ਦੇਸ਼ ਵਿੱਚ 1 ਕਿੱਲੋ ਕਪਾਹ ਦੇ ਉਤਪਾਦਨ ਲਈ 22,500 ਲੀਟਰ ਪਾਣੀ ਲੱਗਦਾ ਹੈ ਜਦਕਿ, ਅਮਰੀਕਾ ਵਿੱਚ 8100 ਲੀਟਰ। ਸਾਡੇ ਦੇਸ਼ ਦੇ 2017-18 ਦੇ ਸਰਕਾਰੀ ਆਰਥਿਕ ਸਰਵੇਖਣ ਮੁਤਾਬਿਕ ਆਉਣ ਵਾਲੇ 30 ਸਾਲਾਂ ਵਿੱਚ ਪਾਣੀ ਵਿੱਚ 13 ਫ਼ੀਸਦੀ ਕਮੀ ਦਰਜ ਕੀਤੀ ਜਾ ਸਕਦੀ ਹੈ। 

ਦੋਸਤੋ, ਜੇਕਰ ਉਕਤ ਸਾਰੇ ਅੰਕੜੇ ਅਤੇ ਮਾਹਿਰਾਂ ਦੀ ਰਿਪੋਰਟਾਂ ਗਲਤ ਨਹੀਂ ਹਨ ਤਾਂ, ਸਾਡੇ ਦੇਸ਼ ਲਈ ਇਹ ਵੱਡੇ ਖ਼ਤਰੇ ਦੀ ਘੰਟੀ ਹੈ। ਅਜਿਹਾ ਨਹੀਂ ਹੈ ਕਿ, ਸਮੇਂ ਦੀਆਂ ਸਰਕਾਰਾਂ ਤੇ ਸਿਆਸੀ ਲੀਡਰ ਇਸ ਸਭ ਤੋਂ ਬੇਖ਼ਬਰ ਹਨ, ਪਰ ਬਾਵਜੂਦ ਇਸਦੇ ਉਨ੍ਹਾਂ ਨੇ ਲੋਕ ਸਭਾ ਚੋਣਾਂ ਦੇ ਦੌਰਾਨ ਇਸ ਮੁੱਦੇ ਨੂੰ ਨਹੀਂ ਚੁੱਕਿਆ। ਜਾਪਦੈ ਕਿ, ਦੇਸ਼ ਦੇ ਲੀਡਰ, ਬੰਜਰ ਬਣਦਾ ਵੇਖਣਾ ਚਾਹੁੰਦੇ ਹਨ ਦੇਸ਼ ਦੀ ਧਰਤੀ ਨੂੰ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।