ਐਨਾ ਧੱਕਾ!! ਕੱਚੇ ਮੁਲਾਜ਼ਮਾਂ ਤੋਂ ਲਿਆ ਜਾ ਰਿਹੈ ਪੱਕਿਆਂ ਵਾਲਾ ਕੰਮ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 19 2019 12:38
Reading time: 3 mins, 5 secs

ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਪਹਿਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਈ ਤਰ੍ਹਾਂ ਦੇ ਵਾਅਦੇ ਮੁਲਾਜ਼ਮਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਆਮ ਲੋਕਾਂ ਅਤੇ ਕਿਸਾਨਾਂ ਦੇ ਨਾਲ ਕੀਤੇ ਸਨ। ਪਰ ਉਕਤ ਵਾਅਦੇ ਸਭ ਹਵਾਈ ਹੀ ਸਾਬਤ ਹੋ ਰਹੇ ਹਨ। ਕਿਉਂਕਿ ਸਰਕਾਰ ਦੇ ਵੱਲੋਂ ਜੋ ਸਮੇਂ-ਸਮੇਂ 'ਤੇ ਦਾਅਵੇ ਕੀਤੇ ਜਾਂਦੇ ਰਹੇ ਹਨ, ਉਹ ਸਾਰੇ ਹੀ ਝੂਠੇ ਸਾਬਤ ਹੋਏ ਹਨ ਅਤੇ ਹੋਣਗੇ ਵੀ ਲੱਗਦੈ? ਕਿਉਂਕਿ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਅੱਜ ਹਰ ਵਰਗ ਸੜਕਾਂ 'ਤੇ ਉਤਰਿਆ ਹੋਇਆ ਹੈ, ਪਰ ਸਰਕਾਰ ਨੂੰ ਉਨ੍ਹਾਂ ਦਾ ਕੋਈ ਫਿਕਰ ਨਹੀਂ।

ਦੱਸ ਦਈਏ ਕਿ ਸੱਤਾ ਸੰਭਾਲਣ ਤੋਂ ਪਹਿਲੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹਰ ਚੋਣ ਰੈਲੀ ਦੇ ਵਿੱਚ ਕਿਹਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਘਰ ਘਰ ਰੁਜ਼ਗਾਰ ਸਕੀਮ ਦੇ ਤਹਿਤ ਹਰ ਘਰ ਨੌਕਰੀ ਦਿੱਤੀ ਜਾਵੇਗੀ ਤਾਂ ਜੋ ਨੌਜਵਾਨ ਆਪਣਾ ਅਤੇ ਆਪਣੇ ਪਰਿਵਾਰ ਦਾ ਚੰਗੀ ਤਰ੍ਹਾਂ ਨਾਲ ਪਾਲਣ ਪੋਸ਼ਣ ਕਰ ਲੈਣ। ਦੱਸ ਦਈਏ ਕਿ ਕੈਪਟਨ ਸਾਹਿਬ ਦੇ ਵੱਲੋਂ ਇਹ ਦਾਅਵੇ ਇੱਕ ਜਗ੍ਹਾ 'ਤੇ ਨਹੀਂ, ਬਲਕਿ ਪੂਰੇ ਪੰਜਾਬ ਦੇ ਅੰਦਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੋਣ ਰੈਲੀਆਂ ਕਰਕੇ ਕੀਤੇ ਗਏ ਸਨ।

ਚੋਣਾਂ ਜਿੱਤਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਉਕਤ ਵਾਅਦਿਆਂ ਨੂੰ ਇਸ ਤਰ੍ਹਾਂ ਭੁਲਾ ਦਿੱਤਾ ਗਿਆ, ਜਿਵੇਂ ਮਤਰੇਈ ਮਾਂ ਆਪਣੇ ਜਵਾਕ ਨੂੰ ਭੁਲਾਉਂਦੀ ਹੈ। ਕੈਪਟਨ ਦੇ ਦਾਅਵੇ ਸਾਰੇ ਦੇ ਸਾਰੇ ਹੀ ਕਥਿਤ ਤੌਰ 'ਤੇ ਝੂਠੇ ਸਾਬਤ ਹੋਏ। ਦੱਸ ਦਈਏ ਕਿ ਕੱਚੇ ਮੁਲਾਜ਼ਮ ਹੁਣ ਜਿੱਥੇ ਪੱਕੇ ਹੋਣ ਦੇ ਲਈ ਸੰਘਰਸ਼ ਦੇ ਰਾਹ 'ਤੇ ਉਤਰੇ ਹੋਏ ਹਨ, ਉੱਥੇ ਹੀ ਬੇਰੁਜ਼ਗਾਰ ਵੀ ਰੁਜ਼ਗਾਰ ਦੀ ਭਾਲ ਵਿੱਚ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ, ਪਰ ਸਰਕਾਰ ਦੇ ਵੱਲੋਂ ਉਨ੍ਹਾਂ ਨੂੰ ਨਾ ਤਾਂ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਬੇਰੁਜ਼ਗਾਰੀ ਭੱਤਾ।

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਪੰਜਾਬ ਦੇ ਅੰਦਰ ਕੱਚੇ ਮੁਲਾਜ਼ਮਾਂ ਨੂੰ ਜਿੱਥੇ ਸਰਕਾਰ ਦੇ ਵੱਲੋਂ ਪੂਰੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ, ਉੱਥੇ ਹੀ ਕੱਚੇ ਮੁਲਾਜ਼ਮਾਂ ਕੋਲੋਂ ਪੱਕੇ ਮੁਲਾਜ਼ਮਾਂ ਨਾਲੋਂ ਕਿਤੇ ਵੱਧ ਕੰਮ ਲਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਕਈ ਮੁਲਾਜ਼ਮ ਗੁੱਸੇ ਵਿੱਚ ਹਨ ਅਤੇ ਨੌਕਰੀਆਂ ਛੱਡਣ ਨੂੰ ਵੀ ਤਿਆਰ ਬੈਠੇ ਹਨ। ਸਰਕਾਰ ਦੇ ਵੱਲੋਂ ਇੱਕ ਪਾਸੇ ਤਾਂ ਘਰ ਘਰ ਨੌਕਰੀ ਦੇਣ ਦੀ ਸਕੀਮ ਚਲਾਈ ਗਈ ਹੈ, ਪਰ ਦੂਜੇ ਪਾਸੇ ਸਰਕਾਰ ਨੀਤੀਆਂ ਹੀ ਅਜਿਹੀਆਂ ਬਣਾ ਰਹੀ ਹੈ ਕਿ ਕੋਈ ਵੀ ਮੁਲਾਜ਼ਮ ਸਰਕਾਰੀ ਦਫਤਰ ਵਿੱਚ ਟਿਕਣ ਨੂੰ ਰਾਜੀ ਨਹੀਂ।

ਦੱਸ ਦਈਏ ਕਿ ਤਾਜ਼ਾ ਸੂਚਨਾ ਪ੍ਰਾਪਤ ਹੋਈ ਹੈ ਕਿ ਪੱਕੇ ਮੁਲਾਜ਼ਮਾਂ ਦੀ ਬਿਜਾਏ ਜਿੱਥੇ ਕੱਚੇ ਮੁਲਾਜ਼ਮਾਂ ਨੂੰ ਵੋਟਾਂ ਆਦਿ ਦੇ ਸਿਸਟਮ ਵਿੱਚ ਉਲਝਾਇਆ ਗਿਆ, ਉੱਥੇ ਹੀ ਕੱਚੇ ਮੁਲਾਜ਼ਮਾਂ ਤੋਂ ਪੱਕਿਆ ਨਾਲੋਂ ਵੱਧ ਕੰਮ ਵੀ ਲਿਆ ਗਿਆ। ਕਈ ਕੱਚੇ ਮੁਲਾਜ਼ਮਾਂ ਨੂੰ ਵੋਟਾਂ ਦੇ ਕੰਮਾਂ ਵਿੱਚ ਇੰਨਾ ਉਲਝਾ ਦਿੱਤਾ ਗਿਆ ਕਿ ਉਹ ਤਾਂ ਨੌਕਰੀ ਛੱਡਣ ਨੂੰ ਵੀ ਤਿਆਰ ਬੈਠੇ ਹਨ। ਕੁਝ ਕੱਚੇ ਮੁਲਾਜ਼ਮਾਂ ਨੇ ਦੱਸਿਆ ਕਿ ਸਰਕਾਰ ਦੀ ਸ਼ਹਿ 'ਤੇ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਐਨਾ ਧੱਕਾ ਕਰ ਰਹੇ ਹਨ ਕਿ ਕੋਈ ਕਹਿਣ ਦੀ ਹੱਦ ਹੀ ਨਹੀਂ।

ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਜਿੱਥੇ ਸਰਕਾਰ ਦੇ ਵੱਲੋਂ ਨਾਮਾਤਰ ਤਨਖਾਹਾਂ ਦੇ ਕੇ ਡੰਗ ਸਾਰ ਦਿੱਤਾ ਜਾਂਦਾ ਹੈ, ਉੱਥੇ ਹੀ ਕੰਮ ਇੰਨਾ ਲਿਆ ਜਾਂਦਾ ਹੈ ਕਿ ਮੁਲਾਜ਼ਮ ਤੰਗ ਆ ਕੇ ਘਰ ਹੀ ਬੈਠ ਜਾਂਦੇ ਹਨ। ਮੁਲਾਜ਼ਮ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਪਹਿਲਾਂ ਹੀ ਤਨਖਾਹਾਂ ਘੱਟ ਹੋਣ ਕਾਰ ਅਤੇ ਕੱਚੀ ਨੌਕਰੀ ਤੋਂ ਮੁਲਾਜ਼ਮ ਪ੍ਰੇਸ਼ਾਨ ਹਨ, ਉੱਥੇ ਹੁਣ ਕਈ ਜਗ੍ਹਾ ਵੇਖਣ ਵਿੱਚ ਆਇਆ ਹੈ ਕਿ ਉਨ੍ਹਾਂ ਦੀ ਡਿਊਟੀਆਂ ਕਈ ਜਗ੍ਹਾ ਅਜਿਹੇ ਕੰਮ ਵਿੱਚ ਲਗਾ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦਾ ਉਨ੍ਹਾਂ ਨਾਲ ਕੋਈ ਵਾਹ ਵਾਸਤਾ ਹੀ ਨਹੀਂ।

ਜਾਣਕਾਰੀ ਮੁਤਾਬਿਕ ਕਈ ਅਧਿਆਪਕਾਂ ਨੂੰ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ, ਜਦਕਿ ਕਈ ਮਨਰੇਗਾ ਦੇ ਕੁਝ ਸਮੇਂ ਲਈ ਭਰਤੀ ਕੀਤੇ ਮੁਲਾਜ਼ਮ ਹਨ, ਜਿਨ੍ਹਾਂ ਉੱਪਰ ਸਰਕਾਰ ਦੇ ਵੱਲੋਂ ਹੋਰ ਬੋਝ ਪਾ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਪਹਿਲੋਂ ਉਨ੍ਹਾਂ ਨੂੰ ਪੱਕਿਆ ਕੀਤਾ ਜਾਵੇ ਅਤੇ ਜੇਕਰ ਡਿਊਟੀ ਪੂਰੀ ਲੈਣੀ ਹੈ ਤਾਂ ਪੂਰੀ ਤਨਖਾਹ ਵੀ ਦਿੱਤੀ ਜਾਵੇ। ਦੋਸਤੋਂ, ਦੇਖਣਾ ਹੁਣ ਇਹ ਹੋਵੇਗਾ ਕਿ ਕੀ ਸਰਕਾਰ ਇਨ੍ਹਾਂ ਕੱਚੇ ਮੁਲਾਜ਼ਮਾਂ ਦੀ ਮੰਗ ਮੰਨਣੀ ਹੈ ਜਾਂ ਨਹੀਂ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।