ਮਾਸਕ ਲਗਾ ਕੇ ਅਤੇ ਟੈਸਟਿੰਗ ਕਰਵਾਕੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ - ਐੱਸ.ਡੀ.ਐੱਮ. ਬਟਾਲਾ

ਮਾਸਕ ਲਗਾ ਕੇ ਅਤੇ ਟੈਸਟਿੰਗ ਕਰਵਾ ਕੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ। ਜਿਹੜੇ ਲੋਕ ਕੋਰੋਨਾ ਪੀੜਤ ਮਰੀਜ਼ ਦੇ ਸੰਪਰਕ ਵਿਚ ਹੁੰਦੇ ਹਨ, ਉਨਾਂ ਨੂੰ ਟੈਸਟਿੰਗ ਜਰੂਰ ਕਰਵਾਉਣੀ ਚਾਹੀਦੀ ਹੈ। ਇਹ ਪ੍ਰਗਟਾਵਾ ਕਰਦਿਆਂ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਲੋਕਾਂ ਵੱਲੋਂ ਕੋਰੋਨਾ ਦੇ ਸ਼ੁਰੂਆਤੀ ਲੱਛਣਾਂ ਜਿਨਾਂ ਵਿੱਚ ਹਲਕਾ ਗਲਾ ਖਰਾਬ ਹੋਣਾ, ਬੁਖਾਰ, ਖਾਂਸੀ, ਸਰੀਰਕ ਦਰਦ ਅਤੇ ਸਾਧਾਰਨ ਕਮਜੋਰੀ ਮਹਿਸੂਸ ਹੁੰਦਿਆਂ ਹੀ ਕੋਰੋਨਾ ਦੀ ਜਾਂਚ ਕਰਵਾ ਲਈ ਜਾਵੇ ਤਾਂ ਇਸ ਨਾਲ ਨਾ ਕੇਵਲ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ ਸਗੋਂ ਸਮੇਂ ਸਿਰ ਢੁੱਕਵੀਂ ਡਾਕਟਰੀ ਸਹਾਇਤਾ ਮਿਲਣ ਨਾਲ ਮੌਤ ਦਰ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।

ਐੱਸ.ਡੀ.ਐੱਮ ਬਟਾਲਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਦੇ ਸ਼ਰੂਆਤੀ ਲੱਛਣ ਹੋਣ ਤਾਂ ਨਜਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ ਜਿੱਥੇ ਕੋਰੋਨਾ ਰੋਗ  ਟੈਸਟ (ਆਰ.ਟੀ.ਅਸੀ.ਪੀ.ਆਰ ਅਤੇ ਰੈਪਿਡ ਐਂਟੀਜਨ ਟੈਸਟ) ਮੁਫਤ ਕੀਤੇ ਜਾਂਦੇ ਹਨ ਅਤੇ ਸਰਕਾਰ ਵੱਲੋਂ ਪ੍ਰਾਪਤ ਗਾਈਡ ਲਾਈਨਜ਼ ਅਨੁਸਾਰ ਟਰੂਨੈਟ ਟੈਸਟ ਵੀ ਉਪਲੱਬਧ ਹੈ। ਜੇਕਰ ਕਿਸੇ ਵਿਅਕਤੀ ਦੀ ਰਿਪੋਰਟ ਪੋਜ਼ਟਿਵ ਆਉਂਦੀ ਹੈ ਥਾਂ ਉਹ ਘਰ ਏਕਾਂਤਵਾਸ ਹੋ ਸਕਦਾ ਹੈ। ਟੈਸਟ ਪਾਜ਼ਟਿਵ ਹੋਣ ਤੇ ਸਮੁੱਚਾ ਇਲਾਜ਼ ਮੁਫਤ ਮੁਹੱਈਆ ਕਰਵਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਲੋਕ ਕਿਸੇ ਕਿਸਮ ਦੀ ਘਬਰਾਹਟ ਵਿੱਚ ਨਾ ਆਉਣ ਅਤੇ ਅਫਵਾਹਾਂ ਤੋਂ ਸੁਚੇਤ ਰਹਿਣ। ਉਨਾਂ ਨੇ ਅੱਗੇ ਕਿਹਾ ਕਿ ਕੋਵਿਡ-19 ਸਬੰਧੀ ਲੜਾਈ ਵਿੱਚ ਸਰਕਾਰ ਦਾ ਸਹਿਯੋਗ ਕਰਨ ਲਈ ਲੋਕਾਂ ਨੂੰ ਸਿਹਤ ਵਿਭਾਗ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।