Batala

Last Updated: Oct 04 2020 16:28
Reading time: 1 min, 36 secs ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਅੱਜ ਫਿਰ ਇੱਕ ਵਾਰ ਫਿਰ ਆਨ-ਲਾਈਨ ਮੀਟਿੰਗ ਕਰਕੇ ਬਟਾਲਾ ਵਾਸੀਆਂ ਦੀ ਮੁਸ਼ਕਲਾਂ ਨੂੰ ਸੁਣਿਆ ਅਤੇ ਉਨਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।  

ਅੱਜ ਦੀ ਆਨ-ਲਾਈਨ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਸਭ ਤੋਂ ਪਹਿਲਾਂ ਪਿਛਲੀਆਂ ਮੀਟਿੰਗਾਂ ਦੌਰਾਨ ਬਟਾਲਾ ਵਾਸੀਆਂ ਵੱਲੋਂ ਉਠਾਏ ਗਏ ਮੁੱਦਿਆਂ ਉੱਪਰ ਪ੍ਰਸ਼ਾਸਨ ਵਲੋਂ ਕੀਤੀ ਗਈ ਕਾਰਵਾਈ ਦਾ ਰੀਵਿਊ ਕੀਤਾ। ਉਨਾਂ ਨੇ ਇਕੱਲੇ-ਇਕੱਲੇ ਮਸਲੇ ਦੇ ਹੱਲ ਲਈ ਕੀਤੀ ਕਾਰਵਾਈ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨਾ ਸਰਕਾਰੀ ਅਧਿਕਾਰੀਆਂ ਦਾ ਪਰਮ ਧਰਮ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਵਲੋਂ ਉਠਾਏ ਜਾਂਦੇ ਹਰ ਮੁੱਦੇ ਉੱਪਰ ਫੌਰੀ ਤੌਰ ’ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਦੂਰ ਹੋ ਸਕਣ। ਉਨ੍ਹਾਂ ਕਿਹਾ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਵਿੱਚ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਮੀਟਿੰਗ ਦੌਰਾਨ ਬਟਾਲਾ ਸ਼ਹਿਰ ਵਾਸੀਆਂ ਨੇ ਸਫ਼ਾਈ, ਕੂੜੇ ਦਾ ਨਿਪਟਾਰਾ, ਸਟਰੀਟ ਲਾਈਟਾਂ, ਸਿਵਲ ਹਸਪਤਾਲ ਬਟਾਲਾ ਵਿਚ ਸਫ਼ਾਈ ਵਿਵਸਥਾ ਠੀਕ ਕਰਨ, ਸੀਵਰੇਜ, ਸੜਕਾਂ ਦੀ ਮੁਰੰਮਤ ਸਮੇਤ ਸ਼ਹਿਰ ਦੇ ਵਿਕਾਸ ਸਬੰਧੀ ਵੱਖ-ਵੱਖ ਮਸਲੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦੇ। ਉਨਾਂ ਹਰ ਮਸਲੇ ਨੂੰ ਨੋਟ ਕਰਕੇ ਸਬੰਧਤ ਅਧਿਕਾਰੀਆਂ ਨੂੰ ਉਸਦਾ ਹੱਲ ਕਰਕੇ ਅਗਲੀ ਮੀਟਿੰਗ ਦੌਰਾਨ ਰਿਪੋਰਟ ਪੇਸ਼ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿੱਚੋਂ ਬਿਜਲੀ ਦੀਆਂ ਤਾਰਾਂ ਦੇ ਜਾਲ ਨੂੰ ਠੀਕ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੇ ਹਰ ਘਰ ਵਿਚੋਂ ਸੁੱਕਾ ਅਤੇ ਗਿੱਲਾ ਕੂੜਾ ਵੱਖ-ਵੱਖ ਇਕੱਠਾ ਕੀਤਾ ਜਾਵੇ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੂੜੇ ਦਾ ਨਿਪਟਾਰਾ ਕੀਤਾ ਜਾਵੇ।


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਅਗਲੇ ਹਫ਼ਤੇ ਬਟਾਲਾ ਸ਼ਹਿਰ ਦਾ ਦੌਰਾ ਕਰਕੇ ਲੋਕਾਂ ਵਲੋਂ ਉਠਾਏ ਮਸਲਿਆਂ ਉਪਰ ਹੋ ਰਹੀ ਕਾਰਵਾਈ ਦਾ ਮੌਕੇ ’ਤੇ ਜਾਇਜਾ ਲੈਣਗੇ। ਉਨ੍ਹਾਂ ਕਿਹਾ ਕਿ ਬਟਾਲਾ ਵਾਸੀਆਂ ਨਾਲ ਅਗਲੇ ਹਫਤੇ ਸ਼ਨੀਵਾਰ ਦਿਨੇ 11 ਵਜੇ ਇਹ ਜੂਮ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਸਮੇਤ ਵੱਖ-ਵੱਖ ਅਧਿਕਾਰੀ ਅਤੇ ਬਟਾਲਾ ਸ਼ਹਿਰ ਦੇ ਵਸਨੀਕ ਵੀ ਹਾਜ਼ਰ ਸਨ।