Batala

Last Updated: Oct 04 2020 16:23
Reading time: 1 min, 39 secsਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਐਂਬੂਲੈਂਸ ਦੀ ਮਰੀਜ਼ ਤੱਕ ਛੇਤੀ ਤੋਂ ਛੇਤੀ ਪਹੁੰਚਣ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਆਪਣੇ ਐਂਬੂਲੈਂਸਾਂ ਨੈਟਵਰਕ ਨੂੰ ਹੋਰ ਵਧਾ ਰਹੀ ਹੈ। ਹੁਣ ਤੱਕ ਸਰਕਾਰੀ ਹਸਪਤਾਲਾਂ ਵਿੱਚ 400 ਦੇ ਕਰੀਬ ਐਂਬੂਲੈਂਸਾਂ ਹਨ, ਜਿਨਾਂ ਵਿੱਚ 242 ਡਾਇਲ 108 ਐਂਬੂਲੈਂਸਾਂ ਸ਼ਾਮਲ ਹਨ ਜੋ ਪਹਿਲਾਂ ਹੀ ਰਾਜ ਕੋਲ ਉਪਲਬਧ ਹਨ। ਐਂਬੂਲੈਂਸ ਸੇਵਾ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵਲੋਂ ਅਗਸਤ ਮਹੀਨੇ ਵਿੱਚ 17 ਏਐਲਐਸ ਅਤੇ 60 ਬੀਐਲਐਸ ਐਂਬੂਲੈਂਸਾਂ ਖਰੀਦੀਆਂ ਗਈਆਂ ਹਨ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਵੀਆਂ ਐਂਬੂਲੈਂਸਾਂ ਹਰ ਜ਼ਿਲ੍ਹਾ ਹਸਪਤਾਲ ਨੂੰ ਦਿੱਤੀਆਂ ਗਈਆਂ ਹਨ ਅਤੇ ਉਹ ਸਰਕਾਰੀ ਅਤੇ ਨਿਜੀ ਹਸਪਤਾਲਾਂ ਵਿੱਚ ਵੱਖ ਵੱਖ ਪੱਧਰਾਂ ਵਿੱਚ ਕੋਵਿਡ-19 ਦੇ ਮਰੀਜ਼ਾਂ ਨੂੰ ਲਿਆਉਣ-ਲਿਜਾਣ ਵਿੱਚ ਸਹਾਇਤਾ ਕਰ ਰਹੀਆਂ ਹਨ।

ਚੇਅਰਮੈਨ ਚੀਮਾ ਨੇ ਦੱਸਿਆ ਕਿ ਰਾਜ ਸਰਕਾਰ ਨੇ ਐਂਬੂਲੈਂਸਾਂ ਦੀ ਗਿਣਤੀ ਨੂੰ ਵਧਾਉਣ ਲਈ 100 ਹੋਰ ਬੀਐਲਐਸ ਐਂਬੂਲੈਂਸਾਂ ਖਰੀਦਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਨਾਂ ਤੋਂ ਇਲਾਵਾ 5 ਏਐਲਐਸ, 6 ਬੀਐਲਐਸ ਅਤੇ 22 ਛੋਟੀਆਂ ਐਂਬੂਲੈਂਸਾਂ ਖਰੀਦਣ ਲਈ ਵੀ ਹੁਕਮ ਦਿੱਤਾ ਗਿਆ ਹੈ।

ਚੇਅਰਮੈਨ ਚੀਮਾ ਨੇ ਦੱਸਿਆ ਕਿ ਬੀਤੇ ਦਿਨੀਂ ਜ਼ੀ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਵਲੋਂ ਮਹਾਂਮਾਰੀ ਵਿਰੁੱਧ ਲੜਾਈ ਵਿੱਚ 20 ਐਂਬੂਲੈਂਸਾਂ ਦਾਨ ਕਰਕੇ ਵੱਡਾ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਐਂਬੂਲੈਂਸਾਂ ਨਾ ਸਿਰਫ ਸਰਕਾਰ ਦੇ ਯਤਨਾਂ ਨੂੰ ਵਧਾਉਣਗੀਆਂ ਬਲਕਿ ਲੋਕਾਂ ਦੀ ਜਾਨਾਂ ਬਚਾਉਣ ਵਿੱਚ ਵੀ ਬਹੁਤ ਸਹਾਈ ਹੋਣਗੀਆਂ। ਉਨਾਂ ਅੱਗੇ ਕਿਹਾ ਕਿ ਮਾਰੂਤੀ ਅਤੇ ਮਹਿੰਦਰਾ ਵਲੋਂ ਤਿਆਰ ਕੀਤੀਆਂ ਇਹ ਐਂਬੂਲੈਂਸਾਂ ਆਕਾਰ ਵਿਚ ਛੋਟੀਆਂ ਹਨ, ਇਸ ਲਈ ਸਿਹਤ ਟੀਮਾਂ ਨੂੰ ਸ਼ਹਿਰਾਂ ਦੇ ਭੀੜ ਵਾਲੇ ਖੇਤਰਾਂ ਵਿਚ ਪਹੁੰਚਣ ਅਤੇ ਮਰੀਜ਼ਾਂ ਨੂੰ ਲਿਆਉਣ-ਲਿਜਾਣ ਵਿੱਚ ਸਹਾਇਤਾ ਕਰਨਗੀਆਂ।

ਸ. ਚੀਮਾ ਨੇ ਕਿਹਾ ਕਿ ਮਰੀਜ਼ਾਂ ਲਈੰ ਸਿਹਤ ਸਹੂਲਤਾਂ ਨੂੰ ਸਮੇਂ ਸਿਰ ਯਕੀਨੀ ਬਣਾਉਣਾ ਕਿਸੇ ਵੀ ਮਹਾਂਮਾਰੀ ਨਾਲ ਲੜਨ ਦਾ ਇਕ ਮੁੱਖ ਥੰਮ ਮੰਨਿਆ ਜਾਂਦਾ ਹੈ। ਉਨਾਂ ਦੱਸਿਆ ਕਿ ਕੋਵਿਡ 19 ਦੇ ਪਾਜ਼ੇਟਿਵ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣੀਆਂ ਹੋਰ ਵੀ ਵਿਸ਼ੇਸ਼ ਹਨ ਕਿਉਂਕਿ ਹਸਪਤਾਲ ਪਹੁੰਚਣ ਤੱਕ ਜਾਨਾਂ ਬਚਾਉਣ ਨੂੰ ਯਕੀਨੀ ਬਣਾਉਣ ਵਿਚ ਲੱਗਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਰਾਜ ਐਂਬੂਲੈਂਸ ਦੇ ਨੈਟਵਰਕ ਨੂੰ ਹੋਰ ਮਜ਼ਬੂਤ ਕਰਕੇ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਤੁਰੰਤ ਮੁਹੱਈਆ ਕਰਵਾਉਣ ਲਈ ਯਤਨ ਕਰ ਰਿਹਾ ਹੈ