ਪੰਚਾਇਤ ਮੰਤਰੀ ਦੀਆਂ ਹਦਾਇਤਾਂ ਤਹਿਤ ਪਿੰਡਾਂ ਵਿੱਚ ਛੱਪੜਾਂ ਦੀ ਸਫ਼ਾਈ ਸ਼ੁਰੂ

Last Updated: Jun 06 2019 17:21
Reading time: 1 min, 10 secs

ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀਆਂ ਹਦਾਇਤਾਂ ਤਹਿਤ ਪਿੰਡਾਂ ਵਿੱਚ ਛੱਪੜਾਂ ਦੀ ਸਫ਼ਾਈ ਦਾ ਅਭਿਆਨ ਸ਼ੁਰੂ ਹੋ ਗਿਆ ਹੈ। ਅੱਜ ਬਟਾਲਾ ਬਲਾਕ ਦੇ ਪਿੰਡਾਂ ਅਕਰਪੁਰ ਕਲਾਂ, ਅਕਰਪੁਰ ਖੁਰਦ, ਪੁਰੀਆਂ ਖੁਰਦ, ਬਹਾਦਰਪੁਰ ਅਤੇ ਪਿੰਡ ਰਿਖੀਆ ਦੇ ਛੱਪੜਾਂ ਦੀ ਸਫਾਈ ਦਾ ਕੰਮ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਬਟਾਲਾ ਸ. ਭਗਵਾਨ ਸਿੰਘ ਨੇ ਦੱਸਿਆ ਕਿ ਅੱਜ ਬਟਾਲਾ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਛੱਪੜਾਂ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਮੰਤਰੀ ਸਾਹਿਬ ਦੀ ਹਦਾਇਤਾਂ ਤਹਿਤ ਇਸ ਕੰਮ ਨੂੰ ਮਿਥੇ ਸਮੇਂ ਅੰਦਰ ਨੇਪਰੇ ਚਾੜ੍ਹਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਅਕਰਪੁਰ ਕਲਾਂ, ਅਕਰਪੁਰ ਖੁਰਦ, ਪੁਰੀਆਂ ਖੁਰਦ, ਬਹਾਦਰਪੁਰ ਅਤੇ ਪਿੰਡ ਰਿਖੀਆ ਦੇ ਛੱਪੜਾਂ ਵਿੱਚੋਂ ਪਾਣੀ ਦੀ ਨਿਕਾਸੀ ਕੀਤੀ ਗਈ ਹੈ ਅਤੇ ਇਸ ਉਪਰੰਤ ਛੱਪੜਾਂ ਨੂੰ ਸਾਫ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਛੱਪੜਾਂ ਦੀ ਸਫ਼ਾਈ ਲਈ ਜਿੱਥੇ ਮਨਰੇਗਾ ਕਾਮਿਆਂ ਦੀ ਵਰਤੋਂ ਕੀਤੀ ਜਾਵੇਗੀ, ਉੱਥੇ ਨਾਲ ਹੀ ਲੋੜੀਂਦੀ ਤਕਨੀਕੀ ਸਹਾਇਤਾ ਲਈ ਮਸ਼ੀਨਾਂ ਅਤੇ ਪਾਣੀ ਕੱਢਣ ਵਾਲੇ ਪੰਪਾਂ ਦਾ ਵੀ ਇਸਤੇਮਾਲ ਕੀਤਾ ਜਾਵੇਗਾ।

ਸ. ਭਗਵਾਨ ਸਿੰਘ ਨੇ ਬਟਾਲਾ ਬਲਾਕ ਦੀਆਂ ਸਾਰੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਲਈ ਉੱਦਮ ਕਰਨ ਅਤੇ ਵਿਭਾਗ ਵੱਲੋਂ ਇਸ ਵਿੱਚ ਪੂਰੀ ਮਦਦ ਕੀਤੀ ਜਾਵੇਗੀ। ਉਨ੍ਹਾਂ ਨਾਲ ਹੀ ਪੰਚਾਇਤਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਪਿੰਡਾਂ ਵਿੱਚ ਛੱਪੜਾਂ ਉੱਪਰ ਹੋਏ ਨਜਾਇਜ਼ ਕਬਜ਼ਿਆਂ ਨੂੰ ਛੁਡਾਉਣ ਲਈ ਪਹਿਲਕਦਮੀ ਕਰਨ ਤਾਂ ਜੋ ਪਾਣੀ ਦੀ ਨਿਕਾਸੀ ਵਿੱਚ ਕੋਈ ਮੁਸ਼ਕਲ ਨਾ ਆਵੇ।