ਲੱਗਦੈ ਜ਼ਿਆਦਾਤਰ ਵਾਰਦਾਤਾਂ ਹੁਣ, ਫ਼ਿਲਮਾਂ ਵੇਖ ਕੇ ਹੀ ਹੁੰਦੀਆਂ ਨੇ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 12 2019 12:39
Reading time: 3 mins, 13 secs

ਭਾਵੇਂ ਹੀ ਹੁਣ ਪੰਜਾਬ ਨੇ ਬੜੀ ਤਰੱਕੀ ਕਰ ਲਈ ਹੈ। ਪਰ ਹਾਲੇ ਵੀ ਪੰਜਾਬ ਦੇ ਬਹੁਤ ਸਾਰੇ ਵਰਗ ਅਜਿਹੇ ਹਨ, ਜਿਨ੍ਹਾਂ ਦੇ ਘਰ ਇੱਕ ਵੇਲੇ ਦੀ ਰੋਟੀ ਵੀ ਨਹੀਂ ਪੱਕਦੀ। ਗ਼ਰੀਬੀ ਦੇ ਮਾਰੇ ਕਈ ਲੋਕ ਇਸ ਫ਼ਾਨੀ ਸੰਸਾਰ ਨੂੰ ਜਿੱਥੇ ਅਲਵਿਦਾ ਆਖ ਚੁੱਕੇ ਹਨ, ਉੱਥੇ ਹੀ ਦੂਜੇ ਪਾਸੇ ਚਾਰ ਕਿੱਲਿਆਂ ਵਾਲੇ ਚੌਧਰ ਦੇ ਚੱਕਰ ਵਿੱਚ ਹੀ ਮਰ ਮੁੱਕ ਚੱਲੇ ਹਨ। ਦਰਅਸਲ, ਵੇਖਿਆ ਜਾਵੇ ਤਾਂ "ਚੌਧਰ" ਇੱਕ ਅਜਿਹਾ ਸ਼ਬਦ ਹੈ, ਜਿਸ ਨੇ ਹੁਣ ਤੱਕ ਸੈਂਕੜੇ ਹੀ ਲੋਕਾਂ ਦੀਆਂ ਜਾਨਾਂ ਲਈਆਂ ਹਨ ਅਤੇ ਫੁਕਰਪੁਣੇ ਵਿੱਚ ਇਹ ਸ਼ਬਦ ਨੂੰ ਜ਼ਿਆਦਾ ਵਰਤਿਆ ਜਾਂਦਾ ਹੈ। 

ਫ਼ਿਲਮਾਂ ਦੇ ਵਿੱਚ ਵਿਖਾਇਆ ਜਾਂਦਾ ਚੌਧਰਪੁਣਾ ਕਈ ਵਾਰ ਨੌਜਵਾਨਾਂ ਨੂੰ ਡਾਕੂ ਲੁਟੇਰੇ ਆਦਿ ਬਣਾ ਦਿੰਦਾ ਹੈ। ਜ਼ਮੀਨਾਂ 'ਤੇ ਕਬਜ਼ੇ ਲੈਣੇ ਤਾਂ ਅੱਜ ਆਮ ਹੀ ਗੱਲ ਹੋਈ ਪਈ ਹੈ। ਹਰ ਛਮਾਹੀ ਹੀ ਪਿੰਡਾਂ ਵਿੱਚ ਇਨ੍ਹਾਂ ਗੱਲਾਂ ਦਾ ਰੌਲਾ ਪੈਂਦਾ ਹੀ ਰਹਿੰਦਾ ਹੈ ਕਿ ਜ਼ਮੀਨ 'ਤੇ ਕਬਜ਼ਾ ਹੋ ਗਿਆ। ਕਿਸੇ ਗਰੀਬ ਕਿਸਾਨ ਦੀ ਜ਼ਮੀਨ 'ਤੇ ਜਦੋਂ ਸ਼ਾਹੂਕਾਰ ਕਬਜ਼ਾ ਕਰਦਾ ਹੈ ਤਾਂ ਫਿਰ ਲੜਾਈ ਝਗੜੇ, ਗੋਲੀਆਂ ਚੱਲਣਾ ਆਮ ਜਿਹੀ ਗੱਲ ਹੋ ਜਾਂਦੀ ਹੈ। ਫ਼ਿਲਮਾਂ ਵਿੱਚ ਕਿਸ ਤਰੀਕੇ ਦੇ ਨਾਲ ਲੋਕਾਂ 'ਤੇ ਅੱਤਿਆਚਾਰ ਹੁੰਦਾ ਹੈ, ਉਸ ਨੂੰ ਵੇਖ ਕੇ ਕਈ ਲੋਕ ਪੂਰਾ ਡਰਾਮਾ ਰਚਦੇ ਹਨ। 

ਦੱਸ ਦਈਏ ਕਿ ਫ਼ਿਲਮਾਂ ਨੇ ਹੁਣ ਤੱਕ ਲੋਕਾਂ ਨੂੰ ਸਿਖਾਇਆ ਵੀ ਬਹੁਤ ਹੈ ਅਤੇ ਗਵਾਇਆ ਵੀ ਬਹੁਤ ਹੈ। ਕਿਉਂਕਿ ਫ਼ਿਲਮਾਂ ਵੇਖਣ ਦੇ ਸ਼ੌਕੀਨ ਇੱਕ ਨਾ ਇੱਕ ਦਿਨ ਜ਼ਰੂਰ ਕੁਝ ਨਾ ਕੁਝ ਬਣ ਜਾਂਦੇ ਹਨ। ਫ਼ਿਲਮੀ ਐਕਟਰਾਂ ਦੀਆਂ ਨਕਲਾਂ ਕਰਕੇ ਕਈ ਨੌਜਵਾਨ ਅਜਿਹੇ ਪੁੱਠੇ ਸਿੱਧੇ ਕੰਮ ਕਰ ਜਾਂਦੇ ਹਨ, ਜਿਨ੍ਹਾਂ ਦੀ ਸਾਨੂੰ ਉਮੀਦ ਵੀ ਨਹੀਂ ਹੁੰਦੀ। ਦਰਅਸਲ, ਇਹ ਸਭ ਕੁਝ ਫ਼ਿਲਮਾਂ ਵਿੱਚ ਵੇਖੀ ਚੌਧਰ ਅਤੇ ਖਹਿ ਬਾਜ਼ੀ ਦੇ ਕਾਰਨ ਹੀ ਹੁੰਦਾ ਹੈ। ਪੰਜਾਬ ਦੇ ਅੰਦਰ ਜ਼ਮੀਨਾਂ 'ਤੇ ਕਬਜ਼ਿਆਂ ਨੂੰ ਲੈ ਕੇ ਹਮੇਸ਼ਾ ਹੀ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਸੁਰਖ਼ੀਆਂ ਦੇ ਵਿੱਚ ਰਹਿੰਦਾ ਹੈ। 

ਭਾਵੇਂ ਹੀ ਕਬਜ਼ਾ ਲੈਣ ਵਾਲੇ ਲੁਟੇਰੇ, ਗੈਂਗਸਟਰ ਅਤੇ ਡਾਕੂ ਆਦਿ ਹੁੰਦੇ ਹਨ, ਪਰ ਉਹ ਸ਼ਾਹੂਕਾਰਾਂ ਦਾ ਸਾਥ ਦੇ ਕੇ ਸ਼ਰੀਫ਼ ਬੰਦਾ ਬਣ ਕੇ ਵਿਖਾਉਂਦੇ ਹਨ। ਦੱਸ ਦਈਏ ਕਿ ਫ਼ਿਲਮਾਂ ਨੂੰ ਵੇਖ ਕੇ ਬਣੇ ਗੈਂਗਸਟਰ ਅਤੇ ਫੋਕੀ ਸ਼ੌਹਰਤ ਰੱਖਣ ਵਾਲੇ ਨੌਜਵਾਨ ਇੱਕ ਦਿਨ ਪੁਲਿਸ ਦੀ ਗੋਲੀ ਜਾਂ ਫਿਰ ਕਿਸੇ ਗਰੀਬ ਦੀ "ਹਾਏ" ਲੱਗਣ ਕਾਰਨ ਜ਼ਰੂਰ ਮਾਰੇ ਜਾਂਦੇ ਹਨ। ਹੁਣ ਤੱਕ ਬਹੁਤ ਸਾਰੇ ਨੌਜਵਾਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਸਿਰਫ਼ ਤੇ ਸਿਰਫ਼ ਫੁਕਰਪੁਣੇ ਵਿੱਚ ਰਹਿ ਕੇ ਹੀ ਆਖ ਚੁੱਕੇ ਹਨ। ਦਰਅਸਲ, ਨਕਲ ਕਰਨ ਦੇ ਚੱਕਰ ਵਿੱਚ ਕਈਆਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ। 

ਦੋਸਤੋਂ, ਵੇਖਿਆ ਜਾਵੇ ਤਾਂ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਜਿਸ ਨੂੰ ਕਿ ਆਪਣੇ ਭਵਿੱਖ ਦੇ ਬਾਰੇ ਵਿੱਚ ਪਤਾ ਹੋਣ ਦੇ ਬਾਵਜੂਦ ਵੀ ਉਹ ਪੁੱਠੇ ਰਸਤੇ ਅਪਣਾ ਰਹੇ ਹਨ। ਨਸ਼ੇ ਨੇ ਜਿੱਥੇ ਸਾਡੀ ਜਵਾਨੀ ਨੂੰ ਖ਼ਤਮ ਕਰਨ ਦਾ ਸੌਖਾ ਰਸਤਾ ਲੱਭ ਲਿਆ ਹੈ, ਉੱਥੇ ਹੀ "ਫੁਕਰਪੁਣੇ" ਵਿੱਚ ਲੱਗਿਆ ਨਸ਼ਾ ਇੱਕ ਨਾ ਇੱਕ ਦਿਨ ਘਰਾਂ ਨੂੰ ਬਰਬਾਦ ਕਰਕੇ ਹੀ ਛੱਡਦਾ ਹੈ। ਕਈ ਨੌਜਵਾਨ ਸ਼ੌਂਕ-ਸ਼ੌਂਕ ਵਿੱਚ ਸਭ ਕੁਝ ਕਰਨ ਨੂੰ ਤਿਆਰ ਹੋ ਜਾਂਦੇ ਹਨ, ਪਰ ਵੇਖਿਆ ਜਾਵੇ ਤਾਂ ਸ਼ੌਂਕ ਹੀ ਕਈ ਵਾਰ ਜ਼ਿੰਦਗੀਆਂ ਨੂੰ ਮੌਤ ਦੇ ਮੂੰਹ ਵਿੱਚ ਘੱਲ ਦਿੰਦਾ ਹੈ। 

ਪੰਜਾਬੀਆਂ ਵਿੱਚ ਇਸ ਵੇਲੇ ਫ਼ਿਲਮਾਂ ਅਤੇ ਖਾੜਕੂ ਗੀਤ ਵੇਖ ਕੇ ਰਫ਼ਲਾਂ ਦੁਨਾਲੀਆਂ ਰੱਖਣ ਦਾ ਸ਼ੌਂਕ ਵੀ ਵੱਧ ਚੁੱਕਿਆ ਹੈ, ਜਿਸ ਕਾਰਨ ਨੌਜਵਾਨ ਕੁਰਾਹੇ ਪੈ ਰਹੇ ਹਨ। ਜ਼ਿਆਦਾਤਰ ਨੌਜਵਾਨਾਂ 'ਤੇ ਸਵਾਰ ਹੋਇਆ 'ਫੁਕਰਪੁਣੇ' ਦਾ ਭੂਤ, ਉਦੋਂ ਲਹਿ ਜਾਂਦਾ ਹੈ, ਜਦੋਂ ਪੁਲਿਸ ਫੜ ਕੇ ਉਨ੍ਹਾਂ ਨੂੰ ਸਲਾਖ਼ਾਂ ਪਿੱਛੇ ਸੁੱਟ ਦਿੰਦੀ ਹੈ। ਦਰਅਸਲ, ਪੰਜਾਬ ਦੇ ਅੰਦਰ ਹੁੰਦੀਆਂ ਵਾਰਦਾਤਾਂ ਵਿੱਚ ਜ਼ਿਆਦਾਤਰ ਅਸਲੇ ਦੀ ਨਜਾਇਜ਼ ਤੌਰ 'ਤੇ ਵਰਤੋਂ ਹੁੰਦੀ ਹੈ। ਜਦੋਂ ਵਾਰਦਾਤ ਕਰਨ ਵਾਲੇ ਫੜੇ ਜਾਂਦੇ ਹਨ ਤਾਂ ਉਹ ਮੰਨਦੇ ਹਨ ਕਿ ਉਨ੍ਹਾਂ ਨੇ ਉਕਤ ਵਾਰਦਾਤ ਨੂੰ ਅੰਜਾਮ ਫ਼ਿਲਮ ਜਾਂ ਫਿਰ ਗੀਤ ਨੂੰ ਵੇਖ ਕੇ ਦਿੱਤਾ। 

ਜਿਹੋ ਜਿਹਾ ਗੀਤਾਂ ਅਤੇ ਫ਼ਿਲਮਾਂ ਵਿੱਚ ਵਿਖਾਇਆ ਜਾਂਦਾ ਹੈ, ਨੌਜਵਾਨ ਮੁੰਡੇ-ਕੁੜੀਆਂ ਉਸੇ ਤਰ੍ਹਾਂ ਹੀ ਕਰਦੇ ਹਨ। ਸੋ ਅੱਜ ਵੇਲਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਸਭ ਤੋਂ ਪਹਿਲੋਂ ਨਸ਼ਿਆਂ ਤੋਂ ਬਚਾਇਆ ਜਾਵੇ। ਨੌਜਵਾਨਾਂ ਦੇ ਲਈ ਸਰਕਾਰ ਰੁਜ਼ਗਾਰ ਦੇ ਮੌਕੇ ਪੈਦਾ ਕਰੇ ਤਾਂ ਜੋ ਨੌਜਵਾਨ ਨਸ਼ਿਆਂ ਦੇ ਵੱਲ ਜਾਣ ਹੀ ਨਾ। ਕਿਉਂਕਿ ਨਸ਼ਿਆਂ ਦੇ ਵੱਲ ਨੌਜਵਾਨ ਉਦੋਂ ਜਾਂਦੇ ਹਨ, ਜਦੋਂ ਉਹ ਵਿਹਲੇ ਹੁੰਦੇ ਹਨ। ਸਾਡੀ ਨੌਜਵਾਨ ਪੀੜ੍ਹੀ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਜੇਕਰ ਸਰਕਾਰ ਰੁਜ਼ਗਾਰ ਨਹੀਂ ਦਿੰਦੀ ਤਾਂ ਆਪਣਾ ਭਵਿੱਖ ਖ਼ੁਦ ਬਣਾਓ ਅਤੇ ਛੋਟਾ ਮੋਟਾ ਕੰਮ ਕਰਕੇ ਘਰ ਤਾਂ ਚਲਾਓ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।