ਲੱਗਦੈ, 84 ਵਾਂਗ ਇੱਕ ਮੁੱਦਾ ਹੀ ਬਣ ਕੇ ਰਹਿ ਜਾਣਗੀਆਂ, ਬੇਅਦਬੀਆਂ ਤੇ ਗੋਲੀਕਾਂਡ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 16 2019 12:43
Reading time: 2 mins, 16 secs

35 ਸਾਲ ਪਹਿਲਾਂ ਦਿੱਲੀ ਵਿੱਚ ਹੋਏ ਸਿੱਖ਼ ਕਤਲ-ਏ-ਆਮ ਅਤੇ ਚਾਰ ਸਾਲ ਪਹਿਲਾਂ 2015 ਵਿੱਚ ਹੋਈਆਂ ਬੇਅਦਬੀਆਂ ਤੇ ਗੋਲੀਕਾਂਡ ਨੂੰ ਲਗਭਗ ਸਾਰੀਆਂ ਹੀ ਵੱਡੀਆਂ ਸਿਆਸੀ ਪਾਰਟੀਆਂ ਨੇ ਇੱਕ ਵਾਰ ਫ਼ਿਰ ਆਪਣੇ ਚੋਣ ਪ੍ਰਚਾਰ ਦਾ ਵੱਡਾ ਹਿੱਸਾ ਬਣਾਇਆ ਹੋਇਆ ਹੈ। ਅਕਾਲੀ, ਕਾਂਗਰਸੀ ਅਤੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਦੁਖ਼ਾਂਤਾਂ ਨੂੰ ਦੱਬ ਕੇ ਕੈਸ਼ ਕਰ ਰਹੀਆਂ ਹਨ। ਸਾਰੀਆਂ ਸਿਆਸੀ ਪਾਰਟੀਆਂ ਸਿੱਖ਼ਾਂ ਦੀਆਂ ਲਾਸ਼ਾਂ ਤੇ ਪੂਰੀ ਸਿਆਸਤ ਕਰ ਰਹੀਆਂ ਹਨ।

ਦੋਸਤੋ, ਪਿਛਲੇ ਦਿਨੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੰਜਾਬ ਆਏ, ਉਹਨਾਂ ਨੇ 84 ਦੇ ਨਾ ਭਰਨਯੋਗ ਜ਼ਖਮਾਂ ਨੂੰ ਦੱਬ ਕੇ ਰਗੜਦਿਆਂ, ਖੁਦ ਨੂੰ ਸਿੱਖ਼ਾਂ ਦੇ ਹਿਤੈਸ਼ੀ ਸਾਬਤ ਕਰਨ ਦੀ ਪੂਰੀ ਵਾਹ ਲਗਾਈ। ਇਸੇ ਤਰ੍ਹਾਂ ਹੀ ਰਾਹੁਲ ਗਾਂਧੀ ਨੇ ਵੀ ਬੇਅਦਬੀਆਂ ਤੇ ਗੋਲੀਕਾਂਡਾਂ ਦੇ ਦੋਸ਼ੀਆਂ ਨੂੰ ਸਜਾਵਾਂ ਦਿਲਵਾਉਣ ਦਾ ਵਾਅਦਾ ਕੀਤਾ। ਗੱਲ ਕਰੀਏ ਜੇਕਰ ਆਮ ਆਦਮੀ ਪਾਰਟੀ ਵਾਲਿਆਂ ਦੀ ਤਾਂ, ਕੇਜਰੀਵਾਲ ਵੀ 84 ਦੇ ਕਾਤਲਾਂ ਅਤੇ ਬੇਅਦਬੀਆਂ ਕਰਨ ਵਾਲਿਆਂ ਨੂੰ ਸਜਾਵਾਂ ਦਿਲਵਾਉਂਦੇ ਹੋਏ ਨਜ਼ਰ ਆਏ।

ਦੋਸਤੋ, ਇਹ ਤਾਂ ਗੱਲ ਹੈ ਦਿੱਲੀ ਵਾਲਿਆਂ ਦੀ, ਸਾਡੀ ਲੋਕਲ ਲੀਡਰਸ਼ਿਪ ਵੀ 35 ਸਾਲ ਪੁਰਾਣੇ ਦਿੱਲੀ ਦੁਖ਼ਾਂਤ ਅਤੇ ਬੇਅਦਬੀਆਂ ਤੇ ਗੋਲੀਕਾਂਡਾਂ ਵਿੱਚ ਮਾਰੇ ਗਏ ਸਿੱਖ਼ਾਂ ਦੀਆਂ ਲਾਸ਼ਾਂ ਨੂੰ ਹੀ ਖਿੱਚੀ ਫ਼ਿਰਦੀ ਨਜ਼ਰ ਆ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੱਲ੍ਹ ਪਟਿਆਲਾ ਰੈਲੀ ਦੇ ਦੌਰਾਨ 84 ਨੂੰ ਲੈ ਕੇ ਇੱਕ ਨਵਾਂ ਸ਼ਿਗੂਫ਼ਾ ਛੱਡ ਕੇ ਨਾ ਕੇਵਲ, ਸਿੱਖ਼ਾਂ ਦੇ ਸਿਵਿਆਂ ਨੂੰ ਹੀ ਫ਼ਰੋਲਿਆ ਬਲਕਿ ਕਾਂਗਰਸੀਆਂ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ।

ਗੱਲਾਂ ਹੀ ਗੱਲਾਂ ਵਿੱਚ ਕੈਪਟਨ ਨੇ ਦਾਅਵਾ ਕੀਤਾ ਕਿ, 35 ਸਾਲ ਪਹਿਲਾਂ ਦਿੱਲੀ ਵਿੱਚ ਜੋ ਕੁਝ ਵੀ ਹੋਇਆ ਸੀ, ਉਸ ਵਿੱਚ ਕੇਵਲ ਕਾਂਗਰਸੀ ਹੀ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਵਾਲੇ ਵੀ ਸ਼ਾਮਲ ਸਨ। ਉਹਨਾਂ ਨੇ ਦਾਅਵਾ ਕੀਤਾ ਕਿ, ਸਿੱਖ ਕਤਲ-ਏ-ਆਮ ਵਿੱਚ ਕੇਵਲ 5 ਕਾਂਗਰਸੀ ਹੀ ਸ਼ਾਮਲ ਸਨ, ਜਦਕਿ 22 ਭਾਜਪਾਈ ਵੀ ਸ਼ਾਮਲ ਸਨ। ਸਿਆਸੀ ਚੂੰਢੀਮਾਰਾਂ ਅਨੁਸਾਰ ਜ਼ਰੂਰ ਉਹਨਾਂ ਦੇ ਹੱਥ ਸੀ.ਬੀ.ਆਈ. ਦੀ ਕੋਈ ਫ਼ਾਈਲ ਲੱਗ ਗਈ ਹੋਵੇਗੀ।

ਸੁਣਿਐ ਕਿ, ਗੱਲਾਂ ਹੀ ਗੱਲਾਂ ਵਿੱਚ ਕੈਪਟਨ ਨੇ ਖ਼ੁਦ ਨੂੰ ਸਿੱਖ਼ਾਂ ਦਾ ਸਭ ਤੋਂ ਵੱਡਾ ਹਮਾਇਤੀ ਸਾਬਤ ਕਰਨ ਦੀ ਕੋਸ਼ਿਸ਼ ਕਰਦਿਆਂ ਇੱਥੋਂ ਤੱਕ ਵੀ ਦਾਅਵਾ ਠੋਕ ਦਿੱਤਾ ਕਿ, ਚੁਰਾਸੀ ਦੰਗਿਆਂ ਸਮੇਂ ਉਹ ਤੇ ਉਹਨਾਂ ਦਾ ਭਰਾ ਦਿੱਲੀ ਦੇ ਕੈਂਪਾਂ ਵਿੱਚ ਪਹੁੰਚੇ ਸਨ, ਜਿੱਥੇ ਕਿ, ਉਹਨਾਂ ਨੇ ਚਾਰ ਦਿਨ ਪੀੜਤਾਂ ਵਿੱਚ ਗੁਜ਼ਾਰੇ ਸਨ। ਉਹਨਾਂ ਗੱਲਾਂ ਹੀ ਗੱਲਾਂ ਵਿੱਚ ਬਾਦਲਾਂ ਤੇ ਵੀ ਸੂਈ ਧਰਦਿਆਂ ਕਿਹਾ ਕਿ, ਉਹ ਇਹਨਾਂ ਮੁੱਦਿਆਂ ਨੂੰ ਉਸ ਵੇਲੇ ਹੀ ਚੁੱਕਦੇ ਹਨ, ਜਦੋਂ ਉਹ ਸੱਤਾ ਤੋਂ ਬਾਹਰ ਹੁੰਦੇ ਹਨ।

ਅਲੋਚਕਾਂ ਦਾ ਮੰਨਣੈ ਕਿ, ਜੇਕਰ ਅੱਜ ਸਾਰੀਆਂ ਸਿਆਸੀ ਪਾਰਟੀਆਂ ਸਿੱਖ ਕਤਲ-ਏ-ਆਮ, ਬਰਗਾੜੀ, ਬਹਿਬਲਕਲਾਂ ਤੇ ਕੋਟਕਪੂਰੇ ਦੇ ਗੋਲੀਕਾਂਡਾਂ ਦੀਆਂ ਗੱਲਾਂ ਕਰ ਰਹੀਆਂ ਹਨ ਤਾਂ, ਇਸਦਾ ਮਤਲਬ ਇਹ ਹਰਗਿਜ਼ ਨਹੀਂ ਹੈ ਕਿ, ਉਹ ਸਿੱਖ਼ ਕੌਮ ਲਈ ਬੜੀਆਂ ਫ਼ਿਕਰਮੰਦ ਹਨ। ਅਲੋਚਕ ਮੰਨਦੇ ਹਨ ਕਿ, ਸਿਆਸੀ ਪਾਰਟੀਆਂ ਦਾ ਮਕਸਦ ਤਾਂ ਸਿਰਫ਼ ਸਿੱਖ਼ਾਂ ਦੇ ਅੱਲੇ ਜ਼ਖਮਾਂ ਨੂੰ ਖ਼ੁਰਚ ਕੇ ਉਹਨਾਂ ਦੀਆਂ ਵੋਟਾਂ ਬਟੋਰਨਾ ਹੀ ਹੈ। ਲੱਗਦੈ, 84 ਵਾਂਗ ਬੇਅਦਬੀਆਂ ਤੇ ਗੋਲੀਕਾਂਡ ਵੀ ਇੱਕ ਚੋਣ ਮੁੱਦਾ ਬਣ ਕੇ ਹੀ ਰਹਿ ਜਾਵੇਗਾ, ਕਦੇ ਵੀ ਹੱਲ ਨਾ ਹੋਣ ਵਾਲਾ ਮੁੱਦਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।