ਵੀਰਾਂ (ਭਾਗ 3)

Last Updated: Aug 31 2019 17:08
Reading time: 2 mins, 8 secs

ਉਹਦੀ ਮਾੜੀ ਕਿਸਮਤ ਨੂੰ ਦੋ-ਤਿੰਨ ਕੁੱਤੇ ਉਹਦੇ ਨੇੜੇ ਆਣ ਭੌਂਕਣ ਲੱਗ ਪਏ, ਪਰ ਮੋਟਰਸਾਈਕਲ ਵਾਲਾ ਰੁਕਿਆ ਹੀ ਨਹੀਂ, ਸ਼ਾਇਦ ਉਹ ਸਮਝਿਆ ਹੋਣਾ ਕਿ ਅੱਧ ਰਾਤ ਉਹਦੇ ਮੋਟਰਸਾਈਕਲ ਦੀ ਅਵਾਜ਼ ਸੁਣਕੇ ਭੌਂਕ ਰਹੇ ਨੇ।

ਪਰ ਕੁੱਤਿਆਂ ਦੇ ਇਸ ਤਰਾਂ ਜ਼ੋਰ-ਜ਼ੋਰ ਦੀ ਭੌਂਕਣ ਨਾਲ ਪਸ਼ੂਆਂ ਨੇ ਹਲਚਲ ਸ਼ੁਰੂ ਕਰ ਦਿੱਤੀ, ਘਰ ਦੇ ਮਾਲਕ ਸਮਝ ਗਏ ਸੀ ਕਿ ਕੋਈ ਓਪਰਾ ਘਰ ਦੇ ਅੰਦਰ ਜਾਂ ਨੇੜੇ-ਤੇੜੇ ਆਣ ਵੜਿਆ ਏ, ਉਹ ਦੋ-ਤਿੰਨ ਜਣੇ ਲਾਲਟੈਣ ਲੈ ਬਾਹਰ ਵੱਲ ਨੂੰ ਆਏ। ਉਹ ਕੰਧ ਨਾਲ ਚਿੰਬੜੀ ਖੜੀ ਸੀ।

"ਕੌਣ ਏ ਓਏ, ਚੋਰ-ਚੋਰ ਇੱਕ ਨੇ ਰੌਲਾ ਪਾਇਆ,

ਉਹ ਸਮਝ ਰਹੇ ਸੀ ਕਿ ਸ਼ਾਇਦ ਕੋਈ ਪਸ਼ੂ ਚੋਰ ਆ ਵੜੇ ਨੇ।

"ਨਾ ਵੀਰ ਚੋਰ ਨੀ, ਮੈਂ ਨਾਲ ਦੇ ਪਿੰਡੋਂ ਮਸਾਂ ਆਪਣੀ ਜਾਨ ਬਚਾ ਕੇ ਭੱਜੀ ਹਾਂ, ਉਹ ਕੰਬਦੀ-ਕੰਬਦੀ ਬੋਲ ਰਹੀ ਸੀ, ਠੰਢ ਤੇ ਡਰ ਨਾਲ ਉਹਦਾ ਬੁਰਾ ਹਾਲ ਸੀ।

"ਕੁੜੇ ਬੀਬੀ ਕੀ ਕਹਿ ਰਹੀ ਏ, ਉਨ੍ਹਾਂ ਚ ਇੱਕ ਜਨਾਨੀ ਵੀ ਖੜੀ ਸੀ,

"ਬੀਬੀ ਮੈਨੂੰ ਬਸ ਇੱਕ ਵਾਰ ਤਾਏ ਦਿਆਲ ਘਰੇ ਪਹੁੰਚਾ ਦਿਓ, ਮੇਰਾ ਤਰਲਾ ਏ, ਮੈਂ ਆਪ ਹੀ ਦੱਸ ਦਿਆਂਗੀ ਸਾਰੀ ਕਹਾਣੀ, ਇਸ ਤੋਂ ਵੱਧ ਉਹ ਬੋਲ ਨਾ ਸਕੀ।

"ਬੀਬੀ ਜਾ ਸ਼ਾਲ ਜਾਂ ਕੰਬਲ ਲਿਆ ਤੇ ਦੇ ਇਸ ਭੈਣ ਤੇ, ਤੇ ਤੂੰ ਤੇ ਬਾਪੂ ਦੋਵੇਂ ਨਾਲ ਚੱਲੋ ਇਹਨੂੰ ਬਾਬੇ ਦਿਆਲ ਦੇ ਘਰ ਛੱਡਕੇ ਆਈਏ। 

ਜਵਾਨ ਜਿਹਾ ਮੁੰਡਾ ਸ਼ਾਇਦ ਸਾਰੀ ਕਹਾਣੀ ਸਮਝ ਗਿਆ ਸੀ।

ਉਹ ਤਿੰਨੋਂ ਉਹਦੇ ਨਾਲ ਤੁਰ ਪਏ ਸੀ। ਉਹ ਤਿੰਨੋਂ ਉਹਨੂੰ 

ਰੱਬ ਵਾਂਗ ਮਿਲੇ ਸੈਣ।

ਚੌਂਹ ਕਦਮਾਂ ਤੇ ਹੀ ਤਾਏ ਦਿਆਲ ਦਾ ਘਰ ਸੀ।

ਮੁੰਡੇ ਨੇ ਬੂਹਾ ਖੜਕਾਇਆ ਕਿੰਨੀ ਵਾਰ।

ਤਾਏ ਦਿਆਲ ਦੇ ਦੋਵੇਂ ਪੁੱਤਰ ਤੇ ਉਹ ਆਪ ਤਰੰਬਕੇ ਕਿ ਅੱਧ ਰਾਤ ਨੂੰ ਕੌਣ ਏ, ਦੋਵੇਂ ਪੁੱਤਰ ਚੌਕੰਨੇ ਹੋਏ ਖੜੇ ਸਨ ਪਿਓ ਨਾਲ ਤੇ ਇੱਕ ਦੇ ਹੱਥ ਦੋਨਾਲੀ ਸੀ,

"ਕੌਣ ਏ ? 

"ਬਾਪੂ ਦਿਆਲ ਮੈਂ ਨੇਕ ਬੂਹਾ ਖੋਲ੍ਹੋ ਛੇਤੀ ਨਾਲ।

ਦਿਆਲ ਦੇ ਘਰ ਦੀਆਂ ਸਾਰੀਆਂ ਬੱਤੀਆਂ ਜਗ ਗਈਆਂ। 

ਉਨ੍ਹਾਂ ਬੂਹਾ ਖੋਲ੍ਹਿਆ ਤਾਂ ਉਹ ਹੱਕਾ ਬੱਕਾ ਰਹਿ ਗਿਆ।

 ਚਾਰ ਜਣਿਆਂ ਨੂੰ ਇਸ ਤਰਾਂ ਵੇਖ।

"ਕੀ ਹੋਇਆ ਤਾਰੇ ?

ਉਹ ਨੇ ਨੇਕ ਦੇ ਪਿਓ ਨੂੰ ਪੁੱਛਿਆ। 

"ਬਾਈ, ਆਹ ਕੁੜੀ ਬਹੁਤ ਬੁਰੀ ਹਾਲਤ ਚ ਪਹੁੰਚੀ ਏ।

ਉਹ ਨੇ ਜਦ ਮੂੰਹ ਤੋਂ ਸ਼ਾਲ ਉਤਾਰੀ ਤਾਂ ਉਹ ਹੱਕੇ ਬੱਕੇ ਰਹਿ ਗਏ, 

"ਇਹ ਤਾਂ ਵੀਰਾਂ ਏ, ਪੰਜਾਬ ਸਿਓਂ ਦੀ ਧੀ।

ਦਿਆਲ ਹੈਰਾਨ ਹੋਇਆ ਕਹਿ ਰਿਹਾ ਸੀ। ਮੁੰਡੇ ਵੀ ਪਛਾਣ ਗਏ ਸੀ ਵੀਰਾਂ ਨੂੰ।

ਉਨ੍ਹਾਂ ਨੇ ਸਾਰਿਆਂ ਨੂੰ ਅੰਦਰ ਵਾੜ ਕੇ ਬੂਹਾ ਬੰਦ ਕਰ ਲਿਆ। 

ਘਰ ਦੀਆਂ ਜਨਾਨੀਆਂ ਸਣੇ ਸਾਰੇ ਵੱਡੀ ਸਵਾਤ ਚ ਇਕੱਠੇ ਹੋ ਗਏ। 

"ਕੁੜੀਓ ਦੁੱਧ ਗਰਮ ਕਰੋ ਪਹਿਲਾਂ, ਸਾਰਿਆਂ ਲਈ, ਵੇਖੋ ਕੁੜੀ ਦਾ ਹਾਲ ਕੀ ਹੋਇਆ ਪਿਆ,

ਦਿਆਲ ਦੀ ਘਰਦੀ ਨੇ ਨੂੰਹਾਂ ਨੂੰ ਤਾਕੀਦ ਕੀਤੀ, ਦਿਆਲ ਦੀ ਵੱਡੀ ਨੂੰਹ ਦੀਆਂ ਅੱਖਾਂ ਭਰ ਆਈਆਂ, ਆਪਣੇ ਪਿੰਡ ਦੀ ਧੀ ਨੂੰ ਇਓਂ ਵੇਖ।

ਵੀਰਾਂ ਨੇ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਆਖਿਆ।

"ਤਾਇਆ ਮੇਰੇ ਵੀਰ ਨੂੰ ਬੁਲਾ ਦਿਓ।

"ਨਾ ਧੀਏ ਹੁਣ ਸਾਹ ਲੈ, ਇੱਥੇ ਤੇਰੇ ਵੀਰ ਤੇ ਮਾਂ ਪਿਓ ਸਾਰੇ ਤੇਰੇ ਕੋਲ ਨੇ, ਤੂੰ ਹੁਣ ਧਰਵਾਸ ਰੱਖ।

ਦਿਆਲ ਦੀ ਘਰਦੀ ਨੇ ਉਹਨੂੰ ਹਿੱਕ ਨਾਲ ਲਾਉਂਦਿਆਂ ਕਿਹਾ। 

ਪਰ ਉਹਨੂੰ ਤਾਂ ਚੀਲਾਂ ਦੀ ਅਵਾਜ਼ ਹੁਣ ਵੀ ਸੁਣ ਰਹੀ ਸੀ।...(ਆਖ਼ਰੀ ਭਾਗ ਕੱਲ੍ਹ)