ਪਹਿਰਾਵੇ ਦਾ ਬਦਲ ਜਾਣਾ ਤੇ ਅੰਗਾਂ ਤੇ ਲਿਖੀਆਂ ਕਵਿਤਾਵਾਂ ਦਾ ਮਤਲਬ ਆਜ਼ਾਦੀ ਨਹੀਂ ਹੁੰਦਾ

Last Updated: Jun 05 2019 19:04
Reading time: 4 mins, 20 secs

ਮੁਆਫ਼ ਕਰਨਾ ਮੈਂ ਇਸ ਵਿਸ਼ੇ ਤੇ ਲਿਖਣਾ ਨਹੀਂ ਸੀ ਚਾਹੁੰਦੀ ਪਰ ਲਿਖ ਰਹੀ ਹਾਂ।
     
ਇੱਕ ਲੇਖਕ ਇੱਕ ਥਾਂ ਲਿਖਦਾ, ਕਿ ਕਾਇਨਾਤ ਦੀ ਸਭ ਤੋਂ ਸੋਹਣੀ ਸਿਰਜਣਾ ਔਰਤ ਏ ਪਰ ਜਦ ਉਹ ਮਰਦ ਦੀ ਬਰਾਬਰੀ ਲਈ ਬਜ਼ਿੱਦ ਹੋ ਜਾਂਦੀ ਏ ਤਾਂ ਉਹ ਕਰੂਪ ਹੋ ਜਾਂਦੀ ਏ।ਇਹਦਾ ਮਤਲਬ ਸਮਝਦੇ ਹੋ ? ਇਹਦਾ ਮਤਲਬ ਕਿ ਇੱਕ ਔਰਤ ਮਰਦ ਨਾਲੋਂ ਆਪਣੇ ਅਸਲ ਰੂਪ 'ਚ ਬੇਹਤਰੀਨ ਏ, ਪਰ ਇਸਦਾ ਇਹ ਮਤਲਬ ਵੀ ਨਹੀਂ ਕਿ ਮਰਦ ਮਾੜਾ ਏ।ਮਰਦ ਨੇ ਕਦੀ ਔਰਤ ਦੀ ਬਰਾਬਰੀ ਲਈ ਆਪਣੇ ਆਪ ਨੂੰ ਔਰਤ ਵਰਗਾ ਨਹੀਂ ਬਣਾਉਣਾ ਚਾਹਿਆ ਕਿਓਂਕਿ ਉਹ ਜਾਣਦਾ ਏ ਕਿ ਇੱਕ ਮਰਦ ਦੇ ਰੂਪ 'ਚ ਉਹ ਬੇਹਤਰੀਨ ਏ। ਪਰ ਅੱਜ ਕੱਲ੍ਹ ਅਸੀਂ ਔਰਤਾਂ ਨੇ ਹੱਥ 'ਚ ਇੱਕ ਜ਼ਿੱਦ ਦਾ ਝੰਡਾ ਚੁੱਕਿਆ ਹੈ, ਉਹਨੂੰ ਨਾਂਅ ਭਾਵੇਂ ਅਸੀਂ ਆਜ਼ਾਦੀ ਦਾ ਦੇ ਰਹੇ ਹਾਂ ਪਰ ਮੈਨੂੰ ਲੱਗਦਾ ਕਿ ਸਾਨੂੰ ਹਾਲੇ ਆਜ਼ਾਦੀ ਦੇ ਅੱਖਰ ਦਾ  "ਅ" ਵੀ ਸਮਝ ਨਹੀਂ ਆਇਆ। 
      
ਦੁਨੀਆ ਵਿੱਚ ਕੋਈ ਪਹਿਰਾਵਾ ਮਾੜਾ ਨਹੀਂ, ਜਿਸ ਦੇਸ਼, ਜਿਸ ਸੱਭਿਆਚਾਰ 'ਚ ਜਿਹੋ ਜਿਹਾ ਪਹਿਰਾਵਾ ਏ ਉਹ ਬੇਹਤਰੀਨ ਏ, ਪਹਿਰਾਵਾ ਹਮੇਸ਼ਾ ਮੌਸਮ ਤੇ ਤੁਹਾਡੇ ਉਸ ਪਹਿਰਾਵੇ ਵਿੱਚ ਆਪਣੇ ਆਪ ਨੂੰ ਸਹਿਜ ਤੇ ਖੂਬਸੂਰਤ ਦਿਖਣ ਉੱਤੇ ਟਿਕਿਆ ਹੁੰਦਾ ਹੈ। ਭਾਵੇਂ ਕਿਸੇ ਦੇਸ਼ 'ਚ 2 ਪੀਸ ਪਾਉਣ ਦਾ, ਭਾਵੇਂ ਕਿਸੇ ਦੇਸ਼ 'ਚ ਬੁਰਕਾ ਪਹਿਨਣ ਦਾ ਰਿਵਾਜ਼ ਹੋਵੇ, ਪਰ ਪਾਬੰਦੀ ਨਾ ਹੋਵੇ, ਔਰਤ ਆਪਣੇ ਸਹਿਜ ਮੁਤਾਬਕ ਉਸ ਨੂੰ ਅਪਣਾ ਲਵੇ ਇਹ ਉਸਦੀ ਆਜ਼ਾਦੀ ਏ। ਪਰ ਉਸ 'ਚ ਇੱਕ ਖਾਸ ਖਿਆਲ ਇਹ ਹੁੰਦਾ ਕਿ ਤੁਹਾਡਾ ਆਲਾ ਦੁਆਲਾ ਵੀ ਉਸ ਪਹਿਰਾਵੇ ਵਿੱਚ ਤੁਹਾਨੂੰ ਸਹਿਜਤਾ ਨਾਲ ਲੈ ਰਿਹਾ ਹੈ ਜਾਂ ਨਹੀਂ ? ਪਰ ਔਰਤ ਦੇ ਮਨ ਇਸ ਆਜ਼ਾਦੀ ਵਾਲੇ ਭਰਮ ਦਾ ਇਹੋ ਜਿਹਾ ਵਹਿਮ ਘਰ ਕਰ ਗਿਆ ਏ ਕਿ ਉਹ ਮਾਡਰਨ ਪਹਿਰਾਵੇ ਨੂੰ ਹੀ ਆਜ਼ਾਦੀ ਸਮਝੀ ਬੈਠੀ ਏ। ਜਦਕਿ ਉਹ ਇੱਕ ਪਸੰਦ ਹੈ, ਕਿ ਉਹ ਕੀ ਪਹਿਨਣਾ ਪਸੰਦ ਕਰਦੀ ਏ।

ਮੈਂ ਖੁਦ ਮੰਨਦੀ ਹਾਂ ਕਿ ਕੁੱਝ ਚੀਜ਼ਾਂ ਪਰਦੇ ਵਿੱਚ ਬੇਹੱਦ ਖੂਬਸੂਰਤ ਲੱਗਦੀਆਂ, ਔਰਤ ਤੇ ਮਰਦ ਦਾ ਰਿਸ਼ਤਾ, ਔਰਤ-ਮਰਦ ਦੀ ਬਣਤਰ ਤੇ ਉਹਦੇ ਅੰਗ, ਔਰਤ ਦੇ ਕੁੱਝ ਨਾਜ਼ੁਕ ਸਮਿਆਂ ਦੇ ਦਿਨ, ਇਹ ਸਭ ਚੀਜ਼ਾਂ ਦਾ ਇੱਕ ਦਾਇਰਾ ਏ, ਇਸ ਤਰ੍ਹਾਂ ਮਾਹਵਾਰੀ ਦੇ ਦਿਨਾਂ ਦਾ, ਤੁਹਾਡੇ ਅੰਗਾਂ ਦੀ ਬਣਤਰ ਦਾ, ਫੇਸਬੁਕ ਤੇ ਅਤੇ ਲਿਖਤਾਂ ਵਿੱਚ ਖਿਲਾਰਾ ਆਜ਼ਾਦੀ ਨਹੀਂ ਹੁੰਦਾ। 

ਹਰ ਮਰਦ ਜਾਣਦਾ ਏ ਔਰਤ ਦੀ ਬਣਤਰ, ਹਰ ਔਰਤ ਜਾਣਦੀ ਏ ਮਰਦ ਦੀ ਬਣਤਰ, ਪਰ ਕੀ ਕਦੀ ਕਿਸੇ ਮਰਦ ਨੇ ਆਪਣੇ ਅੰਗਾਂ ਉੱਤੇ ਕਵਿਤਾਵਾਂ ਲਿਖਕੇ ਉਸਨੂੰ ਲਿਖਣ ਦੀ ਆਜ਼ਾਦੀ ਦਾ ਨਾਂਅ ਦਿੱਤਾ ਏ ? 
    
ਮੈਂਨੂੰ ਸਮਝ ਨਹੀਂ ਲੱਗਦੀ, ਕਿ ਅੰਗਾਂ ਉੱਤੇ, ਮਾਹਵਾਰੀ ਉੱਤੇ ਲਿਖੀਆਂ ਕਵਿਤਾਵਾਂ ਕਿਹੜੀ ਕ੍ਰਾਂਤੀ ਲੈ ਆਉਣਗੀਆਂ? ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਮਜ਼ਾਕ ਦਾ ਪਾਤਰ ਬਣਾ ਰਹੇ ਹਾਂ। ਜੇ ਮੈਨੂੰ ਮੇਰੇ ਘਰ 'ਚ, ਸਮਾਜ 'ਚ ਘੁਟਨ ਮਹਿਸੂਸ ਹੁੰਦੀ ਹੋਵੇਗੀ ਤਾਂ ਮੈਂ ਆਪਣੇ ਪਿਤਾ ਜਾਂ ਪਤੀ ਤੋਂ, ਜਾਂ ਭਰਾ ਤੋਂ ਇਸ ਤਰ੍ਹਾਂ ਦੀਆਂ ਕਵਿਤਾਵਾਂ ਲਿਖਕੇ ਅਜ਼ਾਦੀ ਨਹੀਂ ਮੰਗਾਂਗੀ ਸਗੋਂ ਮੇਰੇ ਵਿਚਾਰ ਹੋਣਗੇ, ਕਿ ਮੈਂ ਇਸ ਮਹੌਲ ਵਿੱਚ ਅਸਹਿਜ ਹਾਂ, ਮੈਂ ਬਿਲਕੁਲ ਉਸੇ ਤਰ੍ਹਾਂ ਦੀ ਖੁੱਲ ਦੀ ਹੱਕਦਾਰ ਹਾਂ ਜੋ ਇਸ ਦੁਨੀਆਂ ਵਿਚਲੇ ਹਰ ਸਮਝਦਾਰ ਪ੍ਰਾਣੀ ਨੂੰ ਮਿਲਣੀ ਚਾਹੀਦੀ ਏ, ਮੈਂ ਸਮਾਜ 'ਚ ਤੁਹਾਡੇ ਬਰਾਬਰ ਚੱਲਣ ਦੀ ਹੱਕਦਾਰ ਹਾਂ, ਮੇਰਾ ਸਘੰਰਸ਼ ਮੇਰੀ ਸਿੱਖਿਆ ਲਈ, ਮੇਰੇ ਆਪਣੇ ਜੀਵਨ ਸਾਥੀ ਚੁਣਨ ਦੇ ਹੱਕ ਲਈ, ਬੇ-ਰੋਕ ਆਪਣੇ ਪੈਰਾਂ ਤੇ ਖੜੇ ਹੋਣ ਲਈ, ਆਪਣੇ ਨਿੱਜੀ ਫੈਸਲੇ ਆਪ ਕਰਨ ਲਈ, ਆਪਣੇ ਬਾਰੇ ਸਮਾਜ 'ਚ ਇੱਕ ਬੇਹਤਰੀਨ ਨਜ਼ਰੀਆ ਪੈਦਾ ਕਰਨ ਲਈ ਹੋਣਾ ਚਾਹੀਦਾ ਹੈ ਨਾ ਕਿ ਕਿਸ ਤਰ੍ਹਾਂ ਦੇ ਸੈਨਟਰੀ  ਨੈਪਕਿਨ ਔਰਤਾਂ ਵਰਤਦੀਆਂ ਨੇ, ਔਰਤ ਦੇ ਕੁੱਝ ਨਾਜ਼ੁਕ ਦਿਨ, ਪਹਿਲੇ, ਦੂਜੇ ਤੇ ਤੀਜੇ ਦਿਨ ਕਿਵੇਂ ਦੇ ਹੁੰਦੇ ਨੇ, ਔਰਤ ਦੇ ਅੰਗਾਂ ਦੀ ਬਣਤਰ ਕਿਹੋ ਜਿਹੀ ਏ, ਮੁਆਫ਼ ਕਰਨਾ ਇਹ ਸਭ  ਮਰਦ ਜਾਤੀ ਨੂੰ ਚੰਗੀ ਤਰ੍ਹਾਂ ਪਤਾ ਏ, ਇਹ ਆਜ਼ਾਦੀ ਲਈ ਸਘੰਰਸ਼ ਨਹੀਂ ਏ ਆਪਣੇ ਆਪ ਦਾ ਚੀਰ ਹਰਣ ਏ। ਜਿਹੜਾ ਬੇਹੱਦ ਘਟੀਆ ਪ੍ਰਤੀਤ ਹੁੰਦਾ ਹੈ ਤੇ ਲੋਕੀ ਇਸਤੋਂ ਅਸਹਿਜ ਮਹਿਸੂਸ ਕਰਦੇ ਨੇ।
   
ਸਘੰਰਸ਼ ਤਾਂ ਇਸ ਕੁੜੀ ਮਲਾਲਾ ਨੇ ਵੀ ਕੀਤਾ। ਸਾਰੀ ਦੁਨੀਆ ਸਲਾਮਾਂ ਕਰਦੀ ਏ। ਇਹਦੀ ਨਹੀਂ ਮੈਂ ਕੋਈ ਕਵਿਤਾ ਪੜੀ ਵੀ,
"ਮੈਂਨੂੰ ਜੀਣ ਦਿਓ, ਮੈਂ ਮਾਹਵਾਰੀ 'ਚ ਹਾਂ,
 ਮੇਰੇ ਅੰਗਾਂ ਦੀ ਬਣਤਰ ਤੈਨੂੰ ਸਮਝ ਨਹੀਂ ਆਈ, ਢਲਦੀ ਉਮਰ 'ਚ ਇੰਝ ਮਹਿਸੂਸ ਕਰਦੀ ਹਾਂ ਮੈਂ,"
 
ਕਵਿਤਾ ਔਰਤ ਦੇ ਵਿਚਾਰਾਂ ਦੀ ਹੋਣੀ ਚਾਹੀਦੀ ਏ। ਆਪਣੇ ਹੱਕਾਂ ਲਈ ਲਗਾਤਾਰ ਡਟੇ ਰਹਿਣ ਦੀ ਹੋਣੀ ਚਾਹੀਦੀ ਏ। ਮਾਹਵਾਰੀ ਇੱਕ ਕੁਦਰਤੀ ਪ੍ਰਕਿਰਿਆ ਹੈ ਇਸ ਵਿੱਚ ਕਿਸੇ ਮਰਦ ਦਾ ਕੋਈ ਕਸੂਰ ਨਹੀਂ ਏ। ਜਿਸ ਵਿੱਚ ਮਰਦ ਕਸੂਰਵਾਰ ਏ ਉਸਤੇ ਲਿਖੋ। ਜੀ ਸਦਕੇ ਲਿਖਣ ਦਾ ਹੱਕ ਏ ਸਾਨੂੰ। ਅਸੀਂ ਤੁਹਾਡੇ ਨਾਲ ਹਾਂ।
    
ਪਰ ਚਾਰ ਕੁ ਅੰਗਾਂ ਦੀਆਂ ਫੋਟੋਆਂ ਬਣਾ, ਉਹਦੇ ਤੇ ਚਾਰ ਭੜਕਾਊ ਸ਼ਬਦ ਲਿਖ ਦੇਣ ਨਾਲ ਔਰਤ ਆਜ਼ਾਦੀ ਨਹੀਂ ਪਾ ਲੈਂਦੀ ਬਲਕਿ ਆਪਣੀ ਬੇਹੱਦ ਖੂਬਸੂਰਤ ਦੇਹ ਦਾ ਚੀਰ ਹਰਣ ਕਰਦੀ ਏ ਜਿਸਦੇ ਨਾਲ ਮੈਨੂੰ ਸਮਾਜ 'ਚ ਕੋਈ ਕ੍ਰਾਂਤੀ ਆਉਂਦੀ ਤਾਂ ਨਹੀਂ ਦਿਸਦੀ ਬਸ ਇੱਕ ਬੇਸ਼ਰਮੀ ਜਿਹੀ ਦਾ ਚਲਣ ਜ਼ਰੂਰ ਚੱਲ ਪਿਆ ਜਿਹੜਾ ਕਿਹੜੇ ਪਾਸੇ ਲੈਕੇ ਜਾਊ ਰੱਬ ਜਾਣਦਾ।

ਔਰਤ ਮਰਦ ਦੇ ਅਸਹਿਜ ਸਬੰਧਾਂ ਤੇ ਵੀਨਾ ਨੇ ਲਿਖਿਆ, ਉਹਦੇ ਸੁਹਜ ਬਰਾਬਰ ਕੱਖ ਨਹੀਂ ਸਾਡੇ ਕੋਲੇ। ਐਵੇਂ ਰੀਸ ਤੇ ਘੜੀਸ 'ਚ ਆਪਣੇ ਆਪ ਨੂੰ ਬੋਲਡ ਔਰਤ ਹੋਣ ਦੇ ਢਾਂਚੇ 'ਚ ਫਿੱਟ ਕਰਨ ਦੀ ਜ਼ਬਰਦਸਤੀ ਨਾ ਕਰੀਏ। ਬੋਲਡ ਹੋਣ ਦਾ ਮਤਲਬ ਹਲੇ ਪਤਾ ਨਹੀਂ ਪੂਰਾ ਆਪਾਂ ਨੂੰ।
  
ਮਰਦ ਕਹਿ ਦੇਵੇ ਕਿ ਤੂੰ ਖੂਬਸੂਰਤ ਏਂ, ਤੇਰਾ ਰੰਗ ਰੂਪ ਸੋਹਣਾ, ਤੇਰੇ ਜਿਸਮ ਦੀ ਤਾਰੀਫ਼ ਕਰੇ ਤਾਂ ਭਾਈ ਤੁਸੀਂ ਮਿੰਟੋ ਮਿੰਟੀ ਸ਼ਰੇ ਬਜ਼ਾਰ ਉਸਨੂੰ ਅਸ਼ਲੀਲਤਾ ਦਾ ਨਾਂਅ ਦੇਕੇ ਉਹਦਾ ਜੋ ਹਾਲ ਕਰਦੇ ਹੋ ਸਭ ਨੂੰ ਪਤਾ ਏ, ਬਾਕੀ ਇਹੋ ਜਿਹੀਆਂ ਕਵਿਤਾਵਾਂ ਤੇ ਵਾਹ -ਵਾਹ ਦਾ ਅਰਥ ਜਿਸ ਦਿਨ ਤੁਹਾਨੂੰ ਸਮਝ ਆ ਗਿਆ ਉਸ ਦਿਨ ਸ਼ਾਇਦ ਆਜ਼ਾਦੀ ਦੇ "ੳ ਅ" ਦੇ ਅਰਥ ਵੀ ਸਮਝ ਆ ਜਾਣ।

ਲਿਖਣਾ ਤਾਂ ਬੜਾ ਕੁੱਝ ਏ ਬਸ ਵਕਤ ਥੋੜਾ ਏ, ਇਹੋ ਪ੍ਰਵਾਨ ਕਰਿਓ।
ਕਿਰਪਾ ਕਰਕੇ ਇਸਨੂੰ ਮੇਰਾ ਨਜ਼ਰੀਆ ਸਮਝੋ, ਇਹ ਔਰਤ ਨਾਲ ਔਰਤ ਦੀ ਲੜਾਈ ਨਹੀਂ। ਸਿਰਫ ਵਿਚਾਰਾਂ ਦਾ ਅਲੱਗ ਅਲੱਗ ਹੋਣਾ ਏ।