ਮਾਪਿਆਂ ਦੀ ਅਣਗਹਿਲੀ ਦਿੰਦੀ ਏ ਵੱਡੇ ਹਾਦਸਿਆਂ ਨੂੰ ਜਨਮ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 12 2019 12:38
Reading time: 3 mins, 32 secs

ਕਹਿੰਦੇ ਹਨ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ ਅਤੇ ਬੱਚੇ ਦਾ ਕਿਹਾ ਮਾਪੇ ਕਦੇ ਵੀ ਨਹੀਂ ਮੋੜਦੇ। ਮਾਪੇ ਆਪ ਭਾਵੇਂ ਭੁੱਖੇ ਰਹਿ ਲੈਣ, ਪਰ ਆਪਣੇ ਬੱਚੇ ਦੀ ਹਰ ਖ਼ੁਆਇਸ਼ ਨੂੰ ਪੂਰਾ ਕਰਨ ਵਿੱਚ ਕਸਰ ਨਹੀਂ ਛੱਡਦੇ। ਕਈ ਬੱਚੇ ਛੋਟੇ ਹੁੰਦੇ ਤੋਂ ਤਾਂ ਮਾਪਿਆਂ ਦੇ ਕਹਿਣੇ ਵਿੱਚ ਰਹਿੰਦੇ ਹਨ ਪਰ ਵੱਡੇ ਹੋ ਕੇ ਮਾਪਿਆਂ ਦੇ ਸਿਰ ਚੜ ਬੋਲਣ ਲੱਗ ਪੈਂਦੇ ਹਨ। ਇਸਦਾ ਇਹੀ ਕਾਰਨ ਹੁੰਦਾ ਹੈ ਕਿ ਮਾਪਿਆਂ ਦਾ ਹੱਦੋਂ ਵੱਧ ਕੀਤਾ ਬੱਚਿਆਂ ਦੇ ਨਾਲ ਪਿਆਰ। ਜ਼ਿਆਦਾ ਪਿਆਰ ਵੀ ਕਈ ਵਾਰ ਲੜਾਈ ਝਗੜਿਆਂ ਨੂੰ ਜਨਮ ਦੇ ਦਿੰਦਾ ਹੈ।

ਜਦੋਂ ਛੋਟੇ ਹੁੰਦੇ ਬੱਚੇ ਨੂੰ ਉਸਦੇ ਮਾਤਾ-ਪਿਤਾ ਕੰਟਰੋਲ ਵਿੱਚ ਰੱਖੇ ਤਾਂ ਉਕਤ ਬੱਚਾ ਕਦੇ ਵੀ ਅੱਗੇ ਜਾ ਕੇ ਗਲਤ ਕਦਮ ਨਹੀਂ ਚੁੱਕਦਾ। ਅੱਜ 21ਵੀਂ ਸਦੀ ਵਿੱਚ ਭਾਵੇਂ ਹੀ ਵਿਗਿਆਨ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਅਤੇ 2-4 ਸਾਲ ਦੇ ਜਵਾਕ ਵੀ ਆਪਣੇ ਮਾਪਿਆਂ ਨਾਲੋਂ ਵੱਧ ਮੋਬਾਈਲ ਫੋਨ ਅਤੇ ਲੈਪਟਾਪ ਦੀ ਵਰਤੋਂ ਕਰਨ ਲੱਗ ਪਏ ਹਨ, ਪਰ ਇਸਦਾ ਨੁਕਸਾਨ ਉਨ੍ਹਾਂ ਬੱਚਿਆਂ ਦਾ ਤਾਂ ਹੋ ਹੀ ਰਿਹਾ ਹੈ, ਨਾਲ ਹੀ ਮਾਪਿਆਂ 'ਤੇ ਇੱਕ ਨਵਾਂ ਬੋਝ ਬਣਦਾ ਜਾ ਰਿਹਾ ਹੈ। ਕਿਉਂਕਿ ਬੱਚੇ ਮੋਬਾਈਲ ਫੋਨਾਂ ਅਤੇ ਲੈਪਟਾਪ ਦੇ ਵਿੱਚ ਵਿਅਸਤ ਹਨ।

ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਤਾਂ ਬਚਪਨ ਦੀਆਂ ਆਦਤਾਂ ਨੂੰ ਉਹ ਬਦਲ ਨਹੀਂ ਪਾਉਂਦੇ। ਪਰ ਮਾਪਿਆਂ ਨੂੰ ਪਛਤਾਉਣਾ ਪੈਂਦਾ ਹੈ। ਦਰਅਸਲ, ਅੱਜ ਦੇ ਜ਼ਮਾਨੇ ਵਿੱਚ ਵੇਖਿਆ ਜਾਵੇ ਤਾਂ 2-4 ਸਾਲ ਦੇ ਜਵਾਕ ਨੂੰ ਫੋਨ ਅਤੇ ਲੈਪਟਾਪ 'ਤੇ ਗੇਮਾਂ ਖੇਡਣ ਦਾ ਸ਼ੌਕ ਚੜ ਜਾਂਦਾ ਹੈ। ਮਾਪੇ ਵੀ ਆਖ਼ਦੇ ਹਨ ਕਿ ਚਲੋ ਸਾਡਾ ਬੱਚਾ ਸਾਨੂੰ ਤੰਗ ਨਹੀਂ ਕਰਦਾ ਅਤੇ ਮੋਬਾਈਲ ਫੋਨ ਆਦਿ ਵਿੱਚ ਰੁੱਝਿਆ ਹੋਇਆ ਹੈ। ਭਾਵੇਂ ਹੀ ਆਪਣੇ ਬੱਚੇ ਦੀਆਂ ਹਰਕਤਾਂ ਦੇ ਵੱਲ ਵੇਖ ਕੇ ਮਾਪੇ ਖੁਸ਼ ਹੁੰਦੇ ਹਨ, ਪਰ ਗੇਮਾਂ ਵਿੱਚ ਵੇਖਿਆ ਸਭ ਕੁਝ ਜਦੋਂ ਬੱਚਾ ਹਕੀਕਤ ਵਿੱਚ ਕਰਦਾ ਹੈ ਤਾਂ ਮਾਪਿਆਂ ਕੋਲ ਪਛਤਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੁੰਦਾ।

ਵੇਖਿਆ ਜਾਵੇ ਤਾਂ ਨਿੱਕੇ ਹੁੰਦਿਆਂ ਤੋਂ ਹੀ ਜੇਕਰ ਮਾਪੇ ਆਪਣੇ ਬੱਚਿਆਂ ਨੂੰ ਕਹਿਣੇ ਵਿੱਚ ਰੱਖਣ ਅਤੇ ਮੋਬਾਈਲ ਫੋਨ ਅਤੇ ਲੈਪਟਾਪ ਤੋਂ ਦੂਰ ਰੱਖ ਕੇ ਦੁਨਿਆਵੀਂ ਗੱਲਾਂ ਬਾਰੇ ਦੱਸਣ ਤਾਂ ਬੱਚਾ ਜ਼ਿਆਦਾ ਕੁਝ ਸਿੱਖ ਸਕਦਾ ਹੈ। ਸੋਸ਼ਲ ਮੀਡੀਆ 'ਤੇ ਇਸ ਵੇਲੇ ਵਾਇਰਲ ਹੋ ਰਹੀਆਂ ਨਿੱਕੇ-ਨਿੱਕੇ ਬੱਚਿਆਂ ਦੀ ਵੀਡੀਓ ਨੂੰ ਵੇਖ ਕੇ ਭਾਵੇਂ ਹੀ ਅਸੀਂ ਖੁਸ਼ ਹੁੰਦੇ ਹਾਂ ਕਿ ਵੇਖੋ ਬੱਚੇ ਕਿੰਨਾ ਸੋਹਣਾ ਕੰਮ ਕਰ ਰਹੇ ਹਨ। ਵੇਖਿਆ ਜਾਵੇ ਤਾਂ ਉਕਤ ਬੱਚੇ ਭਾਵੇਂ ਹੀ ਆਪਣੇ ਹਿਸਾਬ ਨਾਲ ਠੀਕ ਕਰ ਰਹੇ ਹਨ, ਪਰ ਜੋ ਵੇਲਾ ਬੱਚਿਆਂ ਦੇ ਖੇਡਣ ਦਾ ਹੈ, ਉਸ ਵੇਲੇ ਮਾਪੇ ਬੱਚਿਆਂ ਨੂੰ ਲੈਪਟਾਪ ਅਤੇ ਫੋਨ ਫੜਾ ਦਿੰਦੇ ਹਨ।

ਕੁੱਲ ਮਿਲਾ ਕੇ ਕਹਿ ਲਈਏ ਕਿ ਜਦੋਂ ਮਾਪੇ ਹੀ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ ਤਾਂ ਫਿਰ ਵੱਡੇ ਹਾਦਸੇ ਤਾਂ ਹੁੰਦੇ ਹੀ ਹਨ। ਦੋਸਤੋਂ, ਇਸ ਵੇਲੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸਦੇ ਵਿੱਚ ਵਿਖਾਇਆ ਗਿਆ ਹੈ ਕਿ ਇੱਕ ਬੱਚਾ ਆਪਣੇ ਪਿਤਾ ਦੀ ਕਾਰ ਦੇ ਟਾਇਰਾਂ ਦੇ 'ਨੱਟ ਬੋਲਟ' ਕੱਸ ਰਿਹਾ ਹੈ ਜਾਂ ਫਿਰ ਢਿੱਲਾ ਕਰ ਰਿਹਾ ਹੈ ਅਤੇ ਮਾਪੇ ਕੋਲ ਖੜ੍ਹੇ ਤਮਾਸ਼ਾ ਵੇਖ ਰਹੇ ਹਨ ਅਤੇ ਕਹਿ ਰਹੇ ਹਨ ਕਿ ਵੇਖੋ ਆਪਣਾ ਬੱਚਾ ਕਿੰਨੇ ਸੋਹਣੇ ਹੱਥਾਂ ਨਾਲ ਕੰਮ ਕਰਨ ਲੱਗ ਪਿਆ ਹੈ। ਪਰ ਵੇਖਿਆ ਜਾਵੇ ਤਾਂ ਕਈ ਵਾਰ ਬੱਚੇ ਦੀ ਨਿੱਕੀ ਜਿਹੀ ਗਲਤੀ ਹੀ ਵੱਡੇ ਹਾਦਸੇ ਦਾ ਕਾਰਨ ਬਣ ਜਾਂਦੀ ਹੈ।

ਕਈ ਵਾਰ ਮਾਪੇ ਇਸ ਵੱਲ ਧਿਆਨ ਨਹੀਂ ਦਿੰਦੇ ਕਿ ਉਨ੍ਹਾਂ ਦੇ ਬੱਚੇ ਨੇ ਗੱਡੀ ਦੇ ਟਾਇਰ ਆਦਿ ਦੇ ਨੱਟ ਬੋਲਟ ਖੋਲ੍ਹ ਦਿੱਤੇ ਹਨ ਅਤੇ ਮਾਪੇ ਉਸੇ ਤਰ੍ਹਾਂ ਹੀ ਗੱਡੀ ਨੂੰ ਘਰ ਤੋਂ ਬਾਹਰ ਲੈ ਜਾਂਦੇ ਹਨ, ਜਿੱਥੇ ਰਸਤੇ ਵਿੱਚ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ। ਭਾਵੇਂ ਹੀ ਉਸ ਵੇਲੇ ਕਈ ਲੋਕਾਂ ਦੇ ਮੂੰਹ ਵਿੱਚੋਂ ਅਵਾਜ਼ ਨਿਕਲਦੀ ਹੈ ਕਿ ''ਚਲੋ ਰੱਬ ਨੂੰ ਜਿਵੇਂ ਚੰਗਾ ਸੀ, ਕਰ ਦਿੱਤਾ'' ਪਰ ਵੇਖਿਆ ਜਾਵੇ ਤਾਂ ਉੱਥੇ ਰੱਬ ਕੀ ਕਰੇ? ਜਿੱਥੇ ਮਾਪਿਆਂ ਦੇ ਰੱਬ ਵਰਗੇ ਬੱਚੇ ਨੇ ਇੱਕ ਵੱਡੀ ਗਲਤੀ ਕੀਤੀ ਹੋਵੇ। ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲੋਂ ਜ਼ਿਲ੍ਹਾ ਮੋਗਾ ਦੇ ਬਾਘਾ ਪੁਰਾਣਾ ਦੇ ਕੋਲ ਇੱਕ ਸੜਕ ਹਾਦਸਾ ਵਾਪਰਿਆ ਸੀ।

ਉਕਤ ਸੜਕ ਹਾਦਸੇ ਵਿੱਚ ਇੱਕੋਂ ਪਰਿਵਾਰ ਦੇ ਕਈ ਜੀਅ ਜ਼ਖਮੀ ਹੋ ਗਏ ਸਨ ਅਤੇ ਜਦੋਂ ਉਕਤ ਘਟਨਾ ਦੇ ਬਾਰੇ ਵਿੱਚ ਪੂਰਾ ਪਤਾ ਲਗਾਇਆ ਗਿਆ ਤਾਂ ਪਤਾ ਲੱਗਿਆ ਕਿ ਜਿਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਹੋਇਆ, ਉਨ੍ਹਾਂ ਦੇ ਘਰ ਇੱਕ 3 ਸਾਲ ਦਾ ਜਵਾਕ ਸੀ, ਜਿਸ ਨੇ ਗੱਡੀ ਦੇ ਨਟ ਬੋਲਟ ਢਿੱਲੇ ਕਰ ਦਿੱਤੇ ਅਤੇ ਰਸਤੇ ਵਿੱਚ ਗੱਡੀ ਹਾਦਸਾਗ੍ਰਸਤ ਹੋ ਗਈ। ਭਾਵੇਂ ਹੀ ਉਕਤ ਹਾਦਸੇ ਵਿੱਚ ਕਿਸੇ ਦੀ ਜਾਨ ਨਹੀਂ ਗਈ, ਪਰ ਬੱਚੇ ਦੀ ਛੋਟੀ ਜਿਹੀ ਗਲਤੀ ਨੇ ਸਾਰੇ ਪਰਿਵਾਰ ਨੂੰ ਲੈ ਬੈਠਣਾ ਸੀ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਵੱਲ ਧਿਆਨ ਦੇਣ ਅਤੇ ਉਨ੍ਹਾਂ ਨੂੰ ਮੋਬਾਈਲ ਫੋਨ ਤੋਂ ਇਲਾਵਾ ਗੱਡੀ ਕਾਰ ਤੋਂ ਦੂਰ ਹੀ ਰੱਖਣ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।