ਕੈਪਟਨ ਅਤੇ ਸੁਖਬੀਰ ਦਾ ਸਿਆਸੀ ਭਵਿੱਖ ਨਿਸ਼ਚਿਤ ਕਰਨਗੀਆਂ ਲੋਕਸਭਾ ਚੋਣਾਂ

Last Updated: May 15 2019 15:10
Reading time: 3 mins, 21 secs

ਲੋਕਸਭਾ ਚੋਣਾਂ ਜਿੱਥੇ ਦੇਸ ਦੇ ਕਈ ਵੱਡੇ ਵੱਡੇ ਸਿਆਸੀ ਆਗੂਆਂ ਦਾ ਭਵਿੱਖ ਤੈਅ ਕਰਨਗੀਆਂ ਉੱਥੇ ਪੰਜਾਬ ਵਿੱਚ ਵੀ ਇਹ ਚੋਣਾਂ ਦੋ ਵੱਡੇ ਸਿਆਸੀ ਘਰਾਨਿਆਂ ਦੇ ਮੁਖੀਆਂ ਦਾ ਭਵਿੱਖ ਵੀ ਨਿਸ਼ਚਿਤ ਕਰਨ ਵਿੱਚ ਅਹਿਮ ਰੋਲ ਅਦਾ ਕਰਨਗੀਆਂ। ਦੱਸਣਾ ਬਣਦਾ ਹੈ ਕਿ ਇਸ ਵੇਲੇ ਪੰਜਾਬ ਵਿੱਚ ਸੱਤਾ ਦੀ ਵਾਗਡੋਰ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵਿੱਚ ਹੈ 'ਤੇ ਸੁਣਨ ਵਿੱਚ ਮਿਲ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਹਾਈਕਮਾਨ ਨੂੰ ਲਿਖਤੀ ਤੌਰ 'ਤੇ ਪੰਜਾਬ ਦੀਆਂ 13 ਦੀਆਂ 13 ਲੋਕਸਭਾ ਸੀਟਾਂ ਜਿਤਵਾਉਣ ਦਾ ਵਾਅਦਾ ਕੀਤਾ ਹੈ ਜਿਸ ਤੋਂ ਬਾਅਦ ਹੀ ਹਾਈਕਮਾਨ ਵੱਲੋਂ ਕੈਪਟਨ ਦੇ ਪਸੰਦੀਦਾ ਆਗੂਆਂ ਨੂੰ ਟਿਕਟਾਂ ਦੀ ਹਾਮੀ ਭਰੀ ਗਈ ਸੀ ਤੇ ਉਨ੍ਹਾਂ ਦੇ ਕਹਿਣ ਤੇ ਹੀ ਬਾਕੀ ਸਿਰਕੱਢ ਆਗੂਆਂ ਜਿਵੇਂ ਨਵਜੋਤ ਸਿੰਘ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਚੋਣ ਪ੍ਰਚਾਰ ਤੋਂ ਦੂਰ ਰੱਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕੈਪਟਨ ਆਪ ਖ਼ੁਦ ਵੀ ਕਹਿ ਚੁੱਕੇ ਹਨ ਕਿ ਜਿਸ ਹਲਕੇ ਵਿੱਚੋਂ ਪਾਰਟੀ ਦਾ ਉਮੀਦਵਾਰ ਕਿਸੇ ਕਾਰਨ ਕਰਕੇ ਹਾਰ ਜਾਂਦਾ ਹੈ ਤਾਂ ਸਬੰਧਿਤ ਹਲਕੇ ਦੇ ਮੰਤਰੀ  ਦੀ ਕੁਰਸੀ  ਨੂੰ ਖ਼ਤਰਾ ਹੋ ਸਕਦਾ ਹੈ ਤੇ ਜੇਕਰ ਕੋਈ ਵਿਧਾਇਕ ਹੈ ਤਾਂ ਉਸ ਨੂੰ ਹੋਰ ਕਿਸੇ ਵੀ ਮਿਲਣ ਵਾਲੇ ਸੰਭਾਵੀ ਅਹੁਦੇ ਨੂੰ ਵੀ ਬਰੇਕਾਂ ਲੱਗ ਸਕਦੀਆਂ ਹਨ। ਇਸ ਲਈ ਜੇਕਰ ਕਿਸੇ ਕਾਰਨ ਕਰਕੇ 13 ਸੀਟਾਂ ਕਾਂਗਰਸ ਪਾਰਟੀ ਨਾ ਜਿੱਤ ਸਕੀ ਤਾਂ ਕੈਪਟਨ ਦੀ ਕੁਰਸੀ ਨੂੰ ਵੀ ਖ਼ਤਰਾ ਹੋ ਸਕਦਾ ਹੈ ਅਜਿਹਾ ਪਾਰਟੀ ਦੇ ਅੰਦਰੂਨੀ ਸੂਤਰਾਂ ਵੱਲੋਂ ਸੁਣਨ ਨੂੰ ਮਿਲ ਰਿਹਾ ਹੈ ਕਿਉਂਕਿ ਪਹਿਲਾਂ ਹੀ ਕੈਪਟਨ ਦੀ ਲੀਡਰਸ਼ਿਪ ਨੂੰ ਨਵਜੋਤ ਸਿੰਘ ਸਿੱਧੂ, ਪ੍ਰਤਾਪ ਸਿੰਘ ਬਾਜਵਾ ਸਮੇਂ ਹੋਰ ਵੀ ਕਈ ਆਗੂ ਚੁਨੌਤੀ ਦਿੰਦੇ ਆ ਰਹੇ ਹਨ ਅਜਿਹੇ ਵਿੱਚ ਕੈਪਟਨ ਲਈ ਇਹ ਬੜੀ ਹੀ ਔਖੀ ਤੇ ਸੰਭਲ ਕੇ ਚੱਲਣ ਵਾਲੀ ਘੜੀ ਹੈ।

ਜੇਕਰ ਜਾਣਕਾਰਾਂ ਦੀ ਮੰਨੀਏ ਤਾਂ ਇਸ ਵੇਲੇ ਕਾਂਗਰਸ ਨੂੰ ਪਿਛਲੇ ਦੋ ਸਾਲਾਂ ਦੇ ਰਾਜ ਦਾ ਖ਼ਮਿਆਜ਼ਾ ਪੰਜਾਬ ਵਿੱਚ ਭੁਗਤਣਾ ਪੈ ਸਕਦਾ ਹੈ ਕਿਉਂਕਿ ਜਿਸ ਤਰਾਂ ਦੇ ਵਾਅਦੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਸਨ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਸਕਿਆ , ਹਾਂ ਕਿਸੇ ਹੱਦ ਤੱਕ ਕਿਸਾਨਾਂ ਦਾ ਥੋੜ੍ਹਾ ਜਿਹਾ ਕਰਜ਼ਾ ਜ਼ਰੂਰ ਮੁਆਫ਼ ਹੋਇਆ ਹੈ ਪਰ ਇਸ ਤੋਂ ਵੀ ਕਿਸਾਨ ਸੰਤੁਸ਼ਟ ਨਹੀਂ ਦੱਸੇ ਜਾ ਰਹੇ। ਬਾਕੀ ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਕਾਰਗੁਜ਼ਾਰੀ ਤੇ ਵੀ ਸਬੰਧਿਤ ਹਲਕਿਆਂ ਦੇ ਲੋਕਾਂ ਵੱਲੋਂ ਸਵਾਲ ਉਠਾਏ ਜਾਂਦੇ ਰਹੇ ਹਨ ਜਿਸ ਕਰਕੇ ਜਿੱਥੇ ਵਰਕਰ ਨਾਰਾਜ਼ ਦਿਖਾਈ ਦੇ ਰਹੇ ਸਨ ਉੱਥੇ ਲੋਕਾਂ ਵਿੱਚ ਵੀ ਕਾਂਗਰਸ ਦੀ ਦੋ ਸਾਲਾਂ ਦੀ ਕਾਰਗੁਜ਼ਾਰੀ ਬਹੁਤੀ ਵਧੀਆ ਨਹੀਂ ਗਰਦਾਨੀ ਜਾ ਰਹੀ। 

ਦੂਸਰਾ ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਮਹਾਰਾਣੀ ਪ੍ਰਨੀਤ ਕੌਰ ਵੀ ਪਟਿਆਲਾ ਲੋਕਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਹਨ ਤੇ ਜੋ ਪਿਛਲੀਆਂ 2014 ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਧਰਮਵੀਰ ਗਾਂਧੀ ਕੋਲੋਂ ਚੋਣ ਹਾਰ ਗਏ ਸਨ ਦੀ ਇੱਕ ਵਾਰ ਫੇਰ ਸਖ਼ਤ ਟੱਕਰ ਹੁੰਦੀ ਸੁਣਨ ਨੂੰ ਮਿਲ ਰਹੀ ਹੈ ਤੇ ਜੇਕਰ ਕਿਸੇ ਕਾਰਨ ਕਰਕੇ ਉਹ ਇਸ ਵਾਰ ਵੀ ਚੋਣ ਨਾ ਜਿੱਤ ਸਕੇ ਤਾਂ ਪੰਜਾਬ ਸਰਕਾਰ ਸਮੇਤ ਕੈਪਟਨ ਲਈ ਵੀ ਇਹ ਬੜੀ ਵੱਡੀ ਨਾਮੋਸ਼ੀ ਦਾ ਸਬੱਬ ਜ਼ਰੂਰ ਬਣੇਗੀ। ਇਸੇ ਤਰਾਂ ਹੀ ਜੇਕਰ ਬਾਦਲ ਪਰਿਵਾਰ ਦੀ ਗੱਲ ਕਰੀਏ ਤਾਂ 2017 ਵਿੱਚ ਪਹਿਲੀ ਵਾਰ ਹੋਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਏਨਾ ਵੱਡਾ ਝਟਕਾ ਲੱਗਾ ਸੀ ਕਿ ਉਹ ਪੰਜਾਬ ਵਿਧਾਨ ਸਭਾ ਵਿੱਚ ਵਿਰਧੀ ਧਿਰ ਦਾ ਲੀਡਰ ਵੀ ਬਣਾਉਣ ਵਿੱਚ ਅਸਮਰਥ ਹੀ ਰਹੀ ਸੀ। ਦੂਸਰਾ ਜਿਸ ਤਰਾਂ ਬੇਅਦਬੀਆਂ ਦੀਆਂ ਘਟਨਾਵਾਂ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੇ ਗਲੇ ਦੀਆਂ ਹੱਡੀਆਂ ਬਣੀਆਂ ਹੋਈਆਂ ਹਨ ਉਸ ਨਾਲ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਅਜੇ ਤੱਕ ਹੁੰਦੀ ਦਿਖਾਈ ਨਹੀਂ ਦੇ ਰਹੀ ਤੇ ਲੋਕਾਂ ਅਤੇ ਸਿੱਖ ਸੰਗਤਾਂ ਵਿੱਚ ਅਜੇ ਵੀ ਬਾਦਲ ਪਰਿਵਾਰ ਪ੍ਰਤੀ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸ ਵਾਰ ਜਿਸ ਤਰਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆਪ ਖ਼ੁਦ ਫ਼ਿਰੋਜਪੁਰ ਤੋਂ ਚੋਣ ਮੈਦਾਨ ਵਿੱਚ ਡਟੇ ਹੋਏ ਹਨ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਮੈਦਾਨ ਵਿੱਚ ਹਨ ਦੇ ਹਲ਼ਕਿਆ ਵਿੱਚ ਵੀ ਕਾਂਗਰਸ ਵੱਲੋਂ ਵੱਡੀ ਟੱਕਰ ਦਿੱਤੀ ਜਾ ਰਹੀ ਦੱਸੀ ਗਈ ਹੈ ਅਜਿਹੇ ਵਿੱਚ ਜੇਕਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਜਾਂ ਬੀਬੀ ਬਾਦਲ ਦੋਵਾਂ ਵਿੱਚੋਂ ਕੋਈ ਵੀ ਚੋਣ ਹਾਰ ਜਾਂਦਾ ਹੈ ਤਾਂ ਅਕਾਲੀ ਦਲ ਅਤੇ ਬਾਦਲ ਪਰਿਵਾਰ ਦਾ ਸਿਆਸੀ ਭਵਿੱਖ ਡਾਵਾਂਡੋਲ ਹੋ ਸਕਦਾ ਹੈ । ਹੁਣ ਇਹ ਚੋਣਾਂ ਜਿੱਥੇ ਦੇਸ ਵਿੱਚ ਨਵੀਂ ਸਰਕਾਰ ਦਾ ਰਾਹ ਦੁਸੇਰਾ ਹੋਣ ਜਾ ਰਹੀਆਂ ਹਨ ਉੱਥੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਬਾਦਲ ਪਰਿਵਾਰ ਸਮੇਤ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦਾ ਸਿਆਸੀ ਭਵਿੱਖ ਵੀ ਨਿਸ਼ਚਤ ਕਰਨਗੀਆਂ।