ਕਈ ਸਵਾਲਾਂ ਨੂੰ ਜਨਮ ਦੇ ਗਈ ਫ਼ਤਿਹਵੀਰ ਦੀ ਮੌਤ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 12 2019 12:14
Reading time: 1 min, 38 secs

ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ਦੇ ਰਹਿਣ ਵਾਲਾ ਫ਼ਤਿਹਵੀਰ ਸਿੰਘ ਕਦੋਂ ਅਤੇ ਕਿੰਝ ਬੋਰਵੈੱਲ 'ਚ ਡਿੱਗਾ ਇਹ ਸਾਰੀਆਂ ਗੱਲਾਂ ਉਸਦੀ ਮੌਤ ਹੋ ਜਾਣ ਦੇ ਬਾਅਦ ਬੇ-ਮਾਇਨੇ ਹੋ ਗਈਆਂ ਹਨ, ਤੇ ਨਾਲ ਹੀ ਬੇ-ਮਾਇਨੇ ਹੋ ਗਈਆਂ ਹਨ ਐਨ.ਡੀ.ਆਰ.ਐਫ. ਦੀਆਂ ਪੱਥਰਯੁਗ ਵੇਲੇ ਦੀ ਤਕਨੀਕ ਦੀਆਂ ਉਹ ਸਾਰੀਆਂ ਕੋਸ਼ਿਸ਼ਾਂ, ਜਿਹੜੀਆਂ ਕਿ ਫ਼ਤਿਹਵੀਰ ਦੀਆਂ ਕਿਲਕਾਰੀਆਂ ਨੂੰ ਖ਼ਾਮੋਸ਼ ਕਰਨ ਦਾ ਕਾਰਨ ਬਣ ਗਈਆਂ।

ਦੋਸਤੋਂ, ਅੱਜ ਫ਼ਤਿਹਵੀਰ ਸਾਡੇ ਵਿੱਚ ਨਹੀਂ ਰਿਹਾ। ਉਸਦੀ ਮੌਤ ਨੇ ਸਾਡੇ ਦੇਸ਼ ਤੇ ਸੂਬੇ ਦੀ ਅਖੌਤੀ ਤਰੱਕੀ ਅਤੇ ਕੁਦਰਤੀ ਆਫ਼ਤਾਵਾਂ ਨਾਲ ਨਿਪਟਣ ਦੀ ਮਹਾਰਤ ਦੀ ਸਾਰੀ ਪੋਲ ਖ਼ੋਲ ਕੇ ਰੱਖ ਦਿੱਤੀ ਹੈ। ਅਲੋਚਕਾਂ ਅਨੁਸਾਰ, ਫ਼ਤਿਹਵੀਰ ਦੇ ਬੋਰਵੈੱਲ 'ਚ ਡਿੱਗਣ ਤੋਂ ਲੈ ਕੇ ਉਸਦੀ ਲਾਸ਼ ਦੇ ਬਾਹਰ ਨਿਕਲਣ ਤੱਕ ਚੱਲੀ ਲਾਈਵ ਕਵਰੇਜ ਨੇ ਦੇਸ਼ ਦੁਨੀਆ ਤੱਕ ਇਹ ਸੁਨੇਹਾ ਪਹੁੰਚਾ ਦਿੱਤਾ ਕਿ ਸਾਡੇ ਦੇਸ਼ ਕੋਲ ਕੇਵਲ ਮੂਰਤੀਆਂ ਬਨਾਉਣ, ਮੰਦਰ-ਮਸਜ਼ਿਦਾਂ ਦੇ ਨਾਮ ਤੇ ਰਾਜਨੀਤੀ ਕਰਨ ਅਤੇ ਧਰਮਾਂ-ਮਜ਼ਹਬਾਂ ਦੇ ਨਾਮ ਤੇ ਦੰਗੇ ਫ਼ਸਾਦ ਕਰਵਾਉਣ ਵਿੱਚ ਹੀ ਮਹਾਰਤ ਹਾਸਲ ਹੈ।

ਦੋਸਤੋਂ, ਸਾਡੀਆਂ ਸਮੇਂ ਦੀਆਂ ਸਰਕਾਰਾਂ ਦੀ ਨਲਾਇਕੀ, ਕਾਬਲੀਅਤ ਅਤੇ ਇਹੋ ਜਿਹੀਆਂ ਆਫ਼ਤਾਂ ਨਾਲ ਨਜਿੱਠਣ ਦੇ ਪ੍ਰਬੰਧਾਂ ਨੇ ਫ਼ਤਿਹਵੀਰ ਦੇ ਮਾਂ ਪਿਓ ਕੋਲੋਂ ਉਨ੍ਹਾਂ ਦੇ ਜਿਗਰ ਦਾ ਟੁਕੜਾ ਹਮੇਸ਼ਾ ਲਈ ਵੱਖ ਕਰਕੇ ਰੱਖ ਦਿੱਤਾ ਹੈ। ਭਾਵੇਂਕਿ ਫ਼ਤਿਹਵੀਰ ਦੀਆਂ ਕਿਲਕਾਰੀਆਂ ਅੱਜ ਖ਼ਾਮੋਸ਼ ਹੋ ਚੁੱਕੀਆਂ ਹਨ ਪਰ ਉਸ ਦੀਆਂ ਖ਼ਾਮੋਸ਼ ਕਿਲਕਾਰੀਆਂ ਸਾਡੀਆਂ ਸਮੇਂ ਦੀਆਂ ਸਰਕਾਰਾਂ ਦੇ ਮੂੰਹ ਤੇ ਕਰਾਰੀ ਚਪੇੜ ਸਾਬਤ ਹੋਈਆਂ ਹਨ। ਦੋਸਤੋਂ, ਕੁਦਰਤੀ ਆਫ਼ਤਾਵਾਂ ਨਾਲ ਨਜਿੱਠਣ ਵਿੱਚ ਸਾਡੀਆਂ ਸਰਕਾਰਾਂ ਕਿੰਨੀਆਂ ਕੁ ਕਾਬਲ ਤੇ ਮਾਹਰ ਹਨ, ਇਸ ਦਾ ਜਵਾਬ ਤਾਂ ਸਾਨੂੰ ਫ਼ਤਿਹਵੀਰ ਦੀ ਮੌਤ ਨੇ ਹੀ ਦੇ ਦਿੱਤਾ ਹੈ।

ਅਲੋਚਕਾਂ ਅਨੁਸਾਰ ਨਹੀਂ ਜਾਪਦਾ ਕਿ ਸਮੇਂ ਦੀਆਂ ਸਰਕਾਰਾਂ ਕੋਲ ਮੰਦਰ ਮਸਜ਼ਿਦਾਂ ਬਨਾਉਣ-ਤੁੜਵਾਉੁਣ ਜਾਂ ਫ਼ਿਰਕੂ ਦੰਗੇ ਫ਼ਸਾਦ ਕਰਵਾਉਣ ਤੋਂ ਇਲਾਵਾ ਵੀ ਕੋਈ ਹੋਰ ਮਹਾਰਤ ਹਾਸਲ ਹੈ। ਹੋਰ ਤਾਂ ਹੋਰ ਕੈਪਟਨ ਅਮਰਿੰਦਰ ਸਿੰਘ ਵੀ ਬਤੌਰ ਮੁੱਖ ਮੰਤਰੀ ਆਪਣੇ ਬਿਆਨਾਂ ਵਿੱਚ ਇਹ ਮੰਨ ਚੁੱਕੇ ਹਨ ਕਿ ਸਾਡੀ ਫ਼ੌਜ ਕੋਲ ਵੀ ਇਹੋ ਜਿਹੀਆਂ ਵਿਪਤਾਵਾਂ ਦੇ ਨਾਲ ਲੜਨ ਲਈ ਢੁਕਵੇਂ ਸਾਜੋ ਸਮਾਨ ਉਪਲਭਧ ਨਹੀਂ ਹੈ। ਦੋਸਤੋਂ ਜੇਕਰ ਅਲੋਚਕਾਂ ਦੀਆਂ ਗੱਲਾਂ ਨੂੰ ਵੀ ਇੱਕ ਪਾਸੇ ਰੱਖ ਕੇ ਗੱਲ ਕਰੀਏ ਤਾਂ ਵੀ ਫ਼ਤਿਹਵੀਰ ਸਿੰਘ ਦੀ ਮੌਤ ਕਈ ਸਖ਼ਤ ਸਵਾਲਾਂ ਨੂੰ ਜਨਮ ਦੇ ਗਈ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।