ਇਲਜ਼ਾਮ, ਜਨਾਨੀਆਂ ਜਿਤਾਉਣ ਲਈ ਘਿਉ ਖਿਚੜੀ ਹੋਏ ਅਕਾਲੀ-ਕਾਂਗਰਸੀ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 15 2019 18:49
Reading time: 1 min, 35 secs

ਬਿਨ੍ਹਾਂ ਸ਼ੱਕ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਨੇ ਆਪੋ ਆਪਣੀਆਂ ਜਨਾਨੀਆਂ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰੱਖਿਆ ਹੈ। ਰੌਲਾ ਤਾਂ ਸਿਆਸੀ ਹਲਕਿਆਂ 'ਚ ਇਹ ਵੀ ਪੂਰਾ ਹੈ ਕਿ, ਜਨਾਨੀਆਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੇ ਅੰਦਰਖਾਤੇ ਪਟਿਆਲਾ ਤੇ ਬਠਿੰਡਾ ਸੀਟ ਤੇ ਸਮਝੌਤਾ ਕਰ ਲਿਆ ਹੈ, ਜ਼ਰੂਰੀ ਨਹੀਂ ਹੈ ਕਿ, ਇਹ ਸਿਆਸੀ ਰੌਲਾ ਝੂਠਾ ਹੀ ਹੋਵੇ। 

ਰੌਲਾ ਸੱਚਾ ਹੈ ਜਾਂ ਝੂਠਾ? ਨਿਊਜ਼ਨੰਬਰ ਇਸ ਲਈ ਜ਼ਿੰਮੇਵਾਰ ਨਹੀਂ ਹੈ ਪਰ ਇੰਨਾ ਜ਼ਰੂਰ ਹੈ ਕਿ, ਜੇਕਰ ਇਹ ਰੌਲ ਸੱਚਾ ਸਾਬਤ ਹੋ ਗਿਆ ਤਾਂ ਸਮਝ ਲਓ ਅਕਾਲੀ ਦਾ ਰੱਖੜਾ ਤੇ ਕਾਂਗਰਸੀਆਂ ਦਾ ਰਾਜਾ ਵੜਿੰਗ ਦਾ ਸਿਆਸੀ ਭਵਿੱਖ ਤਬਾਹ ਹੋ ਜਾਵੇਗਾ, ਵਿਚਾਰੇ ਮੂੰਹ ਵਿਖਾਉਣ ਜੋਗੇ ਨਹੀਂ ਰਹਿਣਗੇ, ਇਲਾਕੇ ਵਿੱਚ। 

ਦੋਸਤੋ, ਸ਼ਾਇਦ ਤੁਸੀਂ ਵੀ ਇਸ ਕਹਾਵਤ ਤੋਂ ਭਲੀ ਭਾਂਤੀ ਵਾਕਿਫ਼ ਹੋਵੇਗੇ ਕਿ, ''ਧੂੰਆਂ ਝੂਠ ਨਹੀਂ ਬੋਲਤਾ ਯਾਰੋ, ਬਸਤੀ ਮੇਂ ਘਰ ਤੋ ਕੋਈ ਜਲਾ ਹੋਗਾ''। ਚਲੋ ਛੱਡੋ ਧੂੰਏਂ ਤੇ ਅੱਗ ਦੀਆਂ ਗੱਲਾਂ ਆਪਾਂ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜ਼ਰੀਵਾਲ ਦੀ, ਜਿਨ੍ਹਾਂ ਨੇ ਪਟਿਆਲਾ ਤੇ ਬਠਿੰਡਾ ਸੀਟਾਂ ਨੂੰ ਲੈ ਕੇ ਸਾਡੀ ਖ਼ਬਰ ਦੇ ਸਿਰਲੇਖ ਵਾਲੀ ਗੱਲ ਹੀ ਕੀਤੀ ਹੈ। 

ਦੋਸਤੋ, ਖ਼ਬਰਾਂ ਆ ਰਹੀਆਂ ਹਨ ਕਿ, ਅੱਜ ਬਠਿੰਡਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਜਿੰਦਰ ਕੌਰ ਦੇ ਹੱਕ 'ਚ ਰੋਡ ਸ਼ੋਅ ਕਰਨ ਪੁੱਜੇ ਅਰਵਿੰਦ ਕੇਜ਼ਰੀਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੀਤੇ ਸਿਆਸੀ ਹਮਲਿਆਂ ਦੇ ਦੌਰਾਨ ਇਸ ਗੱਲ ਦੀ ਆਸ਼ੰਕਾ ਜ਼ਾਹਿਰ ਕੀਤੀ ਕਿ, ਪੰਜਾਬ ਵਿੱਚ ਦੋ ਹਾਈ ਪ੍ਰੋਫਾਈਲ ਸੀਟਾਂ ਲਈ ਪਹਿਲਾਂ ਤੋਂ ਹੀ ਅੰਦਰਖਾਤੇ ਸਮਝੌਤਾ ਹੋ ਚੁੱਕਾ ਹੈ। 

ਦੋਸਤੋ, ਮੰਨਿਆ ਕਿ ਪੰਜਾਬ ਦੇ ਲੋਕਾਂ ਨੂੰ ਕੇਜ਼ਰੀਵਾਲ ਫੁੱਟੀ ਅੱਖ ਨਹੀਂ ਭਾਉਂਦਾ, ਪਰ ਇਸ ਗੱਲ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈ ਕਿ, ਇੱਕ ਪੜ੍ਹਿਆ ਲਿਖਿਆ ਬੰਦਾ ਜਦੋਂ ਕੁਝ ਬੋਲਦਾ ਹੈ ਤਾਂ ਕਿਸੇ ਤਰਕ ਤੇ ਹੀ ਬੋਲਦਾ ਹੈ। ਦੋਸਤੋ, ਚਲੋ ਛੱਡੋ ਸਾਰੇ ਰੌਲ਼ੇ ਰੱਪਿਆਂ ਨੂੰ, ਕੈਪਟਨ ਅਤੇ ਸੁਖਬੀਰ ਦੀ ਥਾਂ ਤੇ ਕੋਈ ਹੋਰ ਵੀ ਹੁੰਦਾ ਤਾਂ ਉਹ ਵੀ ਆਪਣੀ ਜਨਾਨੀ ਲਈ ਹੱਥ ਪੈਰ ਜ਼ਰੂਰ ਮਾਰਦਾ, ਆਖ਼ਰ, ਆਖ਼ਰ ਕੀ ਆ ਗਈ ਜੇਕਰ ਇਨ੍ਹਾਂ ਨੇ ਕੋਈ ਸਮਝੌਤਾ ਕਰ ਲਿਆ?  

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।