Loading the player...

ਆਜ਼ਾਦੀ ਦੇ 6 ਦਹਾਕਿਆਂ ਬਾਅਦ ਵੀ ਸਰਹੱਦੀ ਪਿੰਡ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 11 2018 13:28

ਦੇਸ਼ ਦੀ ਆਜ਼ਾਦੀ ਦੇ ਬਾਅਦ ਜਿੱਥੇ ਅੱਜ ਦੇਸ਼ ਵਿੱਚ ਬੁਲੇਟ ਟਰੇਨ ਚਲਾਉਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਉੱਥੇ ਹੀ ਦੇਸ਼ ਵਿੱਚ ਕੁਝ ਅਜਿਹੇ ਪਿੰਡ ਵੀ ਹਨ ਜਿੱਥੋਂ ਦੇ ਬੱਚਿਆਂ ਨੂੰ ਬਰਸਾਤਾਂ ਦੇ ਦਿਨਾਂ ਵਿੱਚ ਕਿਸ਼ਤੀਆਂ ਰਾਹੀਂ ਸਕੂਲ ਜਾਣਾ ਪੈਂਦਾ ਹੈ ਅਤੇ ਇੰਟਰਨੈੱਟ ਦੀ ਸੁਵਿਧਾ ਤਾਂ ਦੂਰ ਦੀ ਗੱਲ ਹੈ ਬਲਕਿ ਇਹਨਾਂ ਪਿੰਡਾਂ ਦੇ ਬੱਚਿਆਂ ਨੇ ਮੋਬਾਈਲ ਤੱਕ ਨਹੀਂ ਵੇਖਿਆ ਹੈ। ਅਜਿਹਾ ਹੀ ਇੱਕ ਪਿੰਡ ਹੈ ਜ਼ਿਲ੍ਹਾ ਪਠਾਨਕੋਟ ਦਾ ਸਿੰਬਲ ਸਕੋਲ ਜੋ ਕਿ ਸਰਕਾਰਾਂ ਵੱਲੋਂ ਦਿੱਤੀਆਂ ਜਾਨ ਵਾਲੀਆਂ ਮੁੱਢਲੀਆਂ ਸਹੂਲਤਾਂ ਤੋਂ ਅਜੇ ਤੱਕ ਵਾਂਝਾ ਹੈ। ਇਹ ਪਿੰਡ ਤਿੰਨ ਤਰਫ਼ੋਂ ਭਾਰਤ-ਪਾਕਿਸਤਾਨ ਦੀ ਸਰਹੱਦ ਨਾਲ ਜੁੜਿਆ ਹੋਇਆ ਹੈ ਅਤੇ ਇੱਕ ਪਾਸੋਂ ਤਰਨਾ ਦਰਿਆ ਨਾਲ ਘਿਰਿਆ ਹੋਇਆ ਹੈ ਜੋਕਿ ਬਰਸਾਤ ਦੇ ਦਿਨਾਂ ਵਿੱਚ ਪਾਣੀ ਨਾਲ ਭਰਿਆ ਰਹਿੰਦਾ ਹੈ। ਜਿਸ ਵਜ੍ਹਾ ਨਾਲ ਲੋਕਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਕਿਸ਼ਤੀ ਦੇ ਸਹਾਰੇ ਹੀ ਰਹਿਣਾ ਪੈਂਦਾ ਹੈ। ਇਹਨਾਂ ਦਿਨਾਂ ਵਿੱਚ ਇਸ ਪਿੰਡ ਦੇ ਲੋਕ ਦੇਸ਼ ਦੇ ਬਾਕੀ ਹਿੱਸਿਆਂ ਤੋਂ ਵੱਖ ਹੋ ਜਾਂਦੇ ਹਨ ਅਤੇ ਜੇਕਰ ਕੋਈ ਰਾਤ ਸਮੇਂ ਬਿਮਾਰ ਹੋ ਜਾਂਦਾ ਹੈ ਤਾਂ ਇਸ ਪਿੰਡ ਦੇ ਲੋਕਾਂ ਨੂੰ ਰੱਬ ਭਰੋਸੇ ਹੀ ਰਹਿਣਾ ਪੈਂਦਾ ਹੈ।

ਲੋਕਾਂ ਦੇ ਸਰੋਕਾਰਾਂ ਨਾਲ ਜੁੜੀਆਂ ਖਬਰਾਂ ਸਰਕਾਰ ਤੱਕ ਪਹੁੰਚਾਉਣ ਵਾਲੇ ਨਿਊਜ਼ਨੰਬਰ ਮੰਚ ਦੀ ਟੀਮ ਨੇ ਜਦ ਇਸ ਮੁਤੱਲਕ ਸਥਾਨਕ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡਾ ਪਿੰਡ ਤਿੰਨ ਪਾਸਿਓਂ ਭਾਰਤ-ਪਾਕਿਸਤਾਨ ਸਰਹੱਦ ਨਾਲ ਜੁੜਿਆ ਹੋਇਆ ਹੈ ਅਤੇ ਇੱਕ ਪਾਸੇ ਤਰਨਾ ਦਰਿਆ ਲੱਗਦਾ ਹੈ ਜੋਕਿ ਬਰਸਾਤ ਦੇ ਦਿਨਾਂ ਵਿੱਚ ਪੂਰੀ ਤਰ੍ਹਾਂ ਪਾਣੀ ਨਾਲ ਭਰਿਆ ਰਹਿੰਦਾ ਹੈ। ਜਿਸ ਵਜ੍ਹਾ ਨਾਲ ਬਰਸਾਤ ਦੇ ਦਿਨਾਂ ਵਿੱਚ ਪਿੰਡ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚਿਆਂ ਨੂੰ ਸਕੂਲ ਜਾਨ ਵਿੱਚ ਪ੍ਰੇਸ਼ਾਨੀ ਹੁੰਦੀ ਹੈ ਅਤੇ ਜੇਕਰ ਕੋਈ ਰਾਤ ਸਮੇਂ ਬਿਮਾਰ ਹੋ ਜਾਵੇ ਤਾਂ ਲੋਕ ਸਿਵਾਏ ਪ੍ਰਮਾਤਮਾ ਅੱਗੇ ਅਰਦਾਸ ਦੇ ਕੁਝ ਵੀ ਨਹੀਂ ਕਰ ਸਕਦੇ। ਲੋਕਾਂ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ ਤਾਂ ਲੰਬਾ ਸਮਾਂ ਬੀਤ ਚੁੱਕਿਆ ਹੈ ਪਰ ਆਜ਼ਾਦੀ ਦੇ ਲਿਹਾਜ ਨਾਲ ਸਾਡਾ ਪਿੰਡ ਅਜੇ ਵੀ ਗੁਲਾਮੀ ਦੀ ਮਾਰ ਹੀ ਝੇਲ ਰਿਹਾ ਹੈ।

ਲੋਕਾਂ ਨੂੰ ਲਗਾਤਾਰ ਆ ਰਹੀ ਪ੍ਰੇਸ਼ਾਨੀ ਦੇ ਚਲਦੇ ਜਦ ਨਿਊਜ਼ਨੰਬਰ ਦੀ ਟੀਮ ਨੇ ਲੋਕਾਂ ਦੀ ਅਵਾਜ ਬੁਲੰਦ ਕਰਦੇ ਹੋਏ ਵਿਧਾਇਕ ਜੋਗਿੰਦਰ ਪਾਲ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਦੀ ਸਮੱਸਿਆ ਨੂੰ ਵੇਖਦੇ ਹੋਏ ਉਨ੍ਹਾਂ ਵੱਲੋਂ ਦਰਿਆ ਤੇ ਕਿਸ਼ਤੀ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਅਤੇ ਜਲਦ ਪੁਲ ਦੀ ਉਸਾਰੀ ਲਈ ਸੂਬਾ ਸਰਕਾਰ ਨਾਲ ਗੱਲ ਕੀਤੀ ਜਾਵੇਗੀ।