Loading the player...

ਹੋਮਿਓਪੈਥਿਕ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਜਾਰੀ, ਨਹੀਂ ਨਿਕਲਿਆ ਕੋਈ ਹੱਲ ( ਨਿਊਜ਼ਨੰਬਰ ਖ਼ਾਸ ਖ਼ਬਰ )

Last Updated: Jul 10 2018 17:49

ਅਬੋਹਰ ਹੋਮਿਓਪੈਥਿਕ ਕਾਲਜ ਨੂੰ ਬੈਂਕ ਵੱਲੋਂ ਸੀਲ ਕੀਤੇ ਜਾਣ ਤੋਂ ਬਾਅਦ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਮਾਮਲਾ ਸੁਲਝਦਾ ਨਜ਼ਰ ਨਹੀਂ ਆ ਰਿਹਾ ਹੈ। ਅੱਜ ਵਿਦਿਆਰਥੀਆਂ ਨੇ ਪੰਜਾਬ ਐਂਡ ਸਿੰਧ ਬੈਂਕ ਸਾਹਮਣੇ ਧਰਨਾ ਲਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਧਰਨੇ ਕਾਰਨ ਆਵਾਜਾਈ ਵਿਗੜ ਗਈ ਅਤੇ ਬੈਂਕ 'ਚ ਆਏ ਇੱਕ ਗ੍ਰਾਹਕ ਦੀ ਕਾਰ ਦਾ ਸ਼ੀਸ਼ਾ ਟੁੱਟ ਗਿਆ, ਜਿਸ ਤੋਂ ਬਾਅਦ ਕਾਰ ਮਾਲਕ ਨੇ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਅਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਵਿਦਿਆਰਥੀਆਂ ਨੂੰ ਉੱਥੋਂ ਆਪਣਾ ਧਰਨਾ ਚੁੱਕਣ ਲਈ ਕਹਿ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਧਰਨਾ ਹੋਮਿਓਪੈਥਿਕ ਹਸਪਤਾਲ 'ਚ ਜਾ ਕੇ ਲਗਾ ਲਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਹੋਮਿਓਪੈਥਿਕ ਕਾਲਜ ਨੂੰ ਇਸ ਕਰਕੇ ਸੀਲ ਕਰ ਦਿੱਤਾ ਗਿਆ ਕਿ ਬੈਂਕ ਵੱਲੋਂ ਦਿੱਤੇ ਗਏ ਕਾਰਜ ਦੀ ਰਕਮ ਮੋੜਨ 'ਚ ਇਸ ਕਾਲਜ ਨੂੰ ਸੰਭਾਲ ਰਹੇ ਭਾਈ ਘਨਾਈਆਂ ਸੇਵਾ ਸੋਸਾਇਟੀ, ਗੋਨਿਆਣਾ ਮੰਡੀ ਅਸਮਰਥ ਰਹੀ, ਜਿਸ ਕਰਕੇ ਇਸ ਕਾਲਜ 'ਚ ਪੜ੍ਹਨ ਵਾਲੇ ਕਰੀਬ 200 ਵਿਦਿਆਰਥੀਆਂ ਦਾ ਭਵਿੱਖ ਹਨੇਰੇ 'ਚ ਚਲਾ ਗਿਆ। ਵਿਦਿਆਰਥੀਆਂ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅੱਜ ਵੀ ਜੱਦ ਇਹ ਵਿਦਿਆਰਥੀ ਅਤੇ ਸਟਾਫ਼ ਦੇ ਮੈਂਬਰ ਪੰਜਾਬ ਐਂਡ ਸਿੰਧ ਬੈਂਕ ਦੇ ਬਾਹਰ ਪਹੁੰਚੇ ਤਾਂ ਇਸ ਦੌਰਾਨ ਉੱਥੇ ਖੜੀ ਇੱਕ ਕਾਰ ਦਾ ਸਾਇਡ ਸ਼ੀਸ਼ਾ ਟੁੱਟ ਗਿਆ। ਬੈਂਕ ਦੇ ਅੰਦਰ  ਬੈਠੇ ਕਾਰ ਮਾਲਕ ਨੂੰ ਜੱਦ ਇਸ ਦਾ ਪਤਾ ਚੱਲਿਆ ਤਾਂ ਉਸ ਨੇ ਇਸ ਦੀ ਸ਼ਿਕਾਇਤ ਪੁਲਿਸ ਕੋਲ ਕਰ ਦਿੱਤੀ। ਮੌਕੇ 'ਤੇ ਪਹੁੰਚੇ ਥਾਣਾ ਅਧਿਕਾਰੀ ਪਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਉੱਥੋਂ ਚਲੇ ਜਾਣ ਲਈ ਕਹਿ ਦਿੱਤਾ ਤਾਂ ਜੋ ਮਾਹੋਲ ਨੂੰ ਖ਼ਰਾਬ ਹੋਣ ਤੋਂ ਰੋਕਿਆ ਜਾ ਸਕੇ।

ਵਿਦਿਆਰਥੀ ਉੱਥੋਂ ਆ ਕੇ ਹੋਮਿਓਪੈਥਿਕ ਹਸਪਤਾਲ ਦੇ ਬਾਹਰ ਬੈਠ ਗਏ ਅਤੇ ਕਾਲਜ ਪ੍ਰਬੰਧਕਾਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਵਿਦਿਆਰਥੀ ਅਨਿਕੇਤ ਦਾ ਕਹਿਣਾ ਸੀ ਕਿ ਕਾਲਜ ਪ੍ਰਬੰਧਕਾਂ ਨੇ ਉਨ੍ਹਾਂ ਨਾਲ ਧੋਖਾ ਕੀਤਾ ਅਤੇ ਬੈਂਕ ਕਾਰਵਾਈ ਬਾਰੇ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਜਿਸ ਕਰਕੇ ਹੁਣ ਬਾਹਰੀ ਸੂਬਿਆਂ ਦੇ ਵਿਦਿਆਰਥੀ ਖੱਜਲ ਖੁਆਰ ਹੋ ਰਹੇ ਹਨ। ਵਿਦਿਆਰਥੀ ਅਜੇ ਕੁਮਾਰ ਨੇ ਕਿਹਾ ਕਿ ਬੈਂਕ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਦੀ ਪਰੇਸ਼ਾਨੀ ਨੂੰ ਵੇਖਦਿਆਂ ਦੋ ਮਹੀਨੇ ਲਈ ਕਾਲਜ ਨੂੰ ਖੋਲਣ ਦੀ ਇਜਾਜ਼ਤ ਦਿੱਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ ਪਰ ਇਹ ਕੋਈ ਹੱਲ ਨਹੀਂ ਹੈ ਕਿਉਂਕਿ ਦਸੰਬਰ 'ਚ ਹੋਰ ਵਿਦਿਆਰਥੀਆਂ ਦੇ ਪੇਪਰ ਹੋਣੇ ਹਨ। 

ਪ੍ਰਸ਼ਾਸਨ ਵੱਲੋਂ ਵੀ ਇਸ ਮਾਮਲੇ ਨੂੰ ਸੁਲਝਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਲੇ ਤੱਕ ਅਜਿਹਾ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਹੈ ਜਿਸ ਤੇ ਚਲ ਕੇ ਕਾਲਜ ਲੱਗੇ ਖੁੱਲਣ, ਹੁਣ ਤਾਂ ਸਿਰਫ਼ ਇਹੀ ਇੱਕ ਰਸਤਾ ਹੈ ਜੋ ਮੈਨੇਜਮੈਂਟ ਵੱਲੋਂ ਪੈਸੇ ਬੈਂਕ ਨੂੰ ਭਰ ਕੇ ਜਿੰਦਰੇ ਖੁੱਲਣ ਨੂੰ ਜਾਂਦਾ ਹੈ, ਹੁਣ ਪ੍ਰਸ਼ਾਸਨ, ਕਾਲਜ ਪ੍ਰਬੰਧਕਾਂ ਨਾਲ ਬੈਠ ਕੇ ਇਸ ਦਾ ਹੱਲ ਕੱਦੋਂ ਤੱਕ ਕਢਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ।