ਆਮ ਲੋਕਾਂ ਨੂੰ ਟ੍ਰੇਨ ਵਿੱਚ ਸਫ਼ਰ ਲਈ ਹੋਣਾ ਪੈ ਰਿਹਾ ਖੱਜਲ-ਖੁਆਰ (ਨਿਊਜ਼ਨੰਬਰ ਖਾਸ ਖਬਰ)

Last Updated: Jun 14 2018 19:28

ਭਾਰਤ ਸਰਕਾਰ ਦੇ ਰੇਲ ਮੰਤਰਾਲੇ ਵੱਲੋਂ ਪੁਰਾਣੇ ਰੇਲ ਢਾਂਚੇ ਤੇ ਚੱਲ ਰਹੀ ਰੇਲ ਵਿਵਸਥਾ ਨੂੰ ਪਟਰੀ ਤੇ ਲਿਆਉਣ ਲਈ ਅਤੇ ਮੁਸਾਫ਼ਰਾਂ ਨੂੰ ਸੁਖਾਵਾਂ ਰੇਲ ਸਫ਼ਰ ਮੁਹੱਈਆ ਕਰਵਾਉਣ ਲਈ ਪੁਰਾਣੇ ਰੇਲ ਕੋਚਾਂ ਨੂੰ ਹਟਾ ਨਵੇਂ ਰੇਲ ਕੋਚ ਉਤਾਰੇ ਜਾ ਰਹੇ ਹਨ, ਪਰ ਨਵੇਂ ਰੇਲ ਕੋਚ ਰੇਲ ਮੁਸਾਫ਼ਰਾਂ ਲਈ ਕਿੰਨੇ ਕੁ ਸੁਖਾਵੇਂ ਹੋਣਗੇ, ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਨਵੇਂ ਕੋਚਾਂ ਵਿੱਚ ਜਨਰਲ ਬੋਗੀਆਂ ਦੀ ਗਿਣਤੀ ਬਹੁਤ ਹੀ ਘੱਟ ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ ਪੁਰਾਣੇ ਸਮੇਂ ਵਿੱਚ 22 ਤੋਂ 24 ਬੋਗੀਆਂ ਵਾਲੀ ਗੱਡੀ ਵਿੱਚ 4 ਤੋਂ 5 ਜਨਰਲ ਕੋਚ ਹੁੰਦੇ ਸਨ। ਜਿਸ ਵਿੱਚ ਆਮ ਮੁਸਾਫ਼ਰ ਘੱਟ ਕਿਰਾਏ ਵਿੱਚ ਆਪਣੀ ਮੰਜ਼ਿਲ ਤੇ ਆਸਾਨੀ ਨਾਲ ਪਹੁੰਚ ਜਾਂਦਾ ਹੈ ਪਰ ਜਦ ਦਾ ਰੇਲ ਵਿਭਾਗ ਨੇ ਪੁਰਾਣੇ ਕੋਚਾਂ ਨੂੰ ਹਟਾ ਨਵੇਂ ਰੇਲ ਕੋਚ ਪਟਰੀ ਤੇ ਉਤਾਰੇ ਹਨ। ਉਸ ਵੇਲੇ ਤੋਂ ਲੋਕਾਂ ਨੂੰ ਜਨਰਲ ਕੋਚ ਟ੍ਰੇਨ ਨਾਲ ਬਹੁਤ ਘੱਟ ਮਿਲ ਰਹੇ ਹਨ। ਕਿਉਂਕਿ ਹੁਣ ਰੇਲ ਵਿਭਾਗ ਨੇ ਨਵੇਂ ਕੋਚਾਂ ਨਾਲ ਜਨਰਲ ਬੋਗੀਆਂ ਦੀ ਗਿਣਤੀ 4-5 ਤੋਂ ਘਟਾ ਕੇ ਸਿਰਫ 2 ਕਰ ਦਿੱਤੀ ਹੈ ਅਤੇ ਇਸਦੇ ਨਾਲ ਏ.ਸੀ ਅਤੇ ਸਲੀਪਰ ਬੋਗੀਆਂ ਦੀ ਗਿਣਤੀ ਵਧਾ ਦਿੱਤੀ ਹੈ। ਜਿਸ ਕਾਰਨ ਆਮ ਲੋਕਾਂ ਨੂੰ ਜਨਰਲ ਬੋਗੀਆਂ ਘੱਟ ਹੋਣ ਕਾਰਨ ਸੀਟ ਲਈ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ।

ਸਭ ਤੋਂ ਵੱਧ ਸਮੱਸਿਆ ਇਨ੍ਹਾਂ ਦਿਨਾਂ ਵਿੱਚ ਇਸ ਕਾਰਨ ਹੈ ਕਿ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ ਲੋਕਾਂ ਨੂੰ ਜਨਰਲ ਬੋਗੀਆਂ ਘੱਟ ਹੋਣ ਕਾਰਨ ਬੱਚਿਆਂ ਨਾਲ ਟ੍ਰੇਨ ਵਿੱਚ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਇਸ ਬਾਰੇ ਜਦ ਆਮ ਲੋਕਾਂ ਨਾਲ ਗੱਲ ਕੀਤੀ ਗਈ ਤਾ ਸਫ਼ਰ ਕਰ ਰਹੇ ਮੁਸਾਫ਼ਰਾਂ ਨੇ ਕਿਹਾ ਕਿ ਰੇਲ ਮੰਤਰਾਲੇ ਨੇ ਨਵੀਆਂ ਬੋਗੀਆਂ ਨੂੰ ਪਟਰੀ ਤੇ ਉਤਾਰ ਬਹੁਤ ਵਧੀਆ ਕੰਮ ਕੀਤਾ ਹੈ ਪਰ ਜਨਰਲ ਬੋਗੀਆਂ ਦੀ ਗਿਣਤੀ ਘਟਾ ਆਮ ਲੋਕਾਂ ਦੇ ਨਾਲ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦ ਟ੍ਰੇਨ ਸਟੇਸ਼ਨ ਤੇ ਪਹੁੰਚਦੀ ਹੈ ਤਾਂ ਟ੍ਰੇਨ ਦੇ ਨਾਲ ਜਨਰਲ ਬੋਗੀਆਂ ਦੀ ਗਿਣਤੀ ਘੱਟ ਹੋਣ ਕਾਰਨ ਪਹਿਲਾਂ ਹੀ ਬੋਗੀਆਂ ਵਿੱਚ ਭੀੜ ਹੁੰਦੀ ਹੈ, ਦੂਜਾ ਟ੍ਰੇਨ ਦਾ ਸਟਾਪਜ ਸਿਰਫ ਦੋ ਮਿੰਟ ਦਾ ਹੁੰਦਾ ਹੈ। ਜਿਸ ਵਜ੍ਹਾ ਨਾਲ ਟ੍ਰੇਨ ਤੇ ਚੜਨ ਲਈ ਭਾਰੀ ਮਸ਼ੱਕਤ ਕਰਨੀ ਪੈਂਦੀ ਹੈ, ਕਈ ਵਾਰ ਟ੍ਰੇਨ ਤੇ ਚੜਨ ਦੇ ਚੱਕਰ 'ਚ ਮੁਸਾਫ਼ਰ ਆਪਸ ਵਿੱਚ ਹੀ ਲੜ ਪੈਂਦੇ ਹਨ।

ਉਨ੍ਹਾਂ ਕਿਹਾ ਕਿ ਬੋਗੀਆਂ ਘੱਟ ਹੋਣ ਦੇ ਕਾਰਨ ਜੇਕਰ ਕੋਈ ਸ਼ਖਸ ਆਪਣੇ ਬੱਚਿਆਂ ਸਣੇ ਜਨਰਲ ਬੋਗੀ ਵਿੱਚ ਸਫ਼ਰ ਕਰਨ ਲਈ ਆਉਂਦਾ ਹੈ ਤਾਂ ਟ੍ਰੇਨ ਵਿੱਚ ਭੀੜ ਹੋਣ ਦੀ ਵਜ੍ਹਾ ਨਾਲ ਉਹ ਟ੍ਰੇਨ ਤੇ ਨਹੀਂ ਚੜ ਪਾਉਂਦਾ। ਜਿਸ ਵਜ੍ਹਾ ਨਾਲ ਉਸਦੀ ਟ੍ਰੇਨ ਛੁਟ ਜਾਂਦੀ ਹੈ ਅਤੇ ਬਾਅਦ ਵਿੱਚ ਉਸ ਨੂੰ ਬੱਸਾਂ ਦਾ ਮਹਿੰਗਾ ਕਿਰਾਇਆ ਖਰਚ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਰੇਲ ਸਫ਼ਰ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗਾ। ਲੋਕਾਂ ਨੇ ਕਿਹਾ ਕਿ ਆਮ ਇਨਸਾਨ ਏ.ਸੀ ਜਾਂ ਸਲੀਪਰ ਕਲਾਸ ਦੇ ਪੈਸੇ ਨਹੀਂ ਖਰਚ ਕਰ ਸਕਦਾ। ਆਮ ਇਨਸਾਨ ਜਨਰਲ ਬੋਗੀ ਵਿੱਚ ਹੀ ਸਫ਼ਰ ਕਰਦਾ ਹੈ। ਇਸ ਲਈ ਰੇਲ ਮੰਤਰਾਲੇ ਨੂੰ ਚਾਹੀਦਾ ਹੈ ਕਿ ਏ.ਸੀ ਅਤੇ ਸਲੀਪਰ ਕੋਚ ਦੇ ਨਾਲ ਜਨਰਲ ਬੋਗੀਆਂ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲੇਗੀ ਉੱਥੇ ਹੀ ਰੇਲ ਵਿਭਾਗ ਨੂੰ ਵੀ ਫਾਇਦਾ ਹੋਵੇਗਾ।