ਰੇਤੇ ਨਾਲ ਓਵਰਲੋਡ ਟਿੱਪਰ ਮੋਟਰਸਾਈਕਲ ਸਵਾਰ ਤੇ ਪਲਟਿਆ, ਨੌਜਵਾਨ ਦੀ ਮੌਤ, ਡਰਾਈਵਰ ਫਰਾਰ

Last Updated: Jun 14 2018 19:19

ਨਜ਼ਦੀਕੀ ਪਿੰਡ ਲੱਖੋਵਾਲ ਕੋਲ ਰੇਤ ਨਾਲ ਭਰਿਆ ਟਿੱਪਰ ਇੱਕ ਮੋਟਰਸਾਈਕਲ ਸਵਾਰ ਉੱਪਰ ਪਲਟ ਜਾਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਪਹਿਚਾਣ ਕੁਲਵੀਰ ਸਿੰਘ (26) ਵਾਸੀ ਪਿੰਡ ਨੂਰਪੁਰ ਬੇਟ ਦੇ ਤੌਰ ਤੇ ਹੋਈ ਹੈ। ਹਾਦਸੇ ਸਬੰਧੀ ਸੂਚਨਾ ਮਿਲਣ ਦੇ ਬਾਅਦ ਥਾਣਾ ਮਾਛੀਵਾੜਾ ਤੋਂ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਸਥਿਤੀ ਦਾ ਜਾਇਜ਼ਾ ਲੈਣ ਬਾਅਦ ਟਿੱਪਰ ਥੱਲੇ ਦੱਬੀ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਪੁਲਿਸ ਨੇ ਹਾਦਸਾਗ੍ਰਸਤ ਟਿੱਪਰ ਨੂੰ ਕਬਜ਼ੇ 'ਚ ਲੈ ਕੇ ਫਰਾਰ ਹੋਏ ਟਰੱਕ ਡਰਾਈਵਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਪਿੰਡ ਨੂਰਪੁਰ ਬੇਟ ਦਾ ਰਹਿਣ ਵਾਲਾ ਨੌਜਵਾਨ ਕੁਲਵੀਰ ਸਿੰਘ ਆਪਣੇ ਮੋਟਰਸਾਈਕਲ ਨੰ.ਪੀਬੀ-10ਐਫਜੀ-6657 ਤੇ ਸਵਾਰ ਹੋ ਕੇ ਪਿੰਡ ਵੱਲ ਜਾ ਰਿਹਾ ਸੀ। ਜਦੋਂ ਉਹ ਮਾਛੀਵਾੜਾ-ਰਾਹੋਂ ਰੋਡ ਤੇ ਪੈਂਦੇ ਨਜ਼ਦੀਕੀ ਪਿੰਡ ਲੱਖੋਵਾਲ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਰੇਤੇ ਨਾਲ ਓਵਰਲੋਡ ਗਲਤ ਸਾਈਡ ਤੋਂ ਆ ਰਿਹਾ ਇੱਕ ਟਿੱਪਰ ਸੜਕ ਖ਼ਰਾਬ ਹੋਣ ਦੇ ਕਾਰਨ ਪਲਟ ਗਿਆ।

ਇਸ ਹਾਦਸੇ ਦੌਰਾਨ ਮੋਟਰਸਾਈਕਲ ਤੇ ਜਾ ਰਿਹਾ ਨੌਜਵਾਨ ਟਿੱਪਰ ਪਲਟ ਜਾਣ ਸਮੇਂ ਉਸਦੀ ਲਪੇਟ 'ਚ ਆ ਕੇ ਟਰੱਕ ਥੱਲੇ ਦੱਬ ਗਿਆ, ਜਿਸਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਵਾਲੀ ਥਾਂ ਤੋਂ ਲੰਘ ਰਹੇ ਰਾਹਗੀਰਾਂ ਨੇ ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ। ਹਾਦਸੇ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਕਰੇਨ ਦੀ ਮਦਦ ਦੇ ਨਾਲ ਟਿੱਪਰ ਨੂੰ ਚੁਕਵਾ ਕੇ ਥੱਲੇ ਦਬੀ ਲਾਸ਼ ਨੂੰ ਬਾਹਰ ਕਢਵਾਇਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਹਾਦਸੇ ਦਾ ਸ਼ਿਕਾਰ ਹੋਏ ਬਾਈਕ ਸਵਾਰ ਨੌਜਵਾਨ ਦਾ ਕਰੀਬ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਹਾਦਸੇ ਵਾਲੀ ਸੜਕ ਦੀ ਖਸਤਾ ਹਾਲਤ ਹੋਣ ਦੇ ਚੱਲਦੇ ਆਏ ਦਿਨ ਸੜਕ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਕਿਸੇ ਨਾ ਕਿਸੇ ਵਿਅਕਤੀ ਦੀ ਜਾਨ ਚਲੀ ਜਾਂਦੀ ਹੈ। ਹਾਦਸੇ ਦੀ ਜਾਂਚ ਕਰ ਰਹੇ ਏ.ਐਸ.ਆਈ ਅਜਮੇਰ ਸਿੰਘ ਨੇ ਦੱਸਿਆ ਕਿ ਹਾਦਸਾਗ੍ਰਸਤ ਟਰੱਕ ਨੰ.ਪੀਬੀ-11ਏਟੀ-9327 ਦਾ ਡਰਾਈਵਰ ਫਰਾਰ ਹੋ ਗਿਆ ਹੈ। ਟਰੱਕ ਵਿੱਚੋਂ ਵਾਹਨ ਸਬੰਧੀ ਕੋਈ ਕਾਗਜ਼ਾਤ ਵੀ ਬਰਾਮਦ ਨਹੀਂ ਹੋ ਸਕਿਆ ਹੈ। ਮ੍ਰਿਤਕ ਦੇ ਪਿਤਾ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਬਾਅਦ ਸਿਵਲ ਹਸਪਤਾਲ ਚੋਂ ਪੋਸਟਮਾਰਟਮ ਕਰਵਾਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਹਾਦਸੇ ਸਬੰਧੀ ਟਿੱਪਰ ਦੇ ਅਣਪਛਾਤੇ ਡਰਾਈਵਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।