ਐਮ.ਆਰ ਟੀਕਾਕਰਨ ਵਿਰੋਧੀ ਅਫਵਾਹਾਂ ਦੇ ਬਾਵਜੂਦ 1 ਲੱਖ 7 ਹਜ਼ਾਰ ਬੱਚਿਆਂ ਦਾ ਕੀਤਾ ਜਾ ਚੁੱਕਿਆ ਟੀਕਾਕਰਨ- ਸਿਵਲ ਸਰਜਨ ਡਾ. ਸੋਢੀ

Last Updated: Jun 14 2018 18:28

ਖਸਰਾ ਅਤੇ ਰੁਬੇਲਾ ਵਰਗੀਆਂ ਭਿਆਨਕ ਬੀਮਾਰੀਆਂ ਦਾ ਖਾਤਮਾ ਕਰਨ ਅਤੇ 9 ਮਹੀਨੇ ਤੋਂ ਲੈ ਕੇ 15 ਸਾਲ ਤੱਕ ਦੇ ਬੱਚਿਆਂ ਨੂੰ ਇਨ੍ਹਾਂ ਬੀਮਾਰੀਆਂ ਤੋਂ ਬਚਾਉਣ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਚਲਾਈ ਜਾ ਰਹੀ ਐਮ.ਆਰ ਵੈਕਸੀਨ ਟੀਕਾਕਰਨ ਮੁਹਿੰਮ ਦਾ ਜਾਇਜ਼ਾ ਲੈਣ ਸਬੰਧੀ ਸਿਵਲ ਸਰਜਨ ਹਰਮਿੰਦਰ ਕੌਰ ਸੋਢੀ ਵੱਲੋਂ ਜ਼ਿਲ੍ਹਾ ਸਿਹਤ ਅਧਿਕਾਰੀਆਂ ਦੇ ਨਾਲ ਰੀਵਿਊ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅੰਦਰ ਚੱਲ ਰਹੀ ਟੀਕਾਕਰਨ ਮੁਹਿੰਮ ਸਬੰਧੀ ਸਿਹਤ ਅਧਿਕਾਰੀਆਂ ਤੋਂ ਰਿਪੋਰਟ ਹਾਸਲ ਕੀਤੀ ਗਈ। ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਐਮ.ਆਰ ਦਾ ਇੰਜੈਕਸ਼ਨ ਲਗਾਉਣ ਦੀ ਹਦਾਇਤ ਕੀਤੀ ਗਈ।

ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਹਰਮਿੰਦਰ ਕੌਰ ਸੋਢੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸ਼ੁਰੂ ਕੀਤੀ ਖਸਰਾ ਰੁਬੇਲਾ ਟੀਕਾਕਰਨ ਮੁਹਿੰਮ ਤਹਿਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਕਰੀਬ 1 ਲੱਖ 40 ਹਜ਼ਾਰ ਬੱਚਿਆਂ ਨੂੰ ਟੀਕਾਕਰਨ ਕਰਨ ਦਾ ਟੀਚਾ ਮਿਥਿਆ ਗਿਆ ਸੀ, ਜਿਨ੍ਹਾਂ ਵਿੱਚੋਂ ਹੁਣ ਤੱਕ 1 ਲੱਖ 7 ਹਜ਼ਾਰ 107 ਬੱਚਿਆਂ ਨੂੰ ਐਮ.ਆਰ ਦਾ ਟੀਕਾ ਲਗਾਇਆ ਜਾ ਚੁੱਕਾ ਹੈ। ਐਮ.ਆਰ ਦੇ ਇੰਜੈਕਸ਼ਨ ਲਗਾਏ ਜਾਣ ਨਾਲ ਖਸਰਾ ਤੇ ਰੁਬੇਲਾ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਤਹਿਤ 9 ਮਹੀਨੇ ਤੋਂ ਲੈ ਕੇ 15 ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਨ ਕਰਕੇ ਇਨ੍ਹਾਂ ਖਤਰਨਾਕ ਬਿਮਾਰੀਆਂ ਦਾ ਖਾਤਮਾ ਕੀਤਾ ਜਾ ਸਕਦਾ ਹੈ। ਹੁਣ ਆਮ ਲੋਕ ਟੀਕਾਕਰਨ ਸਬੰਧੀ ਸੋਸ਼ਲ ਮੀਡੀਆ ਤੇ ਫੈਲਾਈਆਂ ਗਈਆਂ ਅਫਵਾਹਾਂ ਤੇ ਯਕੀਨ ਨਾ ਕਰਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਤੇ ਵਿਸ਼ਵਾਸ ਕਰਕੇ ਖੁਦ ਆਪਣੇ ਬੱਚਿਆਂ ਨੂੰ ਟੀਕੇ ਲਗਵਾਉਣ ਲਈ ਸਿਹਤ ਕੇਂਦਰਾਂ ਤੇ ਲਿਆ ਰਹੇ ਹਨ। ਸਰਕਾਰ ਵੱਲੋਂ 2020 ਤੱਕ ਖਸਰੇ ਦੀ ਬਿਮਾਰੀ ਦਾ ਪੂਰਨ ਖਾਤਮਾ ਕਰਨ ਅਤੇ ਰੁਬੇਲਾ ਬਿਮਾਰੀ ਤੇ ਪੂਰਨ ਕੰਟਰੋਲ ਕਰਨ ਲਈ ਮੁਹਿੰਮ ਚਲਾਈ ਗਈ ਹੈ ਤਾਂ ਕਿ ਬੱਚਿਆਂ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ।

ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਪ੍ਰਸ਼ੋਤਮ ਦਾਸ ਨੇ ਦੱਸਿਆ ਕਿ ਐਮ.ਆਰ. ਵੈਕਸੀਨ ਦਾ ਟੀਕਾ ਲਗਵਾਉਣਾ ਬੱਚਿਆਂ ਲਈ ਬਹੁਤ ਜ਼ਰੂਰੀ ਹੈ। ਐਮ.ਆਰ ਵੈਕਸੀਨ ਦਾ ਟੀਕਾ ਵਿਸ਼ਵ ਸਿਹਤ ਸੰਸਥਾ ਤੋਂ ਪ੍ਰਮਾਣਿਤ ਹੈ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਕਿਰਪਾਲ ਸਿੰਘ, ਜ਼ਿਲ੍ਹਾ ਸਿਹਤ ਅਫਸਰ ਡਾ. ਨਵਜੋਤ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰੁਪਿੰਦਰ ਵਾਲੀਆ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ, ਜ਼ਿਲ੍ਹਾ ਡੈਂਟਲ ਸਿਹਤ ਅਫਸਰ ਡਾ. ਸੁਦਰਸ਼ਨ ਕੌਰ, ਬੱਚਿਆਂ ਦੇ ਮਾਹਿਰ ਡਾ. ਸੁਰਿੰਦਰ ਸਿੰਘ, ਸਕੂਲ ਹੈਲਥ ਮੈਡੀਕਲ ਅਫਸਰ ਡਾ. ਨਵਨੀਤ ਕੌਰ, ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਪਰਮਿੰਦਰ ਸਿੰਘ ਅਤੇ ਅਮਰਜੀਤ ਸਿੰਘ ਸੋਹੀ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਕਸ਼ੀਤਿਜ ਸੀਮਾ, ਜ਼ਿਲ੍ਹਾ ਬੀ.ਸੀ.ਸੀ ਫੈਸੀਲੀਟੇਟਰ ਜਸਵੀਰ ਕੌਰ ਆਦਿ ਤੋਂ  ਇਲਾਵਾ ਸਮੂਹ ਐਸ.ਐਮ.ਓ ਅਤੇ ਨੋਡਲ ਅਫਸਰ ਮੌਜੂਦ ਸਨ।