ਸਫਾਈ ਸੇਵਕਾਂ ਵੱਲੋਂ ਸੰਘਰਸ਼ ਸ਼ੁਰੂ, ਕੀਤਾ ਗਿਆ ਘੜਾ ਫੋੜ ਪ੍ਰਦਰਸ਼ਨ

Last Updated: Jun 14 2018 18:02

ਮਿਊਂਸੀਪਲ ਮੁਲਾਜਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਵੱਖ-ਵੱਖ ਮੰਗਾਂ ਨੂੰ ਲੈ ਕੇ 14 ਜੂਨ ਤੋਂ 16 ਜੂਨ ਤੱਕ ਸਥਾਨਕ ਪੱਧਰ 'ਤੇ ਘੜਾ ਫੋੜ ਅਤੇ ਅਰਥੀ ਫੂਕ ਮੁਜਾਹਰੇ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਅੱਜ ਨਗਰ ਕੌਂਸਲ 'ਚ ਸਫਾਈ ਕਰਮਚਾਰੀਆਂ ਵੱਲੋਂ ਘੜਾ ਫੋੜ ਮੁਜਾਹਰਾ ਕੀਤਾ ਗਿਆ। ਰੋਸ ਵਿਖਾਵਾ ਕਰ ਰਹੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਓਮ ਪ੍ਰਕਾਸ਼ ਢਿਲੋਢ ਨੇ ਦੱਸਿਆ ਕਿ ਐਕਸ਼ਨ ਕਮੇਟੀ ਦੇ ਸੱਦੇ 'ਤੇ 14 ਤੋਂ 16 ਜੂਨ ਤੱਕ ਸਥਾਨਕ ਪੱਧਰ 'ਤੇ ਮੁਜਾਹਰੇ ਕੀਤੇ ਜਾਣਗੇ, ਜਦਕਿ 17 ਤੇ 18 ਜੁਲਾਈ ਨੂੰ ਪੂਰੇ ਪੰਜਾਬ 'ਚ ਦੋ ਦਿਨਾਂ ਹੜਤਾਲ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ 'ਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, 2004 ਦੀ ਨਵੀਂ ਪੈਨਸ਼ਨ ਸਕੀਮ ਰੱਦ ਕੀਤੇ ਜਾਣਾ, ਠੇਕਾ 'ਤੇ ਰੱਖੇ ਗਏ ਕਰਮਚਾਰੀਆਂ ਨੂੰ ਪੱਕਾ ਕਰਨ, ਸੁਪਰੀਮ ਕੋਰਟ ਦੇ ਫ਼ੈਸਲਾ ਮੁਤਾਬਕ ਕੰਮ ਦੇ ਬਰਾਬਰ ਤਨਖਾਹ ਦੇਣਾ, ਤਰਸ ਦੇ ਅਧਾਰ 'ਤੇ ਨੌਕਰੀ ਬਿਨਾਂ ਸ਼ਰਤ ਦੇਣ, ਐਸ.ਸੀ/ਐਸ.ਟੀ. ਐਕਟ ਨਾਲ ਛੇੜਛਾੜ ਨਾ ਕਰਣ ਦੀ ਮੰਗ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ 15 ਜੂਨ ਨੂੰ ਡਾ. ਭੀਮ ਰਾਵ ਅੰਬੇਦਕਰ ਚੌਂਕ 'ਤੇ ਘੜਾ ਫੋੜ ਮੁਜਾਹਰਾ ਕੀਤਾ ਜਾਵੇਗਾ, ਜਦਕਿ 16 ਜੂਨ ਨੂੰ ਸ਼ਹਿਰ 'ਚ ਰੋਸ ਮਾਰਚ ਕੱਢਕੇ ਘੜਾ ਫੋੜ ਮੁਜਾਹਰਾ ਕੀਤਾ ਜਾਵੇਗਾ। ਇਨ੍ਹਾਂ ਤਿੰਨ ਦਿਨਾਂ ਦੌਰਾਨ ਅੱਧੇ ਦਿਨ ਲਈ ਸ਼ਹਿਰ 'ਚ ਸਫਾਈ ਕੰਮ ਠੱਪ ਰੱਖਿਆ ਜਾਵੇਗਾ।