ਡਿਪਟੀ ਕਮਿਸ਼ਨਰ ਵੱਲੋਂ ਝੋਨੇ ਦੀ ਲਵਾਈ ਸਬੰਧੀ ਪ੍ਰਚਾਰ ਵੈਨਾਂ ਰਵਾਨਾ

Last Updated: Jun 14 2018 18:03

'ਪਾਣੀ ਕੁਦਰਤ ਦੀ ਅਨਮੋਲ ਦਾਤ ਹੈ, ਪਰੰਤੂ ਇਹ ਖ਼ਜ਼ਾਨਾ ਅਮੁੱਕ ਨਹੀਂ ਹੈ। ਇਸ ਲਈ ਸਦੀਵੀ ਹਰਿਆਲੀ ਵਾਸਤੇ ਪਾਣੀ ਬਚਾਉਣਾ ਲੋੜ ਹੀ ਨਹੀਂ ਸਗੋਂ ਸਾਡਾ ਸਾਰਿਆਂ ਦਾ ਪਰਮ ਕਰਤੱਵ ਬਣ ਜਾਂਦਾ ਹੈ।' ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਨੇ ਪਾਣੀ ਬੱਚਤ ਸਬੰਧੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਪ੍ਰਚਾਰ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਕੀਤਾ। ਡੀ.ਸੀ ਨੇ ਕਿਹਾ ਕਿ ਹਰ ਸਾਲ ਪਾਣੀ ਦਾ ਪੱਧਰ 2.5 ਫੁੱਟ ਤੋਂ ਵੀ ਵਧੇਰੇ ਡੂੰਘਾ ਹੋਈ ਜਾ ਰਿਹਾ ਹੈ। ਪਾਣੀ ਦੀ ਇਸ ਨਿੱਘਰ ਰਹੀ ਹਾਲਤ ਪ੍ਰਤੀ ਜੇਕਰ ਅਜੇ ਵੀ ਅਸੀਂ ਸੁਚੇਤ ਨਾ ਹੋਏ ਤਾਂ ਫ਼ਸਲਾਂ ਤਾਂ ਕੀ, ਪੀਣ ਵਾਲੇ ਪਾਣੀ ਲਈ ਵੀ ਜੂਝਣਾ ਪੈ ਸਕਦਾ ਹੈ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੀ ਬੱਚਤ ਲਈ 20 ਜੂਨ ਤੋਂ ਪਹਿਲਾਂ ਝੋਨਾ ਨਾ ਲਗਾਉਣ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਬੀਰ ਸਿੰਘ ਖਿੰਡਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਅਗੇਤਾ ਝੋਨਾ ਨਾ ਲਾਉਣ ਲਈ ਪ੍ਰੇਰਿਤ ਕਰਨ ਹਿੱਤ ਜ਼ਿਲ੍ਹੇ ਦੇ ਹਰੇਕ ਬਲਾਕ ਵਿੱਚ ਅਜਿਹੀਆਂ ਪ੍ਰਚਾਰ ਵੈਨਾਂ ਚਲਾਈਆਂ ਜਾ ਰਹੀਆਂ ਹਨ, ਜੋ ਪੂਰੇ ਤਿੰਨ ਦਿਨ ਪਿੰਡ-ਪਿੰਡ ਜਾ ਕੇ ਪਾਣੀ ਦੀ ਬੱਚਤ ਸਬੰਧੀ ਸਰਕਾਰ ਦਾ ਸੁਨੇਹਾ ਘਰ-ਘਰ ਪਹੁੰਚਾਉਣਗੀਆਂ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਾਣੀ ਦੀ ਬੱਚਤ ਲਈ 'ਪੰਜਾਬ ਪ੍ਰਜ਼ਰਵੇਸ਼ਨ ਆਫ਼ ਸਬ-ਸਾਇਲ ਵਾਟਰ ਐਕਟ' ਵਿੱਚ ਸੋਧ ਕਰਕੇ ਝੋਨਾ ਲਵਾਈ ਦੀ ਤਰੀਕ 15 ਜੂਨ ਦੀ ਬਜਾਏ 20 ਜੂਨ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ 20 ਜੂਨ ਤੋਂ ਬਾਅਦ ਪ੍ਰੀ-ਮਾਨਸੂਨ ਦੇ 2-3 ਮੀਂਹ ਪੈ ਜਾਂਦੇ ਹਨ। ਪਿਛਲੇ 20 ਸਾਲ ਦੇ ਵਰਖਾ ਦੇ ਪੈਟਰਨ ਅਨੁਸਾਰ 10 ਜੂਨ ਤੋਂ 19 ਜੂਨ ਤੱਕ ਔਸਤਨ 29 ਮਿਲੀਮੀਟਰ ਜਦਕਿ 20 ਜੂਨ ਤੋਂ 29 ਜੂਨ ਤੱਕ 48 ਮਿਲੀਮੀਟਰ ਵਰਖਾ ਹੁੰਦੀ ਹੈ। ਇਸ ਅਨੁਸਾਰ 20 ਜੂਨ ਤੋਂ ਬਾਅਦ ਝੋਨਾ ਲਾਉਣ ਨਾਲ ਪਾਣੀ ਅਤੇ ਡੀਜ਼ਲ ਦੋਵਾਂ ਦੀ ਬੱਚਤ ਹੋਵੇਗੀ।

ਉਨ੍ਹਾਂ ਕਿਹਾ ਕਿ ਪਾਣੀ ਸਬੰਧੀ ਕਾਨੂੰਨ ਦੀ ਪਾਲਣਾ ਨਾਲ ਖ਼ੁਦ ਕਿਸਾਨੀ ਦਾ ਹੀ ਵੱਡਾ ਭਲਾ ਹੈ। ਉਨ੍ਹਾਂ ਕਿਸਾਨਾਂ, ਸਮੁੱਚੀਆਂ ਕਿਸਾਨਾਂ ਜੱਥੇਬੰਦੀਆਂ ਅਤੇ ਹੋਰ ਕਿਸਾਨ ਸੰਸਥਾਵਾਂ ਨੂੰ ਆਉਂਦੀਆਂ ਨਸਲਾਂ ਲਈ ਪਾਣੀ ਬਚਾਉਣ ਦੇ ਇਸ ਕਾਰਜ ਵਿੱਚ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਖੇਤੀਬਾੜੀ ਅਫ਼ਸਰ ਢਿਲਵਾਂ ਡਾ. ਮਨਜੀਤ ਸਿੰਘ, ਡਾ. ਬਲਕਾਰ ਸਿੰਘ, ਡਾ. ਐਚ.ਪੀ.ਐਸ ਭਰੋਤ, ਡਾ. ਵਿਸ਼ਾਲ ਕੌਸ਼ਲ, ਇੰਜੀ. ਜਗਦੀਸ਼ ਸਿੰਘ, ਫੀਲਡ ਅਫ਼ਸਰ ਰੇਸ਼ਮ ਸਿੰਘ ਧੰਜੂ, ਡਿਪਟੀ ਪ੍ਰਾਜੈਕਟ ਡਾਇਰੈਕਟਰ ਡਾ. ਬਲਰਾਜ ਸਿੰਘ, ਸਿਮਰਜੀਤ ਸਿੰਘ, ਨਿਤੇਸ਼ ਕੁਮਾਰ, ਪ੍ਰਭਦੀਪ ਸਿੰਘ, ਰਮਿੰਦਰ ਸਿੰਘ ਬੇਦੀ, ਸਤਨਾਮ ਸਿੰਘ ਭਿੰਡਰ ਤੇ ਹੋਰ ਹਾਜ਼ਰ ਸਨ।