ਮੁੱਖ ਮੰਤਰੀ ਪੰਜਾਬ ਹੈਪੇਟਾਈਟਸ-ਸੀ ਮੁਫ਼ਤ ਇਲਾਜ ਯੋਜਨਾ ਤਹਿਤ ਇਲਾਜ ਹੋਣ ਨਾਲ ਬਚੀ ਨੌਜਵਾਨ ਦੀ ਜਾਨ-ਡੀ.ਸੀ ਸਪਰਾ

Last Updated: Jun 14 2018 18:13

ਆਰਥਿਕ ਪੱਖੋਂ ਕਮਜ਼ੋਰ ਅਤੇ ਜ਼ਰੂਰਤਮੰਦ ਪਰਿਵਾਰਾਂ ਦੇ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਸਬੰਧੀ ਵੱਖ-ਵੱਖ ਸਕੀਮਾਂ ਲੋਕਾਂ ਲਈ ਸਹਾਈ ਸਿੱਧ ਹੋ ਰਹੀਆਂ ਹਨ। ਕਰੀਬ ਤਿੰਨ ਮਹੀਨੇ ਪਹਿਲਾਂ ਹੈਪੇਟਾਈਟਸ-ਸੀ ਦੀ ਲਪੇਟ 'ਚ ਆਏ ਪਿੰਡ ਦੇਸੂਮਾਜਰਾ ਦੇ 24 ਸਾਲਾਂ ਨੌਜਵਾਨ ਦਾ ਮੁੱਖ ਮੰਤਰੀ ਪੰਜਾਬ ਹੈਪੇਟਾਈਟਸ-ਸੀ ਮੁਫ਼ਤ ਇਲਾਜ ਯੋਜਨਾ ਤਹਿਤ ਸਰਕਾਰੀ ਹਸਪਤਾਲ ਫੇਜ਼-6 ਮੋਹਾਲੀ ਤੋਂ ਮੁਫ਼ਤ ਇਲਾਜ ਕਰਵਾਇਆ ਗਿਆ ਹੈ। ਜੇਕਰ ਸਰਕਾਰ ਵੱਲੋਂ ਮੁਫ਼ਤ ਇਲਾਜ ਦੀ ਸਹੂਲਤ ਨਾ ਮੁਹੱਈਆ ਕਰਵਾਈ ਗਈ ਹੁੰਦੀ ਤਾਂ ਉਕਤ ਨੌਜਵਾਨ ਦੀ ਜਾਨ ਵੀ ਜਾ ਸਕਦੀ ਸੀ। ਉਪਰੋਕਤ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਜ਼ਿਲ੍ਹੇ ਵਿੱਚ ਲੋਕਾਂ ਦੀ ਚੰਗੀ ਸਿਹਤ ਸਬੰਧੀ ਵਿਕਾਸ ਪ੍ਰੋਗਰਾਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਪੰਜਾਬ ਹੈਪੇਟਾਈਟਸ-ਸੀ ਮੁਫ਼ਤ ਇਲਾਜ ਯੋਜਨਾ ਅਧੀਨ ਜ਼ਿਲ੍ਹੇ ਅੰਦਰ ਹੈਪੇਟਾਈਟਸ-ਸੀ ਦੇ ਮਰੀਜ਼ਾਂ ਦਾ ਸਿਵਲ ਹਸਪਤਾਲ, ਮੋਹਾਲੀ ਵਿਖੇ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੂਨ 2016 ਤੋਂ ਲੈ ਕੇ ਮਈ 2018 ਤੱਕ ਹੈਪੇਟਾਈਟਸ-ਸੀ ਦੇ 378 ਕੇਸ ਰਜਿਸਟਰ ਹੋਏ ਹਨ, ਜਿਨ੍ਹਾਂ ਵਿੱਚੋਂ 269 ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਅਤੇ 109 ਮਰੀਜ਼ਾਂ ਦਾ ਇਲਾਜ ਪੂਰਾ ਹੋ ਗਿਆ ਹੈ। ਇਸ ਸਕੀਮ ਅਧੀਨ ਹੈਪੇਟਾਈਟਸ-ਸੀ ਦੀਆਂ ਦਵਾਈਆਂ ਮੁਫ਼ਤ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਇਸੇ ਸਕੀਮ ਤਹਿਤ ਮਰੀਜ਼ਾਂ ਦਾ ਸਸਟੇਨ ਵਾਇਰਲ ਰਿਸਪੌਂਸ (ਐਸ.ਵੀ.ਆਰ) ਵੀ ਮੁਫ਼ਤ ਕੀਤਾ ਗਿਆ ਹੈ ਜੋ ਕਿ ਹੈਪੇਟਾਈਟਸ-ਸੀ ਦਾ ਇਲਾਜ ਪੂਰਾ ਹੋਣ ਤੋਂ ਬਾਅਦ ਕੀਤਾ ਜਾਂਦਾ ਹੈ। ਰਜਿਸਟਰ ਹੋਏ ਕੇਸਾਂ ਵਿੱਚ 208 ਪੁਰਸ਼ ਅਤੇ 61 ਔਰਤਾਂ ਸ਼ਾਮਲ ਹਨ।

ਡੀ.ਸੀ ਸ਼੍ਰੀਮਤੀ ਸਪਰਾ ਨੇ ਅੱਗੇ ਦੱਸਿਆ ਕਿ ਐਸ.ਏ.ਐਸ ਨਗਰ ਜ਼ਿਲ੍ਹੇ 'ਚ ਅਪ੍ਰੈਲ 2017 ਤੋਂ ਮਈ 2018 ਤੱਕ 145 ਕੈਂਸਰ ਦੇ ਮਰੀਜ਼ਾਂ ਨੂੰ ਇਲਾਜ ਲਈ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਵਿੱਚੋਂ 1 ਕਰੋੜ 74 ਲੱਖ 02 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਸੂਬੇ 'ਚ ਕੈਂਸਰ ਦੀ ਭਿਆਨਕ ਬਿਮਾਰੀ ਦੇ ਖਾਤਮੇ ਲਈ ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ਦੇ ਨਾਲ ਇਸ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਬਿਮਾਰੀ ਤੋਂ ਬਚਾਅ ਹੋ ਸਕੇ। ਪੰਜਾਬ ਸਰਕਾਰ ਵੱਲੋਂ ਕੈਂਸਰ ਦੇ ਮਰੀਜ਼ਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਮੁੱਖ ਉਦੇਸ਼ ਹੈ ਕਿ ਮਰੀਜ਼ਾਂ ਨੂੰ ਆਪਣੇ ਇਲਾਜ ਲਈ ਪੈਸੇ ਦੀ ਘਾਟ ਮਹਿਸੂਸ ਨਾ ਹੋਵੇ ਅਤੇ ਬਿਹਤਰ ਢੰਗ ਨਾਲ ਉਹ ਆਪਣਾ ਇਲਾਜ ਕਰਵਾ ਸਕਣ।