ਵਿਸ਼ਵ ਖ਼ੂਨਦਾਨ ਦਿਹਾੜਾ- ਖ਼ੂਨਦਾਨੀਆਂ ਨੇ ਵੱਧ ਚੜ੍ਹ ਕੇ ਲਿਆ ਹਿੱਸਾ

Last Updated: Jun 14 2018 18:01

ਅੱਜ ਵਿਸ਼ਵ ਖ਼ੂਨਦਾਨ ਦਿਹਾੜੇ ਮੌਕੇ ਕਈ ਥਾਵਾਂ 'ਤੇ ਖ਼ੂਨਦਾਨ ਕੈਂਪ ਲਾਏ ਗਏ ਅਤੇ ਖ਼ੂਨਦਾਨੀਆਂ ਨੇ ਇਸ 'ਚ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਤਹਿਤ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਵਿਸ਼ਵ ਖੂਨਦਾਨ ਦਿਵਸ ਮੌਕੇ ਅੱਜ ਇੱਥੋਂ ਦੇ ਸ਼ਾਹ ਪੈਲੇਸ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਟੀਮਾਂ ਵੱਲੋਂ 625 ਯੂਨਿਟ ਖ਼ੂਨ ਦਾਨ ਕੀਤਾ ਗਿਆ।

ਇਸ ਮੌਕੇ ਮੁੱਖ ਮਹਿਮਾਨ ਵੱਜੋਂ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਬਲਬੀਰ ਰਾਜ ਸਿੰਘ ਨੇ ਕਿਹਾ ਕਿ ਕੋਈ ਵੀ ਸਿਹਤਮੰਦ ਵਿਅਕਤੀ ਖ਼ੂਨਦਾਨ ਕਰ ਸਕਦਾ ਹੈ ਅਤੇ ਸਭ ਤੋਂ ਵੱਡੇ ਦਾਨ ਵਜੋਂ ਜਾਣੇ ਜਾਂਦੇ ਇਸ ਖ਼ੂਨਦਾਨ 'ਚ ਅਪਣਾ ਵਡਮੁੱਲਾ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ ਹਰ ਵਿਅਕਤੀ ਨੂੰ ਆਪਣੀ ਸਿਹਤ ਨੂੰ ਖ਼ਿਆਲ 'ਚ ਰੱਖ ਕੇ ਹੀ ਖ਼ੂਨਦਾਨ ਕਰਨਾ ਚਾਹੀਦਾ ਹੈ ਅਤੇ ਹਰ ਤੰਦਰੁਸਤ ਵਿਅਕਤੀ ਤਿੰਨ ਮਹੀਨੇ ਬਾਅਦ ਅਪਣਾ ਖ਼ੂਨ ਦਾਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨਾ ਇੱਕ ਨੇਕ ਤੇ ਸ਼ਲਾਘਾਯੋਗ ਕੰਮ ਹੈ ਜਿਸ ਨਾਲ ਇਸ ਜਿੰਦਗੀ ਦੇ ਅੰਤਿਮ ਛੋਰ ਤੇ ਖੜੇ ਵਿਅਕਤੀ ਨੂੰ ਨਵੀਂ ਜਿੰਦਗੀ ਪ੍ਰਦਾਨ ਕੀਤੀ ਜਾ ਸਕਦੀ ਹੈ।

ਇਸ ਦੌਰਾਨ ਮਾਹਿਰਾਂ ਨੇ ਦੱਸਿਆ ਕਿ ਖ਼ੂਨਦਾਨ ਕਰਨ ਵਾਲਾ ਵਿਅਕਤੀ ਦਾਨ ਕੀਤੇ ਖ਼ੂਨ ਨੂੰ 24 ਘੰਟਿਆਂ ਤੋਂ 7 ਦਿਨਾਂ ਦੇ ਅੰਦਰ-ਅੰਦਰ ਪੂਰਾ ਕਰ ਲੈਂਦਾ ਹੈ ਜੋ ਉਸਨੇ 450 ਮਿਲੀਲਿਟਰ ਖ਼ੂਨ ਇੱਕ ਵਾਰ ਵਿੱਚ ਦਾਨ ਕੀਤਾ ਹੁੰਦਾ ਹੈ। ਖ਼ੂਨਦਾਨ ਕਰਦੇ ਸਮੇਂ ਕੋਈ ਵੀ ਇਨਫੈਕਸ਼ਨ ਤੇ ਐਚ.ਆਈ.ਵੀ ਨਹੀਂ ਹੁੰਦਾ ਕਿਉਂਕਿ ਖ਼ੂਨਦਾਨ ਨਾਲ ਸਬੰਧਤ ਉਪਕਰਣ ਸਾਫ਼ ਤੇ ਕੀਟਾਣੂ ਰਹਿਤ ਹੁੰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਖ਼ੂਨਦਾਨ ਕਰਨ ਨਾਲ ਕਦੇ ਕਮਜ਼ੋਰੀ ਜਾਂ ਥਕਾਵਟ ਨਹੀਂ ਹੁੰਦੀ। ਉਨ੍ਹਾਂ ਖ਼ਾਸ ਤੌਰ 'ਤੇ ਇਹ ਵੀ ਦੱਸਿਆ ਕਿ ਦਾਨ ਕੀਤਾ ਖ਼ੂਨ ਚਾਰ ਕੀਮਤੀ ਜਾਨਾਂ ਬਚਾ ਸਕਦਾ ਹੈ। ਇਹ ਖ਼ੂਨਦਾਨ ਕੈਂਪ ਰੈੱਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਸ੍ਰੀਰਾਮ ਕ੍ਰਿਪਾ ਸੇਵਾ ਸੰਘ, ਸੋਸ਼ਲ ਵੈਲਫੇਅਰ ਸੋਸਾਇਟੀ, ਸ੍ਰੀ ਬਾਲਾਜੀ ਸੇਵਾ ਸੰਘ ਆਦਿ ਹੋਰ ਸੰਸਥਾਵਾਂ ਵੱਲੋਂ ਲਗਾਇਆ ਗਿਆ। ਕੈਂਪ ਦੌਰਾਨ ਖ਼ੂਨਦਾਨ ਕਰਨ ਵਾਲੇ ਦਾਨੀਆਂ ਨੂੰ ਸਰਟੀਫਿਕੇਟ, ਮੈਡਲ ਤੇ ਰਿਫਰੈਸ਼ਮੈਂਟ ਦਿੱਤੀ ਗਈ।