ਝੋਨੇ ਦੀ ਲਵਾਈ ਨੂੰ ਲੈ ਕੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਪੰਜਾਬ ਪਾਵਰਕਾਮ ਦੇ ਸਾਰੇ ਜ਼ਿਲ੍ਹਿਆਂ ਦੇ ਐਕਸੀਅਨ ਅਤੇ ਐਸ.ਡੀ.ਓ ਦਫ਼ਤਰ ਅੱਗੇ ਧਰਨੇ ਦਿੱਤੇ ਜਾ ਰਹੇ ਹਨ। ਇਸ ਤਹਿਤ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਭਾਗ ਸਿੰਘ ਮਰਖ਼ਾਈ ਦੀ ਪ੍ਰਧਾਨਗੀ ਹੇਠ ਪਾਵਰਕਾਮ ਦੇ ਦਫ਼ਤਰ ਜ਼ੀਰਾ ਵਿਖੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਰਖਾਈ ਨੇ ਕਿਹਾ ਕਿ ਸਾਨੂੰ ਧਰਨੇ ਲਗਾਉਣ ਦਾ ਕੋਈ ਸ਼ੌਕ ਜਾਂ ਚਾਅ ਨਹੀਂ ਹੈ, ਬਲਕਿ ਇਹ ਸਾਡੀ ਮਜ਼ਬੂਰੀ ਹੈ। ਮਰਖਾਈ ਨੇ ਦੱਸਿਆ ਕਿ ਜੇਕਰ ਉਹ ਸਰਕਾਰ ਦੀ ਗੱਲ ਮੰਨ ਕੇ 20 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਦੇ ਹਨ ਤਾਂ ਝੋਨਾ ਲਾਉਂਦੇ 2 ਤੋਂ 10 ਜੁਲਾਈ ਤੱਕ ਦਾ ਸਮਾਂ ਲੱਗੇਗਾ, ਜਿਸ ਨਾਲ ਜੋ ਝੋਨਾ ਪਛੇਤਾ ਹੋ ਜਾਵੇਗਾ ਅਤੇ ਉਸ ਨੂੰ ਬੀਮਾਰੀਆਂ ਵੀ ਜ਼ਿਆਦਾ ਲੱਗਣਗੀਆਂ।
ਝੋਨੇ ਦੀ ਫਸਲ ਵਿੱਚ ਨਮੀ ਵੀ 20 ਤੋਂ 22 ਹੀ ਰਹਿ ਜਾਵੇਗੀ ਅਤੇ ਕਿਸਾਨ ਆਪਣੀ ਫਸਲ ਲੈ ਕੇ ਮੰਡੀਆਂ ਵਿੱਚ ਰੁਲਣ ਲਈ ਮੁਜ਼ਬੂਰ ਹੋਣਗੇ। ਉਨ੍ਹਾਂ ਪਾਵਰਕਾਮ ਵਿਭਾਗ ਤੋਂ ਮੰਗ ਕੀਤੀ ਕਿ ਬਿਜਲੀ ਸਪਲਾਈ ਰੋਜ਼ਾਨਾ ਨਿਰਵਿਘਨ 10 ਘੰਟੇ ਦਿੱਤੀ ਜਾਵੇ। ਇਸ ਮੌਕੇ ਧਰਨੇ ਵਿੱਚ ਪ੍ਰਧਾਨ ਜਸਵੰਤ ਸਿੰਘ ਜ਼ੀਰਾ, ਸੀਨੀਅਰ ਮੀਤ ਪ੍ਰਧਾਨ ਮੇਲਾ ਸਿੰਘ, ਸੰਗਠਨ ਸਕੱਤਰ ਬਚਿੱਤਰ ਸਿੰਘ, ਪ੍ਰਚਾਰ ਸਕੱਤਰ ਸ਼ਿੰਦਾ ਸਿੰਘ, ਮੱਲਾਂਵਾਲਾ ਦੇ ਪ੍ਰਧਾਨ ਗੁਰਬਚਨ ਸਿੰਘ ਪੋਪਲ, ਜਰਨਲ ਸਕੱਤਰ ਕਰਨੈਲ ਸਿੰਘ, ਸੁਖਵੰਤ ਸਿੰਘ ਢਿੱਲੋ, ਜ਼ਿਲ੍ਹਾ ਆਗੂ ਮੇਲਾ ਸਿੰਘ, ਅਮਰ ਸਿੰਘ, ਜੰਟਾ ਸਿੰਘ, ਜਸਪਾਲ ਸਿੰਘ, ਤੇਜਾ ਸਿੰਘ, ਹਰਮੇਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।