ਮਹਿਲਾ ਨੇ ਬੱਚੀ ਸਮੇਤ ਖ਼ੁਦਕੁਸ਼ੀ ਲਈ ਨਹਿਰ 'ਚ ਮਾਰੀ ਛਾਲ, ਲੋਕਾਂ ਨੇ ਬਚਾਇਆ, ਡੁੱਬਣ ਕਾਰਨ ਬੱਚੀ ਦੀ ਮੌਤ

Last Updated: Jun 14 2018 17:41

ਪਤੀ ਅਤੇ ਸਹੁਰਾ ਪਰਿਵਾਰ ਵੱਲੋਂ ਦਹੇਜ ਦੀ ਮੰਗ ਕਰਨ ਤੋਂ ਪਰੇਸ਼ਾਨ ਹੋ ਕੇ ਇੱਕ ਵਿਆਹੁਤਾ ਵੱਲੋਂ ਆਪਣੀ ਚਾਰ ਸਾਲਾਂ ਬੱਚੀ ਸਮੇਤ ਖ਼ੁਦਕੁਸ਼ੀ ਦੇ ਇਰਾਦੇ ਨਾਲ ਨਜ਼ਦੀਕੀ ਦੋਰਾਹਾ ਸ਼ਹਿਰ ਕੋਲ ਸਰਹਿੰਦ ਨਹਿਰ 'ਚ ਛਾਲ ਮਾਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਹਗੀਰਾਂ ਨੇ ਮਹਿਲਾ ਨੂੰ ਨਹਿਰ 'ਚ ਡੁੱਬਦੇ ਦੇਖਕੇ ਲੋਕਾਂ ਦੀ ਮਦਦ ਨਾਲ ਬੱਚੀ ਸਮੇਤ ਬਾਹਰ ਕੱਢਿਆ। ਲੋਕਾਂ ਵੱਲੋਂ ਮਹਿਲਾ ਨੂੰ ਬਚਾ ਲਿਆ ਗਿਆ, ਪਰ ਬੱਚੀ ਦੀ ਮੌਤ ਹੋ ਗਈ। ਮਹਿਲਾ ਨੂੰ ਇਲਾਜ ਲਈ ਸ਼ਹਿਰ 'ਚ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਘਟਨਾ ਸਬੰਧੀ ਸੂਚਨਾ ਮਿਲਣ ਦੇ ਬਾਅਦ ਥਾਣਾ ਦੋਰਾਹਾ ਦੇ ਐਸ.ਐਚ.ਓ ਮਨਜੀਤ ਸਿੰਘ ਨੇ ਪੁਲਿਸ ਮੁਲਾਜ਼ਮਾਂ ਦੇ ਨਾਲ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਮਿਲੀ ਜਾਣਕਾਰੀ ਦੇ ਮੁਤਾਬਕ ਨਹਿਰ 'ਚ ਛਾਲ ਮਾਰਨ ਵਾਲੀ ਮਹਿਲਾ ਦੀ ਪਹਿਚਾਣ ਬਿੰਦੂ (32) ਅਤੇ ਉਸਦੀ ਬੱਚੀ ਕਸ਼ਿਸ਼ (4) ਵਾਸੀ ਸ਼ਿਮਲਾਪੁਰੀ (ਲੁਧਿਆਣਾ) ਵਜੋਂ ਹੋਈ ਹੈ। ਮਹਿਲਾ ਬਿੰਦੂ ਨੇ ਆਪਣੇ ਪਤੀ ਤੇ ਦੋਸ਼ ਲਗਾਉਂਦੇ ਪੁਲਿਸ ਨੂੰ ਦੱਸਿਆ ਕਿ ਕਰੀਬ ਛੇ ਮਹੀਨੇ ਪਹਿਲਾਂ ਕਪੂਰਥਲਾ ਸ਼ਹਿਰ ਦੇ ਰਹਿਣ ਵਾਲੇ ਸੁਸ਼ੀਲ ਮਲਹੋਤਰਾ ਨਾਮਕ ਵਿਅਕਤੀ ਦੇ ਨਾਲ ਉਸਦਾ ਦੂਸਰਾ ਵਿਆਹ ਹੋਇਆ ਸੀ। ਪਹਿਲੇ ਵਿਆਹ ਤੋਂ ਬਾਅਦ ਪੈਦਾ ਹੋਈ ਕਰੀਬ ਚਾਰ ਸਾਲ ਦੀ ਬੱਚੀ ਵੀ ਉਸਦੇ ਕੋਲ ਹੀ ਹੈ। ਵਿਆਹ ਹੋਣ ਤੋਂ ਬਾਅਦ ਬੂਟਾਂ ਦੀ ਦੁਕਾਨ ਚਲਾਉਣ ਵਾਲੇ ਉਸਦੇ ਪਤੀ ਅਤੇ ਸਹੁਰਾ ਪਰਿਵਾਰ ਨੇ ਦਹੇਜ ਲਿਆਉਣ ਦੀ ਮੰਗ ਕਰਦੇ ਹੋਏ ਉਸਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਕੁਝ ਸਮੇਂ ਪਹਿਲਾਂ ਉਹ ਸ਼ਿਮਲਾਪੁਰੀ ਸਥਿਤ ਆਪਣੇ ਮਾਪਿਆਂ ਕੋਲ ਆ ਗਈ ਸੀ।

ਸਹੁਰਾ ਪਰਿਵਾਰ ਵੱਲੋਂ ਪਰੇਸ਼ਾਨ ਕੀਤੇ ਜਾਣ ਦੇ ਚੱਲਦੇ ਉਸਨੇ ਆਪਣੀ ਬੱਚੀ ਸਮੇਤ ਖ਼ੁਦਕੁਸ਼ੀ ਦੇ ਇਰਾਦੇ ਨਾਲ ਨਹਿਰ 'ਚ ਛਾਲ ਮਾਰ ਦਿੱਤੀ ਸੀ। ਜਿਸਦੇ ਬਾਅਦ ਲੋਕਾਂ ਨੇ ਬਚਾ ਲਿਆ ਅਤੇ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ। ਦੂਜੇ ਪਾਸੇ ਥਾਣਾ ਦੋਰਾਹਾ ਦੇ ਐਸ.ਐਚ.ਓ ਇੰਸਪੈਕਟਰ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਸ਼ੁਰੂਆਤ 'ਚ ਮਹਿਲਾ ਨੇ ਆਪਣੇ ਪਤੀ ਦੇ ਖ਼ਿਲਾਫ਼ ਉਸਨੂੰ ਘਰੋਂ ਲਿਆ ਕੇ ਬੱਚੀ ਸਮੇਤ ਨਹਿਰ 'ਚ ਧੱਕਾ ਦੇਣ ਦਾ ਦੋਸ਼ ਲਗਾਇਆ ਸੀ। ਪਰ ਬਾਅਦ 'ਚ ਮਹਿਲਾ ਨੇ ਕਬੂਲ ਕੀਤਾ ਕਿ ਉਸਨੇ ਪਤੀ ਅਤੇ ਸਹੁਰਾ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਨਹਿਰ 'ਚ ਛਾਲ ਮਾਰਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਹਿਲਾ ਦੇ ਪਤੀ ਅਤੇ ਸਹੁਰਾ ਪਰਿਵਾਰ ਨੂੰ ਘਟਨਾ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ, ਜਿਨ੍ਹਾਂ ਨੂੰ ਥਾਣੇ ਬੁਲਾਕੇ ਜਾਂਚ ਕੀਤੀ ਜਾ ਰਹੀ ਹੈ। ਤਫਤੀਸ਼ ਦੌਰਾਨ ਪਾਏ ਜਾਣ ਵਾਲੇ ਤੱਥਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।