ਤਨਖ਼ਾਹ ਨਾ ਮਿਲਣ ਤੇ ਵੱਖ-ਵੱਖ ਵਿਭਾਗਾਂ ਦੇ ਮੁਲਾਜਮਾਂ ਨੇ ਜਤਾਇਆ ਰੋਸ

Last Updated: Jun 14 2018 17:34

ਨਗਰ ਨਿਗਮ ਸਵੱਛ ਭਾਰਤ ਮਜਦੂਰ ਯੂਨੀਅਨ ਨਾਲ ਸਬੰਧਤ ਸਫਾਈ ਯੂਨੀਅਨ ਅਤੇ ਵਾਟਰ ਸਪਲਾਈ ਯੂਨੀਅਨ ਦਾ ਵਫ਼ਦ ਚੇਅਰਮੈਨ ਸਤਨਾਮ ਸਿੰਘ ਦੀ ਅਗੁਆਈ ਹੇਠ ਮੇਅਰ ਅਤੇ ਕਮਿਸ਼ਨਰ ਨੂੰ ਮਿਲਿਆ। ਇਸ ਮੌਕੇ ਵਾਟਰ ਸਪਲਾਈ ਦੇ ਪ੍ਰਧਾਨ ਧਰਮਿੰਦਰ ਠਾਕੁਰ ਨੇ ਕਿਹਾ ਕਿ ਨਿਗਮ ਦੇ ਕੱਚੇ ਮੁਲਾਜਮਾਂ ਨੂੰ ਪਿਛਲੇ 4 ਮਹੀਨੇ ਤੋਂ ਤਨਖ਼ਾਹ ਨਹੀਂ ਮਿਲੀ ਹੈ। ਜਦਕਿ ਪੱਕੇ ਮੁਲਜਮਾਂ ਦੀ ਇੱਕ ਮਹੀਨੇ ਦੀ ਤਨਖ਼ਾਹ ਬਕਾਇਆ ਹੈ। ਉਨ੍ਹਾਂ ਕਿਹਾ ਕਿ ਤਨਖ਼ਾਹ ਨਾ ਮਿਲਣ ਕਾਰਨ ਘਰ ਦਾ ਖਰਚ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ 48 ਘੰਟੇ ਦੇ ਅੰਦਰ ਤਨਖ਼ਾਹ ਨਾ ਦਿੱਤੀ ਗਈ ਤਾਂ ਉਨ੍ਹਾਂ ਵੱਲੋਂ ਕੰਮ ਛੱਡ ਨਿਗਮ ਦੇ ਗੇਟ ਮੂਹਰੇ ਗੇਟ ਰੈਲੀ ਕੀਤੀ ਜਾਵੇਗੀ। ਇਸ ਬਾਰੇ ਜਦ ਨਿਗਮ ਦੇ ਮੇਅਰ ਅਨਿਲ ਵਾਸੂਦੇਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 20 ਜੂਨ ਤੱਕ ਮੁਲਾਜਮਾਂ ਨੂੰ ਤਨਖ਼ਾਹ ਦੇ ਦਿੱਤੀ ਜਾਵੇਗੀ।

ਦੂਜੇ ਪਾਸੇ ਡੈਮ ਮੁਲਾਜਮਾਂ ਦੀ ਸੰਯੁਕਤ ਸੰਘਰਸ਼ ਕਮੇਟੀ ਦੀ ਬੈਠਕ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਦੀ ਅਗੁਆਈ ਹੇਠ ਹੋਈ। ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪਿਛਲੇ 2 ਮਹੀਨੇ ਤੋਂ ਰਣਜੀਤ ਸਾਗਰ ਡੈਮ ਤੇ ਤੈਨਾਤ ਹਜਾਰਾਂ ਮੁਲਾਜਮਾਂ ਨੂੰ ਤਨਖ਼ਾਹ ਨਹੀਂ ਮਿਲੀ ਹੈ ਅਤੇ ਬੈਰਾਜ ਪ੍ਰੋਜੈਕਟ ਤੇ ਤੈਨਾਤ 350 ਮੁਲਾਜਮਾਂ ਦੀ ਵੀ ਮਈ ਮਹੀਨੇ ਦੀ ਤਨਖ਼ਾਹ ਵੀ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੇ ਅਧਿਕਾਰੀ ਵਰਗ ਨੂੰ ਤਨਖ਼ਾਹ ਦੇ ਬਾਕੀ ਮੁਲਾਜਮਾਂ ਨੂੰ ਅਣਗੌਲਿਆ ਕੀਤਾ ਹੈ। ਮੁਲਾਜਮ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਡੈਮ ਤੇ ਤੈਨਾਤ ਸਾਰੇ ਮੁਲਾਜਮਾਂ ਦੀ ਤਨਖ਼ਾਹ ਜਲਦ ਦਿੱਤੀ ਜਾਵੇ ਨਹੀਂ ਤਾਂ ਉਨ੍ਹਾਂ ਵੱਲੋਂ ਚੀਫ਼ ਇੰਜੀਨੀਅਰ ਦੇ ਦਫ਼ਤਰ ਦਾ ਘੇਰਾਵ ਕੀਤਾ ਜਾਵੇਗਾ।