ਮੰਗਾਂ ਸਬੰਧੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸੌਂਪਿਆ ਏਡੀਸੀ (ਜ) ਨੂੰ ਮੰਗ ਪੱਤਰ

Gurpreet Singh Josan
Last Updated: Jun 14 2018 17:25

ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਥਿੰਦ ਦੀ ਪ੍ਰਧਾਨਗੀ ਵਿੱਚ ਏਡੀਸੀ (ਜ) ਡਾ. ਰਿਚਾ ਫ਼ਿਰੋਜ਼ਪੁਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਸੌਂਪਣ ਤੋਂ ਮਗਰੋਂ ਜ਼ਿਲ੍ਹਾ ਪ੍ਰਧਾਨ ਮਲਕੀਤ ਥਿੰਦ ਨੇ ਦੱਸਿਆ ਕਿ ਗਰਮੀ ਦੀਆਂ ਛੁੱਟੀਆਂ ਹੋਣ ਕਾਰਨ ਦਿੱਲੀ ਦੇ ਸਰਕਾਰੀ ਸਕੂਲ ਜਿੰਨ੍ਹਾਂ ਨੂੰ ਬਰਸਾਤੀ ਰੁੱਤ ਦੇ ਕਾਰਨ ਰਿਪੇਅਰ ਅਤੇ ਪੇਂਟਿੰਗ ਦੀ ਬੜੀ ਸਖ਼ਤ ਲੋੜ ਹੈ, ਉਸ ਨੂੰ ਜਾਣ ਬੁੱਝ ਕੇ ਰੋਕਿਆ ਜਾ ਰਿਹਾ ਹੈ। ਥਿੰਦ ਨੇ ਦੱਸਿਆ ਕਿ ਪੀਡੀਐੱਸ ਸਕੀਮ ਜਿਸ ਵਿੱਚ ਰਾਸ਼ਨ ਨੂੰ ਘਰ-ਘਰ ਪਹੁੰਚਾਉਣਾ ਜ਼ਰੂਰੀ ਕੀਤਾ ਗਿਆ ਹੈ, ਉਸ ਸਕੀਮ ਨੂੰ ਇਜਾਜਤ ਨਹੀਂ ਦਿੱਤੀ ਜਾ ਰਹੀ।

ਜਿਸ ਨਾਲ 40 ਤਰ੍ਹਾਂ ਦੀਆਂ ਹੋਰ ਜ਼ਰੂਰੀ ਸੇਵਾਵਾਂ ਜਿਹੜੀਆਂ ਕਿ ਦਿੱਲੀ ਸਰਕਾਰ ਵੱਲੋਂ ਘਰ-ਘਰ ਪਹੁੰਚਾਈਆਂ ਜਾ ਰਹੀਆਂ ਸਨ, ਉਨ੍ਹਾਂ ਵਿੱਚ ਵੀ ਵਿਘਨ ਪਾਇਆ ਜਾ ਰਿਹਾ ਹੈ। ਥਿੰਦ ਨੇ ਦੱਸਿਆ ਕਿ ਉਹ ਇਸ ਮੰਗ ਪੱਤਰ ਰਾਹੀਂ ਰਾਸ਼ਟਰਪਤੀ ਤੋਂ ਮੰਗ ਕਰਦੇ ਹਨ ਕਿ ਐੱਲਜੀ ਨੂੰ ਹਦਾਇਤ ਕੀਤੀ ਜਾਵੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿੱਚ ਵਿਘਨ ਪਾਉਣਾ ਛੱਡ ਕੇ ਨਿਰੰਤਰ ਕੰਮ ਜਾਰੀ ਕਰਵਾਇਆ ਜਾਵੇ ਅਤੇ ਮੁੱਖ ਮੰਤਰੀ ਦਿੱਲੀ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਵਿੱਚ ਕਿਸੇ ਤਰ੍ਹਾਂ ਦਾ ਵਿਘਨ ਨਾ ਪਾ ਕੇ ਉਪਰੋਕਤ ਸਮੱਸਿਆਵਾਂ ਦਾ ਨਿਪਟਾਰਾ ਜਲਦੀ ਤੋਂ ਜਲਦੀ ਕੀਤਾ ਜਾਵੇ।

ਇਸ ਮੌਕੇ ਸੋਨਾ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਆਮ ਆਦਮੀ ਪਾਰਟੀ, ਡਾ. ਅੰਮ੍ਰਿਤ ਸੋਢੀ ਜ਼ਿਲ੍ਹਾ ਜਨਰਲ ਸਕੱਤਰ, ਬਲਬੀਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਅਸ਼ੋਕ ਕੁਮਾਰ ਗੁਪਤਾ ਬਲਾਕ ਪ੍ਰਧਾਨ ਫ਼ਿਰੋਜ਼ਪੁਰ, ਡਾ. ਪ੍ਰਦੀਪ ਰਾਣਾ ਸੀਨੀਅਰ ਆਗੂ, ਜੋਗਿੰਦਰ ਸਿੰਘ ਪ੍ਰਧਾਨ, ਕੁਲਦੀਪ ਸਿੰਘ ਮੱਲਾਂਵਾਲਾ, ਰਾਮਪਾਲ ਅਜ਼ਾਦ ਮੀਡੀਆ ਐਡਵਾਈਜ਼ਰ, ਰਾਜੇਸ਼ ਬੱਟੀ ਯੂਥ ਆਗੂ, ਸੁਖਜੀਤ ਸਿੰਘ ਆਦਿ ਹਾਜ਼ਰ ਸਨ।