ਕੇਂਦਰੀ ਜੇਲ੍ਹ 'ਚ ਸ਼ੱਕੀ ਹਲਾਤਾਂ 'ਚ ਹਵਾਲਾਤੀ ਦੀ ਮੌਤ

Last Updated: Jun 14 2018 17:22

ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚ ਬੀਤੇ ਦਿਨ ਹੀ ਜੇਲ੍ਹ ਲਿਆਂਦੇ ਇੱਕ ਹਵਾਲਾਤੀ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਹਵਾਲਾਤੀ ਦੀ ਪਛਾਣ ਸ਼ਮਸ਼ੇਰ ਸਿੰਘ (50) ਪੁੱਤਰ ਰਾਜ ਕੁਮਾਰ ਵਾਸੀ ਮੁਹੱਲਾ ਚਾਹ ਬੇਰੀਆਂ, ਬਸਤੀ ਸ਼ਮਸ਼ਦੀਨ ਜ਼ੀਰਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਜ਼ੀਰਾ ਪੁਲਿਸ ਵੱਲੋਂ ਉਕਤ ਹਵਾਲਾਤੀ ਨੂੰ 1170 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ, ਜਿਸ ਤੋਂ ਮਗਰੋਂ ਉਸ ਵਿਰੁੱਧ ਕੇਸ ਦਰਜ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਦਿਆਂ ਉਸ ਨੂੰ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਭੇਜ ਦਿੱਤਾ ਗਿਆ।

ਜਿੱਥੇ ਬੀਤੀ ਰਾਤ ਉਸ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਹੋ ਗਈ। ਉੱਧਰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਜਦੋਂ ਹਵਾਲਾਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜੇਲ੍ਹ ਮੁਲਾਜ਼ਮਾਂ ਵੱਲੋਂ ਲਿਜਾਇਆ ਗਿਆ ਤਾਂ ਉੱਥੇ ਪਹੁੰਚੇ ਹਵਾਲਾਤੀ ਦੇ ਪਰਿਵਾਰਿਕ ਮੈਂਬਰਾਂ ਨੇ ਜੇਲ੍ਹ ਮੁਲਾਜ਼ਮਾਂ ਅਤੇ ਜ਼ੀਰਾ ਪੁਲਿਸ 'ਤੇ ਮ੍ਰਿਤਕ ਹਵਾਲਾਤੀ ਸ਼ਮਸ਼ੇਰ ਸਿੰਘ ਦੀ ਕੁੱਟਮਾਰ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਬੇਰਹਿਮੀ ਨਾਲ ਕੁੱਟਮਾਰ ਕਾਰਨ ਹੀ ਸ਼ਮਸ਼ੇਰ ਸਿੰਘ ਦੀ ਮੌਤ ਹੋ ਗਈ ਹੈ। ਹਵਾਲਾਤੀ ਦੇ ਪਰਿਵਾਰਿਕ ਮੈਂਬਰਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਤੋਂ ਇਨਸਾਫ਼ ਦੀ ਗੁਹਾਰ ਲਗਾਈ।