ਭਾਜਪਾ ਆਗੂ ਸਣੇ 6 ਜਣਿਆਂ 'ਤੇ ਲੱਗਿਆ ਔਰਤ ਦੀ ਕੁੱਟਮਾਰ ਕਰਨ ਅਤੇ ਛੇੜਛਾੜ ਕਰਨ ਦਾ ਦੋਸ਼..!!

Last Updated: Jun 14 2018 16:55

ਨਜ਼ਦੀਕੀ ਪਿੰਡ ਸ਼ਾਹਦੀਨ ਵਾਲਾ ਦੇ ਰਹਿਣ ਵਾਲੇ ਇੱਕ ਭਾਜਪਾ ਆਗੂ ਅਤੇ ਉਸ ਦੇ ਸਾਥੀਆਂ 'ਤੇ ਇੱਕ ਔਰਤ ਦੀ ਕੁੱਟਮਾਰ ਕਰਨ ਅਤੇ ਛੇੜਛਾੜ ਕਰਨ ਦਾ ਦੋਸ਼ ਲੱਗਿਆ ਹੈ। ਇਸ ਸਬੰਧ ਵਿੱਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ 6 ਲੋਕਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੀ ਹੋਈ ਪਿੰਡ ਸ਼ਾਹਦੀਨ ਵਾਲਾ ਦੀ ਰਹਿਣ ਵਾਲੀ ਇੱਕ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਹੈ ਕਿ ਬੀਤੀ ਦੁਪਹਿਰ ਹਰਭਜਨ ਸਿੰਘ, ਸੁਖਜੀਤ ਸਿੰਘ, ਲਵਜੀਤ ਸਿੰਘ, ਦੀਪਕ ਸਿੰਘ ਅਤੇ ਪਿੰਡ ਦੇ ਹੀ ਹੋਰ ਵਿਅਕਤੀਆਂ ਨੇ ਹੀ ਹਮਮਸ਼ਵਰਾ ਹੋ ਕੇ ਉਸ ਦੇ ਘਰ ਦੇ ਬਾਹਰ ਬਣੀ ਗਲੀ ਨੂੰ ਕਬਜ਼ਾ ਕਰਨ ਦੀ ਨੀਯਤ ਨਾਲ ਪੁੱਟਣਾ ਸ਼ੁਰੂ ਕਰ ਦਿੱਤਾ।

ਔਰਤ ਨੇ ਦੋਸ਼ ਲਗਾਇਆ ਕਿ ਜਦੋਂ ਉਸ ਦੇ ਸੱਸ ਅਤੇ ਸਹੁਰੇ ਨੇ ਉਕਤ ਵਿਅਕਤੀਆਂ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹਿਆ ਤਾਂ ਉਕਤ ਵਿਅਕਤੀਆਂ ਨੇ ਘਰ ਦੇ ਅੰਦਰ ਦਾਖਲ ਹੋ ਕੇ ਉਸ ਨਾਲ ਛੇੜਛਾੜ ਕੀਤੀ ਅਤੇ ਉਸ ਦੇ ਸੱਸ ਸਹੁਰੇ ਦੀ ਵੀ ਕੁੱਟਮਾਰ ਕੀਤੀ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਔਰਤਾਂ ਦੇ ਬਿਆਨਾਂ ਨੂੰ ਕਲਮਬੰਦ ਕਰਦਿਆਂ ਹੋਇਆ ਹਰਭਜਨ ਸਿੰਘ ਪੁੱਤਰ ਨਿੱਕਾ ਸਿੰਘ, ਸੁਖਜੀਤ ਸਿੰਘ ਪੁੱਤਰ ਨਿੱਕਾ ਸਿੰਘ, ਲਵਜੀਤ ਸਿੰਘ ਪੁੱਤਰ ਹਰਭਜਨ ਸਿੰਘ, ਦੀਪਕ ਸਿੰਘ ਪੁੱਤਰ ਸੁਖਜੀਤ ਸਿੰਘ ਅਤੇ ਦੋ ਹੋਰ ਵਿਅਕਤੀਆਂ ਦੇ ਖ਼ਿਲਾਫ਼ 452, 447, 354, 355, 506, 323, 148, 149 ਆਈਪੀਸੀ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦਾਅਵਾ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ ਤਿੰਨਾਂ ਵਿਅਕਤੀਆਂ ਦੀ ਭਾਲ ਜਾਰੀ ਹੈ।