ਛੋਲੇ ਅਤੇ ਗੁੜ ਦਾ ਸੇਵਨ ਔਰਤਾਂ ਦੀ ਸਿਹਤ ਲਈ ਚੰਗਾ- ਨਵਦੀਪ ਕੌਰ

Last Updated: Jun 14 2018 17:06

ਔਰਤਾਂ ਨੂੰ ਛੋਲੇ ਅਤੇ ਗੁੜ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਦੀ ਸਿਹਤ ਲਈ ਬੇਹਦ ਲਾਹੇਵੰਦ ਹੈ। ਇਹ ਦੋਵੇਂ ਚੀਜ਼ਾਂ ਆਇਰਨ ਤੱਤ ਨਾਲ ਭਰਪੂਰ ਹੁੰਦਿਆਂ ਹਨ ਤੇ ਅਕਸਰ ਹੀ ਆਇਰਨ ਤੱਤ ਦੀ ਕੰਮੀ ਕਰਕੇ ਔਰਤਾਂ 'ਚ ਮਾਹਵਾਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਹ ਪ੍ਰਗਟਾਵਾ ਅੱਜ ਸਰਕਾਰੀ ਹਸਪਤਾਲ 'ਚ ਔਰਤਾਂ ਦੀ ਮਾਹਵਾਰੀ ਨੂੰ ਲੈ ਕੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਡਾਇਟੀਸ਼ੀਅਨ ਨਵਦੀਪ ਕੌਰ ਨੇ ਔਰਤਾਂ ਨੂੰ ਜਾਣਕਾਰੀ ਦਿੰਦਿਆਂ ਕੀਤਾ। ਜ਼ਿਲ੍ਹਾ ਸਿਵਲ ਸਰਜਨ ਫ਼ਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੇ ਨਿਰਦੇਸ਼ਾਂ 'ਤੇ ਅੱਜ ਸਿਵਲ ਹਸਪਤਾਲ ਵਿੱਚ ਔਰਤਾਂ ਨੂੰ ਮਾਹਵਾਰੀ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਆਸ਼ਾ ਵਰਕਰਾਂ, ਏ.ਐਨ.ਐਮ ਸਮੇਤ ਪਿੰਡਾਂ ਤੋਂ ਆਈਆਂ ਔਰਤਾਂ ਨੂੰ ਇਸ ਦੌਰਾਨ ਆਉਣ ਵਾਲੀ ਪਰੇਸ਼ਾਨੀ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ‘ਤੇ ਡਾਇਟੀਸ਼ੀਅਨ ਨਵਦੀਪ ਕੌਰ ਨੇ ਕਿਹਾ ਕਿ ਮਾਹਵਾਰੀ ਦੌਰਾਨ ਆਉਣ ਵਾਲੀ ਪਰੇਸ਼ਾਨੀ ਨੂੰ ਘਰੇਲੂ ਨੁਸਖ਼ੇ ਰਾਹੀਂ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਅਨੁਸਾਰ ਖਾਣ-ਪੀਣ ਵਿੱਚ ਸੰਤੁਲਨ ਰੱਖਕੇ ਹੀ ਇਸ ਨੂੰ ਵੀ ਸੰਤੁਲਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਅਨੁਸਾਰ ਔਰਤਾਂ 'ਚ ਸਭ ਤੋਂ ਵੱਧ ਆਇਰਨ ਦੀ ਘਾਟ ਹੁੰਦੀ ਹੈ ਜੋ ਕਿ ਰੋਜ਼ਾਨਾ ਗੁੜ ਅਤੇ ਛੋਲੇ ਖਾਣ ਨਾਲ ਦੂਰ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵਿਟਾਮਿਨ ਡੀ ਲਈ ਤੜਕੇ ਚੜ੍ਹਦੇ ਸੂਰਜ ਦੀ ਰੌਸ਼ਨੀ 'ਚ ਕੁਝ ਸਮਾਂ ਬਿਤਾਣਾ ਚਾਹੀਦਾ ਹੈ ਅਤੇ ਨਾਸ਼ਤੇ ਜਾਂ ਖਾਣਾ ਖਾਣ ਦੇ ਨਾਲ ਕਦੇ ਵੀ ਚਾਹ-ਕਾਫ਼ੀ ਨਹੀਂ ਪੀਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਬਾਲ ਸਮੇਂ ਤੋਂ ਪਹਿਲਾਂ ਚਿੱਟੇ ਹੋ ਜਾਂਦੇ ਹਨ ਉਹ ਦਲੀਆ ਵੱਧ ਖਾਣ ਇਸ ਨਾਲ ਚਿੱਟੇ ਬਾਲ ਆਉਣ 'ਚ ਫ਼ਰਕ ਪੈਂਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਸੁੰਦਰ ਅਤੇ ਜਵਾਨ ਦਿਖਾਉਣ ਲਈ ਵਰਤੇ ਜਾਂਦੇ ਕਈ ਤਰ੍ਹਾਂ ਦੇ ਪਦਾਰਥ ਅਤੇ ਮੈਡੀਸਨ ਦਾ ਦੁਸ਼ਪ੍ਰਭਾਵ ਬਾਅਦ ਵਿੱਚ ਸਾਹਮਣੇ ਆਉਂਦਾ ਹੈ ਪਰ ਜੇਕਰ ਸੰਤੁਲਿਤ ਆਹਾਰ ਲਿਆ ਜਾਂਦਾ ਰਹੇ ਤਾਂ ਤਨ ਦੀ ਸੁੰਦਰਤਾ ਅਤੇ ਚਿਹਰੇ ਦੀ ਚਮਕ ਲੰਬੀ ਉਮਰ ਤੱਕ ਕਾਇਮ ਰਹਿੰਦੀ ਹੈ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋ ਦੂਰ ਰਿਹਾ ਜਾ ਸਕਦਾ ਹੈ। ਉਨ੍ਹਾਂ ਔਰਤਾਂ ਨੂੰ ਆਇਰਨ ਯੁਕਤ ਚੀਜ਼ਾਂ ਛੋਲੇ, ਗੁੜ ਆਦੀ ਦਾ ਵੱਧ ਸੇਵਨ ਕਰਨ ਦੀ ਸਲਾਹ ਦਿੱਤੀ ਹੈ।